ਦਰਿਆ ਕੰਢਿਓਂ ਅਣਪਛਾਤੇ ਵਿਅਕਤੀ ਦੀ ਲਾਸ਼ ਬਰਾਮਦ
Friday, Sep 27, 2019 - 07:29 PM (IST)

ਨੂਰਪੁਰਬੇਦੀ, (ਭੰਡਾਰੀ)- ਸਰਾਏਂ ਪੱਤਣ (ਹੇਠਲਾ ਸ਼ਾਹਪੁਰ) ਵਿਖੇ ਸਤਲੁਜ ਦਰਿਆ ’ਤੇ ਬਣੇ ਵੱਡੇ ਪੁਲ ਦੇ ਲਾਗੇ ਨੂਰਪੁਰਬੇਦੀ ਵਾਲੀ ਸਾਈਡ ’ਤੇ ਇਕ ਅਣਪਛਾਤੇ ਵਿਅਕਤੀ ਦੀ ਲਾਸ਼ ਮਿਲਣ ਦਾ ਸਮਾਚਾਰ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਨੂਰਪੁਰਬੇਦੀ ਦੇ ਏ.ਐੱਸ.ਆਈ. ਲੇਖਾ ਸਿੰਘ ਨੇ ਦੱਸਿਆ ਕਿ ਪੁਲਸ ਨੂੰ ਸੂਚਨਾ ਮਿਲੀ ਸੀ ਕਿ ਸਤਲੁਜ ਦਰਿਆ ਦੇ ਕੰਢੇ ਨੂਰਪੁਰਬੇਦੀ ਵਾਲੀ ਸਾਈਡ ’ਤੇ ਵੱਡੇ ਪੁਲ ਦੇ ਨਜ਼ਦੀਕ ਸਰਾਏਂ ਪੱਤਣ (ਹੇਠਲੇ ਸ਼ਾਹਪੁਰ) ਵਿਖੇ ਇਕ ਅਣਪਛਾਤੇ ਵਿਅਕਤੀ ਦੀ ਲਾਸ਼ ਪਈ ਹੋਈ ਹੈ। ਉਨ੍ਹਾਂ ਕਿਹਾ ਕਿ ਉਕਤ ਲਾਸ਼ ਦੀ ਸ਼ਨਾਖਤ ਨਹੀਂ ਹੋ ਸਕੀ ਹੈ ਤੇ ਜਿਸ ਨੂੰ ਕਬਜ਼ੇ ’ਚ ਲੈ ਕੇ ਅਗਲੇਰੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਉਨ੍ਹਾਂ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਲਾਸ਼ 4-5 ਦਿਨ ਪੁਰਾਣੀ ਲੱਗਦੀ ਹੈ ਅਤੇ ਉਕਤ ਵਿਅਕਤੀ ਦੀ ਉਮਰ ਕਰੀਬ 40-45 ਸਾਲ, ਸਿਰ ਗੰਜਾ ਅਤੇ ਕਲੀਨਸ਼ੇਵ ਹੈ। ਉਕਤ ਵਿਅਕਤੀ ਨੇ ਜਾਮਣੀ ਰੰਗ ਦਾ ਕੁਡ਼ਤਾ-ਪਜ਼ਾਮਾ ਪਹਿਨਿਆ ਹੋਇਆ ਹੈ ਅਤੇ ਜਿਸ ਨੇ ਗਲ ’ਚ ਹਾਰ ਅਤੇ ਮਾਲਾਵਾਂ ਪਾਈਆਂ ਹੋਈਆਂ ਹਨ। ਉਕਤ ਵਿਅਕਤੀ ਦੇਖਣ ਨੂੰ ਕਿਸੇ ਮੰਦਰ ਦਾ ਪੁਜਾਰੀ ਲੱਗਦਾ ਹੈ ਜਿਸ ਦੇ ਹੱਥ ’ਤੇ ਕੰਗਣਾ ਵੀ ਬੰਨ੍ਹਿਆ ਹੋਇਆ ਹੈ। ਥਾਣਾ ਮੁਖੀ ਜਤਿਨ ਕਪੂਰ ਨੇ ਦੱਸਿਆ ਕਿ ਲਾਸ਼ ਨੂੰ ਸ਼ਨਾਖ਼ਤ ਲਈ ਅਗਲੇ 72 ਘੰਟਿਆਂ ਲਈ ਸ੍ਰੀ ਅਨੰਦਪੁਰ ਸਾਹਿਬ ਦੇ ਭਾਈ ਜੈਤਾ ਜੀ ਸਿਵਲ ਹਸਪਤਾਲ ਦੀ ਮੋਰਚਰੀ ’ਚ ਰੱਖਿਆ ਗਿਆ ਹੈ।