ਕਾਂਗਰਸੀ ਸ਼ਹੀਦ ਫੌਜੀਆਂ ਨੂੰ ਸ਼ਰਧਾਂਜਲੀ ਦੇਣ ਲਈ ਇਕ ਘੰਟਾ ਮੌਨ ਧਾਰਨ ’ਚ ਅਸਫਲ ਰਹੇੇ
Saturday, Jun 27, 2020 - 06:46 PM (IST)
ਜਲੰਧਰ(ਚੋਪੜਾ) – ਕਾਂਗਰਸ ਦੇਸ਼ ਦੀ ਰੱਖਿਆ ਲਈ ਆਪਣੇ ਪ੍ਰਾਣਾਂ ਦੀ ਸ਼ਹਾਦਤ ਦੇਣ ਵਾਲੇ ਸ਼ਹੀਦ ਫੌਜੀਆਂ ਨੂੰ ਲੈ ਕੇ ਕਿੰਨੀ ਸੰਜੀਦਾ ਹੈ, ਇਸ ਦਾ ਅੰਦਾਜ਼ਾ ਅੱਜ ਜ਼ਿਲਾ ਕਾਂਗਰਸ ਵਲੋਂ ਸਥਾਨਕ ਵਾਰ ਮੈਮੋਰੀਅਲ ਵਿਚ ਐਲਾਨੇ ਇਕ ਘੰਟੇ ਦੇ ਮੌਨ ਪ੍ਰੋਗਰਾਮ ਨੂੰ ਦੇਖਣ ਤੋਂ ਮਿਲਿਆ, ਜਿਥੇ ਕਾਂਗਰਸ ਦੇ ਨੇਤਾ ਸ਼ਹੀਦਾਂ ਲਈ ਇਕ ਘੰਟਾ ਵੀ ਮੌਨ ਧਾਰਨ ਕਰ ਕੇ ਬੈਠਣ ਵਿਚ ਅਸਫਲ ਸਾਬਿਤ ਹੋਏ। ਵੈਸੇ ਤਾਂ ਸੂਬਾ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਨੇ ਸੂਬੇ ਭਰ ਦੇ ਜ਼ਿਲਾ ਹੈੱਡਕੁਆਰਟਰਾਂ ਵਿਚ ਸਵੇਰੇ 11 ਤੋਂ 12 ਵਜੇ ਤੱਕ ਦਾ ਮੌਨ ਰੱਖਣ ਦਾ ਪ੍ਰੋਗਰਾਮ ਕਰਨ ਦਾ ਨਿਰਦੇਸ਼ ਦਿੱਤਾ ਸੀ ਪਰ ਪ੍ਰੋਗਰਾਮ ਸਥਾਨ ’ਤੇ 11.15 ਵਜੇ ਜਦੋਂ ਸੰਸਦ ਮੈਂਬਰ ਸੰਤੋਖ ਚੌਧਰੀ ਇਕੱਲੇ ਪਹੁੰਚੇ ਤਾਂ ਉਥੇ ਸਿਰਫ 2-3 ਕਾਂਗਰਸੀ ਨੇਤਾ ਹੀ ਮੌਜੂਦ ਸਨ, ਹਾਲਾਂਕਿ ਜ਼ਿਲਾ ਮਹਿਲਾ ਕਾਂਗਰਸ ਦੀ ਪ੍ਰਧਾਨ ਜਸਲੀਨ ਸੇਠੀ ਆਪਣੀ ਟੀਮ ਨਾਲ ਸਮੇਂ ’ਤੇ ਪਹੁੰਚ ਕੇ ਮੈਮੋਰੀਅਲ ਦੀ ਮੁੱੱਖ ਰੋਡ ਦੀਆਂ ਪੌੜੀਆਂ ’ਤੇ ਮੌਨ ਧਾਰਨ ਕਰ ਕੇ ਬੈਠ ਚੁੱਕੀ ਸੀ ਪਰ ਜਦੋਂ ਸੰਸਦ ਮੈਂਬਰ ਚੌਧਰੀ ਨੂੰ ਪਤਾ ਲੱਗਿਆ ਕਿ ਜ਼ਿਲਾ ਕਾਂਗਰਸ ਦੇ ਪ੍ਰੋਗਰਾਮ ਵਿਚ ਅਜੇ ਤੱਕ ਨੇਤਾ ਅਤੇ ਵਰਕਰ ਨਹੀਂ ਆਏ ਤਾਂ ਉਨ੍ਹਾਂ ਨੇ ਜਲਦੀ-ਜਲਦੀ ਵਿਚ ਔਰਤਾਂ ਵਿਚਕਾਰ ਬੈਠਣ ਵਿਚ ਹੀ ਭਲਾਈ ਸਮਝੀ।
ਬਲਦੇਵ ਦੇਵ, ਵਿਧਾਇਕ ਰਾਜਿੰਦਰ ਬੇਰੀ, ਮੇਅਰ ਜਗਦੀਸ਼ ਰਾਜਾ ਅਤੇ ਹੋਰ ਨੇਤਾ 11.30 ਦੇ ਕਰੀਬ ਪ੍ਰੋਗਰਾਮ ਵਿਚ ਸ਼ਾਮਲ ਹੋਏ ਅਤੇ ਕਿਸੇ ਤਰ੍ਹਾਂ ਸਮਾਂ ਬਿਤਾ ਕੇ 12 ਵਜੇ ਹੀ ਮੌਨ ਖਤਮ ਕਰ ਕੇ ਉੱਠ ਗਏ। ਇਸ ਉਪਰੰਤ ਕਾਂਗਰਸੀ ਨੇਤਾਵਾਂ ਨੇ ਮੋਮਬੱਤੀਆਂ ਬਾਲ ਕੇ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ। ਇਸ ਦੌਰਾਨ ਬਲਦੇਵ ਸਿੰਘ ਦੇਵ, ਵਿਧਾਇਕ ਰਾਜਿੰਦਰ ਬੇਰੀ, ਮੇਅਰ ਜਗਦੀਸ਼ ਰਾਜਾ, ਮਹਿਲਾ ਕਾਂਗਰਸ ਦੀ ਪ੍ਰਧਾਨ ਡਾ. ਜਸਲੀਨ ਸੇਠੀ, ਕੌਂਸਲਰ ਪਵਨ ਕੁਮਾਰ ਅਤੇ ਹੋਰਾਂ ਨੇ ਕਿਹਾ ਕਿ ਅੱਜ ਕਾਂਗਰਸੀ ਵਰਕਰਾਂ ਨੇ ਮੌਨ ਵਰਤ ਰੱਖ ਕੇ ਚੀਨ ਸਰਹੱਦ ’ਤੇ ਸ਼ਹੀਦ ਹੋਏ ਫੌਜੀਆਂ ਨੂੰ ਸ਼ਰਧਾਂਜਲੀ ਅਰਪਿਤ ਕੀਤੀ।ਕਾਂਗਰਸੀਆਂ ਨੇ ਫੌਜੀਆਂ ਦੀ ਵੀਰਤਾ ਅਤੇ ਸਾਹਸ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਧੋਖੇ ਨਾਲ ਕੀਤੇ ਗਏ ਵਾਰ ਦਾ ਹਿੰਦੁਸਤਾਨ ਦੇ ਫੌਜੀਆਂ ਨੇ ਬਹਾਦਰੀ ਨਾਲ ਜਵਾਬ ਦਿੱਤਾ। ਉਨ੍ਹਾਂ ਕਿਹਾ ਕਿ ਚਾਹੇ ਗਲਵਾਨ ਘਾਟੀ ’ਤੇ ਸਾਡੇ ਫੌਜੀ ਘੱਟ ਸਨ ਪਰ ਫਿਰ ਵੀ ਉਨ੍ਹਾਂ ਨੇ ਹਾਰ ਨਹੀਂ ਮੰਨੀ ਅਤੇ ਚੀਨ ਦੇ 40-50 ਫੌਜੀਆਂ ਨੂੰ ਮਿੱਟੀ ਵਿਚ ਮਿਲਾ ਕੇ ਸਾਬਿਤ ਕਰ ਦਿੱਤਾ ਕਿ ਭਾਰਤ ਨਾ ਤਾਂ ਕਿਸੇ ਦੇ ਅੱਗੇ ਝੁਕਿਆ ਹੈ ਅਤੇ ਨਾ ਹੀ ਕਦੇ ਝੁਕੇਗਾ। ਇਸ ਮੌਕੇ ਸੂਬਾ ਕਾਂਗਰਸ ਦੇ ਜਨਰਲ ਸਕੱਤਰ ਅੰਮ੍ਰਿਤ ਖੋਸਲਾ,ਜਗਦੀਸ਼ ਗੱਗ, ਰੋਹਨ ਚੱਢਾ, ਸ਼ੈਰੀ ਮੱਕੜ, ਮੁਕੇਸ਼ ਗਰੋਵਰ, ਯਸ਼ਪਾਲ ਸਫਰੀ, ਬਲਾਕ ਕਾਂਗਰਸ ਪ੍ਰਧਾਨ ਦੀਪਕ ਸ਼ਰਮਾ ਅਤੇ ਪ੍ਰੇਮ ਦਕੋਹਾ, ਗੁਰਕਿਰਪਾਲ ਭੱਟੀ, ਨਿਰਮਲਾ ਮੱਟੂ, ਰਣਜੀਤ ਕੌਰ,ਨਿਰਦੋਸ਼ ਗੌਰੀ, ਮਹਿੰਦਰ ਕੌਰ, ਸੁਰਜੀਤ ਕੌਰ, ਸ਼ੀਲਾ, ਰੀਮਾ ਤ੍ਰੇਹਣ, ਗੁਰਬਚਨ ਸਿੰਘ, ਮੁਕੇਸ਼ ਗਰੋਵਰ, ਰਵਿੰਦਰ ਸਿੰਘ ਰਵੀ,ਹਰਜੀਤ ਸਿੰਘ ਬਿੱਕਾ ਆਦਿ ਮੌਜੂਦ ਸਨ।
ਸ਼ਹੀਦਾਂ ਲਈ ਮੌਨ ਧਾਰਨ ਦੌਰਾਨ ਫੋਨ ’ਤੇ ਆਪਸ ਵਿਚ ਗੱਲਾਂ ਕਰਦੇ ਰਹੇ ਕਾਂਗਰਸੀ
ਮੌਨ ਧਾਰਨ ਪ੍ਰੋਗਰਾਮ ਵਿਚ ਆਪਸ ਵਿਚ ਗੱਲਾਂ ਕਰਦੇ ਸੰਸਦ ਮੈਂਬਰ ਸੰਤੋਖ ਚੌਧਰੀ,ਡਾ. ਜਸਲੀਨ ਸੇਠੀ ਤੇ ਬਲਦੇਵ ਦੇਵ
ਸ਼ਹੀਦਾਂ ਦੀ ਸ਼ਹਾਦਤ ਸਬੰਧੀ ਦਿੱਤੀ ਜਾਣ ਵਾਲੀ ਸ਼ਰਧਾਂਜਲੀ ਵਿਚ ਮਾਹੌਲ ਤਾਂ ਗਮਗੀਨ ਹੋਣਾ ਚਾਹੀਦਾ ਸੀ ਪਰ ਇਕ ਘੰਟਾ ਦਾ ਮੌਨ ਧਾਰਨ ਨਾ ਕਰ ਪਾਉਣ ਵਾਲੇ ਕਾਂਗਰਸੀ ਜਿੰਨਾ ਸਮਾਂ ਵੀ ਉਥੇ ਬੈਠੇ,ਉਸ ਦੌਰਾਨ ਉਹ ਆਪਸ ਵਿਚ ਫੋਨ ’ਤੇ ਗੱਲਾਂ ਕਰਨ ਵਿਚ ਬਿਜ਼ੀ ਰਹੇ, ਜਿਸ ਨੂੰ ਦੇਖ ਕੇ ਲੱਗਦਾ ਸੀ ਕਿ ਜਿਵੇਂ ਉਹ ਕੇਵਲ ਮਜਬੂਰੀਵੱਸ ਖਾਨਾਪੂਰਤੀ ਕਰਨ ਅਤੇ ਫੋਟੋ ਸੈਸ਼ਨ ਕਰਵਾਉਣ ਉਥੇ ਆਏ ਹਨ।
ਮੌਨ ਧਾਰਨ ਕਰਨ ਦੀ ਬਜਾਏ ਫੋਨ ’ਤੇ ਗੱਲਬਾਤ ਕਰਦੇ ਵਿਧਾਇਕ ਰਾਜਿੰਦਰ ਬੇਰੀ
ਆਖਿਰਕਾਰ 11.40 ’ਤੇ ਖੁਦ ਹੀ ਕਿਰਕਿਰੀ ਤੋਂ ਬਚਣ ਲਈ ਡੇਗਿਆ ਟੈਂਟ
11 ਵਜੇ ਦੇ ਪ੍ਰੋਗਰਾਮ ਦੌਰਾਨ ਵਿਧਾਇਕ ਰਾਜਿੰਦਰ ਬੇਰੀ ਦੇ ਆਫਿਸ ਇੰਚਾਰਜ ਰਵਿੰਦਰ ਸਿੰਘ ਰਵੀ ਅਤੇ ਜ਼ਿਲਾ ਕਾਂਗਰਸ ਦਫਤਰ ਇੰਚਾਰਜ ਹਰਜੀਤ ਸਿੰਘ ਵਾਰ ਮੈਮੋਰੀਅਲ ਦੇ ਅੰਦਰ ਟੈਂਟ ਲਗਾ ਕੇ ਉਸ ’ਤੇ ਸ਼ਹੀਦਾਂ ਦੇ ਬੈਨਰ ਲਗਾਉਂਦੇ ਰਹੇ ਪਰ ਲੇਟ-ਲਤੀਫੀ ਕਾਰਣ ਘੱਟ ਹਾਜ਼ਰੀ ਨੂੰ ਦੇਖਦੇ ਹੋਏ ਜੋ ਕਾਂਗਰਸੀ ਆਏ ਵੀ ਸਨ, ਉਹ ਮੈਮੋਰੀਅਲ ਦੀਆਂ ਪੌੜੀਆਂ ’ਤੇ ਹੀ ਬੈਠ ਗਏ,ਜਿਸ ਕਾਰਣ ਕਾਂਗਰਸ ਦੀਆਂ ਸਾਰੀਆਂ ਤਿਆਰੀਆਂ ਧਰੀਆਂ-ਧਰਾਈਆਂ ਰਹਿ ਗਈਆਂ। ਮੌਜੂਦਾ ਹਾਲਾਤ ਨਾਲ ਕਾਂਗਰਸ ਦੀ ਕਿਰਕਿਰੀ ਨਾ ਹੋਵੇ, ਇਸ ਤੋਂ ਬਚਣ ਲਈ ਕਾਂਗਰਸੀ ਵਰਕਰਾਂ ਨੇ ਚੁੱਪ-ਚੁਪੀਤੇ ਟੈਂਟ ਨੂੰ 11.40 ਵਜੇ ਖੁਦ ਹੀ ਡੇਗ ਦਿੱਤਾ, ਹਾਲਾਂਕਿ ਬਲਦੇਵ ਦੇਵ ਨੇ ਕਿਹਾ ਕਿ ਕੋਰੋਨਾ ਵਾਇਰਸ ਕਾਰਣ ਜ਼ਿਆਦਾਤਰ ਨੇਤਾਵਾਂ ਅਤੇ ਵਰਕਰਾਂ ਨੂੰ ਨਹੀਂ ਸੱਦਿਆ ਗਿਆ ਸੀ।
ਸੰਸਦ ਮੈਂਬਰ ਚੌਧਰੀ, ਵਿਧਾਇਕ, ਮੇਅਰ ਤੇ ਹੋਰ ਨੇਤਾਵਾਂ ਨੇ ਸੋਸ਼ਲ ਡਿਸਟੈਂਸ ਦੀਆਂ ਉਡਾਈਆਂ ਧੱਜੀਆਂ
ਮੌਨ ਧਾਰਨ ਪ੍ਰੋਗਰਾਮ ਦੌਰਾਨ ਸੋਸ਼ਲ ਡਿਸਟੈਂਸ ਦੀਆਂ ਜੰਮ ਕੇ ਧੱਜੀਆਂ ਉੱਡਦੀਆਂ ਰਹੀਆਂ। ਪੂਰੇ ਪ੍ਰੋਗਰਾਮ ਵਿਚ ਸਾਰੇ ਕਾਂਗਰਸੀ ਨੇਤਾ ਅਤੇ ਵਰਕਰ ਇਕੱਠੇ ਝੁੰਡ ਬਣਾ ਕੇ ਬੈਠੇ ਰਹੇ। ਇਸ ਦੌਰਾਨ ਉਨ੍ਹਾਂ ਨੇ ਕੋਵਿਡ-19 ਦੇ ਨਿਯਮਾਂ ਦੀ ਪਾਲਣਾ ਕਰਦੇ ਹੋਏ ਆਪਸ ਵਿਚ ਨਿਰਧਾਰਿਤ ਦੂਰੀ ਨੂੰ ਬਣਾਈ ਰੱਖਣਾ ਵੀ ਜ਼ਰੂਰੀ ਨਹੀਂ ਸਮਝਆ। ਇਸ ਦੌਰਾਨ ਮੌਕੇ ’ਤੇ ਤਾਇਨਾਤ ਪੁਲਸ ਅਧਿਕਾਰੀ ਅਤੇ ਕਰਮਚਾਰੀ ਵੀ ਨੇਤਾਵਾਂ ਵਲੋਂ ਨਿਯਮਾਂ ਦੀ ਉਲੰਘਣਾ ਕਰਨ ਸਬੰਧੀ ਚਲਾਨ ਕੱਟਣ ਦੀ ਬਜਾਏ ਮੂਕ ਦਰਸ਼ਕ ਬਣ ਕੇ ਨਜ਼ਾਰਾ ਦੇਖਦੇ ਹੋਏ। ਇਕ ਪੁਲਸ ਅਧਿਕਾਰੀ ਨੇ ਨਾਂ ਨਾ ਛਾਪਣ ਦੀ ਸ਼ਰਤ ’ਤੇ ਦੱਸਿਆ ਕਿ ਜਦੋਂ ਸੰਸਦ ਮੈਂਬਰ ਚੌਧਰੀ ਅਤੇ ਵਿਧਾਇਕ ਅਤੇ ਮੇਅਰ ਵਰਗੇ ਜਨ ਪ੍ਰਤੀਨਿਧੀ ਕੋਰੋਨਾ ਵਾਇਰਸ ਸਬੰਧੀ ਜਾਰੀ ਗਾਈਡਲਾਈਨ ਦੀ ਉਲੰਘਣਾ ਕਰਨਗੇ ਤਾਂ ਆਮ ਜਨਤਾ ਤੋਂ ਆਖਿਰ ਕੀ ਉਮੀਦ ਕੀਤੀ ਜਾ ਸਕਦੀ ਹੈ।
ਵਿਧਾਇਕਾਂ, ਕੌਂਸਲਰਾਂ ਅਤੇ ਸੀਨੀਅਰ ਕਾਂਗਰਸੀ ਨੇਤਾਵਾਂ ਨੇ ਸੁਨੀਲ ਜਾਖੜ ਦੇ ਪ੍ਰੋਗਰਾਮ ਨੂੰ ਨਹੀਂ ਦਿੱਤੀ ਕੋਈ ਤਵੱਜੋਂ
ਸੂਬਾ ਪ੍ਰਧਾਨ ਵਲੋਂ ਦਿੱਤੇ ਪ੍ਰੋਗਰਾਮ ਸਬੰਧੀ ਵਿਧਾਇਕਾਂ, ਕੌਂਸਲਰਾਂ ਅਤੇ ਸੀਨੀਅਰ ਕਾਂਗਰਸੀ ਨੇਤਾਵਾਂ ਨੇ ਕੋਈ ਤਵੱਜੋਂ ਨਹੀਂ ਦਿੱਤੀ। ਪ੍ਰੋਗਰਾਮ ਵਿਚ ਵਿਧਾਇਕ ਪਰਗਟ ਸਿੰਘ, ਵਿਧਾਇਕ ਸੁਸ਼ੀਲ ਰਿੰਕੂ, ਵਿਧਾਇਕ ਬਾਵਾ ਹੈਨਰੀ, ਸਾਬਕਾ ਸੰਸਦ ਮੈਂਬਰ ਮਹਿੰਦਰ ਸਿੰਘ ਕੇ. ਪੀ., ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਦਲਜੀਤ ਸਿੰਘ ਆਹਲੂਵਾਲੀਆ ਸਮੇਤ ਜ਼ਿਆਦਾਤਰ ਕੌਂਸਲਰਾਂ, ਵੱਖ-ਵੱਖ ਵਿਭਾਗਾਂ ਦੇ ਬਣੇ ਵਰਕਰਾਂ, ਬਲਾਕ ਕਾਂਗਰਸ ਪ੍ਰਧਾਨਾਂ, ਯੂਥ ਕਾਂਗਰਸ ਨੇਤਾ ਗੈਰ-ਮੌਜੂਦ ਰਹੇ। ਜ਼ਿਲਾ ਕਾਂਗਰਸ ਦੇ ਪ੍ਰਧਾਨ ਬਲਦੇਵ ਸਿੰਘ ਦੇਵ ਨੇ ਕਿਹਾ ਕਿ ਕੋਰੋਨਾ ਮਹਾਮਾਰੀ ਕਾਰਣ ਉਨ੍ਹਾਂ ਨੇ ਜ਼ਿਆਦਾ ਭੀੜ ਇਕੱਠੀ ਨਾ ਹੋਵੇ,ਇਸ ਲਈ ਘੱਟ ਗਿਣਤੀ ਵਿਚ ਕਾਂਗਰਸੀਆਂ ਨੂੰ ਸੱਦਿਆ ਸੀ।