ਲਾਈਨਮੈਨ ਦੀ ਕੁੱਟਮਾਰ ਦੇ ਦੋਸ਼ੀ ਗ੍ਰਿਫਤਾਰ ਨਾ ਕਰਨ ‘ਤੇ ਕਮੇਟੀ ਨੇ ਦਿੱਤੀ ਸੰਘਰਸ਼ ਦੀ ਚਿਤਾਵਨੀ

Tuesday, Jul 21, 2020 - 06:09 PM (IST)

ਲਾਈਨਮੈਨ ਦੀ ਕੁੱਟਮਾਰ ਦੇ ਦੋਸ਼ੀ ਗ੍ਰਿਫਤਾਰ ਨਾ ਕਰਨ ‘ਤੇ ਕਮੇਟੀ ਨੇ ਦਿੱਤੀ ਸੰਘਰਸ਼ ਦੀ ਚਿਤਾਵਨੀ

ਟਾਂਡਾ( ਵਰਿੰਦਰ ਪੰਡਿਤ ) - ਟੈਕਨੀਕਲ ਸਰਵਿਸ ਯੂਨੀਅਨ ਵਲੋਂ ਮੁਲਾਜ਼ਮ ਮੰਗਾਂ ਲਈ ਖੁਣਖੁਣ ਕਲਾਂ ਵਿਖੇ ਮੀਟਿੰਗ ਜੁਆਇੰਟ ਐਕਸ਼ਨ ਕਮੇਟੀ ਪੀ ਐਂਡ ਐਮ ਦੇ ਕਨਵੀਨਰ ਅਤੇ ਟੀਐਸਯੂ ਦੇ ਮੰਡਲ ਪ੍ਰਧਾਨ ਅਵਤਾਰ ਸਿੰਘ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਵਿਚ ਮੁਕੇਰੀਆਂ ਉਪ ਮੰਡਲ ਅਧੀਨ ਸ਼ਰਾਬੀ ਨੌਜਵਾਨਾਂ ਵਲੋਂ ਲਾਈਨਮੈਨ ਦੀ ਡਿਊਟੀ ਦੌਰਾਨ ਕੁੱਟਮਾਰ ਕਰਨ ਅਤੇ ਉਸਦੀ ਦਸਤਾਰ ਦੀ ਬੇਅਦਬੀ ਕਰਨ ਦੀ ਸਖ਼ਤ ਨਿਖੇਧੀ ਕੀਤੀ ਗਈ। ਜਥੇਬੰਦੀ ਨੇ ਸਖਤ ਧਾਰਾਵਾਂ ਅਧੀਨ ਮਾਮਲਾ ਦਰਜ਼ ਹੋਣ ਦੇ ਬਾਵਜੂਦ ਮੁਕੇਰੀਆਂ ਪੁਲਸ ਵਲੋਂ ਲਾਈਨਮੈਨ ਦੀ ਕੁੱਟਮਾਰ ਕਰਨ ਵਾਲੇ ਦੋਸ਼ੀਆਂ ਨੂੰ ਗ੍ਰਿਫਤਾਰ ਨਾ ਕਰਨ ਖਿਲਾਫ਼ ਰੋਸ ਪ੍ਰਗਟ ਕੀਤਾ ਗਿਆ।

ਇਸ ਮੌਕੇ ਪ੍ਰਧਾਨ ਅਵਤਾਰ ਸਿੰਘ ਨੇ ਕਿਹਾ ਕਿ ਡਿਊਟੀ ਦੌਰਾਨ ਲਾਈਨਮੈਨ ਦੀ ਕੁੱਟਮਾਰ ਕਰਨਾ ਤੇ ਦਸਤਾਰ ਦੀ ਬੇਅਬਦੀ ਕਰਨਾ ਅਤਿ ਘਿਨਾਉਣੀ ਕਾਰਵਾਈ ਹੈ। ਪਰ ਪੁਲਸ ਵਲੋਂ ਸਿਆਸੀ ਰਸੂਖ ਵਾਲੇ ਕੁੱਟਮਾਰ ਦੇ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਦੀ ਥਾਂ ਕੁੱਟਮਾਰ ਦੇ ਸ਼ਿਕਾਰ ਲਾਈਨਮੈਨ ‘ਤੇ ਆਪਸੀ ਰਾਜੀਨਾਮੇ ਲਈ ਦਬਾਅ ਬਣਾਇਆ ਜਾ ਰਿਹਾ ਹੈ। ਜਿਸ ਦੇ ਖ਼ਿਲਾਫ਼ ਮੁਲਾਜ਼ਮਾਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜੇਕਰ ਕੋਰੋਨਾ ਲਾਗ ਦੌਰਾਨ ਡਿਊਟੀ ਕਰਨ ਵਾਲੇ ਸਰਕਾਰੀ ਮੁਲਾਜ਼ਮ ਹੀ ਸੁਰੱਖਿਅਤ ਨਹੀਂ ਹਨ ਤਾਂ ਆਮ ਲੋਕਾਂ ਦੀ ਸੁਰੱਖਿਆ ਤਾਂ ਰੱਬ ਆਸਰੇ ਹੈ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਪੁਲਸ ਨੇ ਲਾਈਨਮੈਨ ਦੀ ਕੁੱਟਮਾਰ ਦੇ ਦੋਸ਼ੀਆਂ ਨੂੰ ਤੁਰੰਤ ਗ੍ਰਿਫਤਾਰ ਨਾ ਕੀਤਾ ਤਾਂ ਜੁਆਇੰਟ ਐਕਸ਼ਨ ਕਮੇਟੀ ਅਗਲੇ ਸੰਘਰਸ਼ ਲਈ ਮਜ਼ਬੂਰ ਹੋਵੇਗੀ, ਜਿਸ ਵਿਚ ਤਿੱਖੇ ਫੈਸਲੇ ਵੀ ਲਏ ਜਾ ਸਕਦੇ ਹਨ।

ਇਸ ਮੌਕੇ ਮੁਲਾਜ਼ਮਾਂ ਮੰਗਾਂ ਸਬੰਧੀ ਮੰਗ ਪੱਤਰ ਤਿਆਰ ਕਰਕੇ ਵਧੀਕ ਨਿਗਰਾਨ ਇੰਜੀਨੀਅਰ ਦਸੂਹਾ ਨੂੰ ਭੇਜਿਆ ਗਿਆ ਅਤੇ ਮੰਗ ਕੀਤੀ ਗਈ ਕਿ ਮੁਲਾਜ਼ਮਾਂ ਦੀਆਂ ਮੰਗਾਂ ਦਾ ਜਲਦ ਹੱਲ ਨਾ ਕੀਤਾ ਗਿਆ ਤਾਂ ਜੁਆਇੰਟ ਐਕਸ਼ਨ ਕਮੇਟੀ ਅਗਲੇ ਐਕਸ਼ਨ ਦਾ ਐਲਾਨ ਕਰ ਦੇਵੇਗੀ। ਇਸ ਮੌਕੇ ਮੰਡਲ ਦੇ ਉੱਪ ਪ੍ਰਧਾਨ ਜਗਜੀਤ ਸਿੰਘ, ਬਲਵੀਰ ਸਿੰਘ, ਉੱਪ ਮੰਡਲ ਸਬ ਅਰਬਨ ਦੇ ਪ੍ਰਧਾਨ ਸ਼ਿਵਦਾਸ ਸਿੰਘ, ਮੀਤ ਪ੍ਰਧਾਨ ਨਰਿੰਦਰ ਕੁਮਾਰ ਨੀਟਾ, ਕੈਸ਼ੀਅਰ ਲਵਪ੍ਰੀਤ ਸਿੰਘ, ਸੁਰਿੰਦਰ ਸਿੰਘ, ਕੁਲਵੰਤ ਸਿੰਘ, ਪਲਵਿੰਦਰ ਸਿੰਘ ਆਦਿ ਵੀ ਹਾਜ਼ਰ ਸਨ।


author

Harinder Kaur

Content Editor

Related News