ਇਨਸਾਨਾਂ ਤੇ ਪੰਛੀਆਂ ’ਤੇ ‘ਕਾਲ’ ਬਣ ਕੇ ਮੰਡਰਾ ਰਹੀ ‘ਚਾਈਨਾ ਡੋਰ’

Saturday, Jan 06, 2024 - 04:45 PM (IST)

ਇਨਸਾਨਾਂ ਤੇ ਪੰਛੀਆਂ ’ਤੇ ‘ਕਾਲ’ ਬਣ ਕੇ ਮੰਡਰਾ ਰਹੀ ‘ਚਾਈਨਾ ਡੋਰ’

ਸੁਲਤਾਨਪੁਰ ਲੋਧੀ (ਧੀਰ)-ਜਿਉਂ-ਜਿਉਂ ਲੋਹੜੀ ਅਤੇ ਬਸੰਤ ਪੰਚਮੀ ਦਾ ਤਿਉਹਾਰ ਨੇੜੇ ਆ ਰਿਹਾ ਹੈ, ਤਿਉਂ-ਤਿਉਂ ਪਤੰਗਬਾਜ਼ੀ ਦੇ ਸ਼ੌਕੀਨਾਂ ਦੇ ਚਿਹਰਿਆਂ ’ਤੇ ਰੌਣਕ ਆ ਰਹੀ ਹੈ। ਨੀਲੇ ਆਸਮਾਨ ’ਤੇ ਉਡਦੀਆਂ ਰੰਗ-ਬਿਰੰਗੀਆਂ ਪਤੰਗਾਂ ਹਰ ਇਕ ਦੇ ਮਨ ਨੂੰ ਮੋਹ ਲੈਂਦੀਆਂ ਹਨ ਪਰ ਕੁਝ ਸਾਲਾਂ ਤੋਂ ਇਨ੍ਹਾਂ ਮਨਮੋਹਨੀ ਦ੍ਰਿਸ਼ ਅਤੇ ਡਰੈਗਨ ਬਨਾਮ ਖ਼ੂਨੀ ਚਾਈਨਾ ਡੋਰ ਨੇ ਗ੍ਰਹਿਣ ਲਾ ਦਿੱਤਾ ਹੈ। ਚਾਈਨਾ ਡੋਰ ਨਾਲ ਪਤੰਗ ਉਡਾਉਣ ਨਾਲ ਮਨੁੱਖੀ ਅਤੇ ਪਸ਼ੂ ਪੰਛੀਆਂ ਦਾ ਜਾਨੀ ਨੁਕਸਾਨ ਹੋ ਰਿਹਾ ਹੈ। ਪੰਜਾਬ ’ਚ ਵੀ ਸਰਕਾਰ ਵੱਲੋਂ ਭਾਵੇਂ ਚਾਈਨਾ ਡੋਰ ’ਤੇ ਪਾਬੰਦੀ ਲਾਈ ਹੋਈ ਹੈ ਪਰ ਚੰਦ ਪੈਸਿਆਂ ਦੇ ਲਾਲਚੀ ਮੁਨਾਫ਼ਾਖੋਰਾਂ ਵੱਲੋਂ ਚਾਈਨਾ ਡੋਰ ਧੱੜਲੇ ਨਾਲ ਵੇਚੀ ਜਾਂਦੀ ਹੈ, ਜਿਸ ਦੇ ਫਲਸਰੂਪ ਸੈਂਕੜੇ ਹੀ ਲੋਕ ਇਸ ਖ਼ਤਰਨਾਕ ਡੋਰ ਨਾਲ ਇੰਨੀ ਬੁਰੀ ਤਰ੍ਹਾਂ ਜ਼ਖ਼ਮੀ ਹੋ ਜਾਂਦੇ ਹਨ ਕਿ ਸਾਰੀ ਉਮਰ ਲਈ ਨਕਾਰਾਂ ਬਣ ਜਾਂਦੇ ਹਨ। ਹੈਰਾਨੀ ਵਾਲੀ ਗੱਲ ਇਹ ਹੈ ਕਿ ਇੰਨੀ ਖ਼ਤਰਨਾਕ ਚਾਈਨਾ ਡੋਰ ਦੀ ਪਾਬੰਦੀ ਹੋਣ ਦੇ ਬਾਵਜੂਦ ਵੀ ਦੁਕਾਨਦਾਰ ਬਿਨਾਂ ਪ੍ਰਸ਼ਾਸਨ ਦੇ ਡਰ ਤੋਂ ਵੇਚ ਰਹੇ ਹਨ, ਜਿਸ ਲਈ ਲੋਕ ਵੱਧ ਜ਼ਿੰਮੇਵਾਰ ਹਨ।

ਚਾਈਨਾ ਡੋਰ ਵੇਚਣ ਵਾਲੀਆਂ ਦੁਕਾਨਾਂ ਦੀ ਤਲਾਸ਼ੀ ਲੈਣੀ ਚਾਹੀਦੀ ਹੈ, ਜਿਸ ਕੋਲੋਂ ਡੋਰ ਮਿਲੇ ਉਸ ਖਿ਼ਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕਰਨੀ ਚਾਹੀਦੀ ਹੈ। ਪਤੰਗਬਾਜ਼ੀ ਦੇ ਸ਼ੋਕੀਨ ਅਜਿਹੀਆਂ ਡੋਰਾਂ ਨਾ ਖਰੀਦਣ ਜੋ ਸਾਡੀ ਜਾਨ ਲਈ ਹੀ ਖ਼ਤਰਨਾਕ ਹੋਣ। ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਖ਼ੂਨੀ ਚਾਈਨਾ ਡੋਰ ਬਾਰੇ ਸਕੂਲਾਂ ਤੇ ਕਾਲਜਾਂ ’ਚ ਜਾਗਰੂਕਤਾ ਸੈਮੀਨਾਰ ਲਾ ਕੇ ਬੱਚਿਆਂ ਨੂੰ ਜਾਗਰੂਕ ਕਰਨ। -ਮਦਨ ਪੁਰੀ।


ਇਹ ਵੀ ਪੜ੍ਹੋ : 4 ਦਿਨ ਦੇ ਮਰੇ ਬੱਚੇ ਦੀ ਲਾਸ਼ ਨੂੰ ਕਬਰ 'ਚੋਂ ਕੱਢਣਾ ਪਿਆ ਬਾਹਰ, ਹਾਲਤ ਵੇਖ ਫੁੱਟ-ਫੁੱਟ ਕੇ ਰੋਈ ਮਾਂ
ਚਾਈਨਾ ਡੋਰ ਸਬੰਧੀ ਕਿਹਾ ਕਿ ਚਾਈਨਾ ਡੋਰ ਦੀ ਵਿਕਰੀ ਲਈ ਇਕੱਲਾ ਪ੍ਰਸ਼ਾਸਨ ਹੀ ਜ਼ਿੰਮੇਵਾਰ ਨਹੀਂ ਹੈ, ਇਸ ਨੂੰ ਵੇਚਣ ਅਤੇ ਖ਼ਰੀਦਣ ਵਾਲੇ ਨੂੰ ਵੀ ਸਮਾਜਿਕ ਤੌਰ ’ਤੇ ਆਪਣੀ ਜ਼ਿੰਮੇਵਾਰ ਸਮਝਦੇ ਹੋਏ ਅਜਿਹੀ ਪਾਬੰਦੀਸ਼ੁਦਾ ਡੋਰ ਵੇਚਣੀ ਤੇ ਖਰੀਦਣੀ ਨਹੀਂ ਚਾਹੀਦੀ। ਪਿਛਲੇ ਕੁਝ ਸਾਲਾਂ ਤੋਂ ਚਾਈਨਾ ਡੋਰ ਵੀ ਇਕ ਸਮਾਜਿਕ ਅਲਾਮਤ ਹੀ ਬਣ ਗਈ ਹੈ, ਕਿਉਂਕਿ ਚਾਈਨਾ ਡੋਰ ਦੀ ਲਪੇਟ ’ਚ ਆਉਣ ਨਾਲ ਹਾਦਸੇ ਹੋ ਰਹੇ ਹਨ ਤੇ ਕਈ ਵਾਰ ਤਾਂ ਇਸ ਖੂਨੀ ਡੋਰ ਦੀ ਲਪੇਟ ’ਚ ਆ ਕੇ ਹੱਥ-ਪੈਰ ਇੰਨੀ ਬੁਰੀ ਤਰ੍ਹਾਂ ਕੱਟ ਹੋ ਜਾਂਦੇ ਹਨ ਕਿ ਕੁਝ ਪਲਾਂ ’ਚ ਹੀ ਬੰਦਾ ਅੰਗਹੀਣ ਬਣ ਜਾਂਦਾ ਹੈ। ਇਸ ਖ਼ੂਨੀ ਡੋਰ ਦਾ ਇਨਸਾਨ ਹੀ ਨਹੀਂ, ਸਗੋਂ ਪੰਛੀ ਵੀ ਵੱਡੇ ਪੱਧਰ ’ਤੇ ਸਿਕਾਰ ਹੋ ਰਹੇ ਹਨ। -ਜੋਗਾ ਸਿੰਘ ਕਾਲੇਵਾਲ।

ਚਾਈਨਾ ਡੋਰ ਖ਼ਰੀਦਣਾ ਅਤੇ ਵੇਚਣਾ ਜੁਰਮ ਦੀ ਸ਼੍ਰੇਣੀ ’ਚ ਆਉਂਦਾ ਹੈ। ਸਰਕਾਰ ਨੇ ਚਾਈਨਾ ਡੋਰ ਜਾਂ ਨਾਈਲੇਨ, ਪਲਾਸਟਿਕ, ਸਿੰਥੇਟਿਕ ਮਟੀਰੀਅਲ ਨਾਲ ਬਣੀ ਡੋਰ ਜਾਂ ਧਾਗਾ ਜਿਸ ’ਤੇ ਸਿੰਥੈਟਿਕ ਦੀ ਧਾਤੂ ਚੜੀ ਹੋਵੇ ਅਤੇ ਪੰਜਾਬ ਸਰਕਾਰ ਦੇ ਮਾਪਦੰਡਾਂ ਅਨੁਸਾਰ ਨਾ ਹੋਵੇ ਨੂੰ ਵੇਚਣ ਅਤੇ ਖ਼ਰੀਦਣ ’ਤੇ ਮਨਾਹੀ ਹੈ। ਪੁਲਸ ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਜੋ ਵੀ ਸਰਕਾਰ ਦੇ ਹੁਕਮਾਂ ਦੀ ਪਾਲਣਾ ਨਹੀਂ ਕਰਦਾ ਅਤੇ ਚਾਈਨਾ ਡੋਰ ਖ਼ਰੀਦ ਜਾਂ ਵੇਚ ਰਿਹਾ ਹੈ, ਉਸ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਵੇ। -ਗੁਰਵਿੰਦਰ ਸਿੰਘ ਵਿਰਕ।

ਚਾਈਨਾ ਡੋਰ ਨੂੰ ਖੂਨੀ ਚਾਈਨਾ ਡੋਰ ਆਖਦਿਆਂ ਇਸ ਦਾ ਮਕੁੰਮਲ ਬਾਈਕਾਟ ਕਰਨ ਲਈ ਕਿਹਾ ਹੈ। ਇਸ ਖ਼ੂਨੀ ਚਾਈਨਾ ਡੋਰ ਦੀ ਥਾਂ ਤੇ ਪੁਰਾਣੇ ਧਾਗੇ ਦੀ ਵਰਤੋਂ ਕਰਕੇ ਪਤੰਗ ਉਡਾਉਣੇ ਚਾਹੀਦੇ ਹਨ ਤਾਂ ਜੋ ਇਸ ਖ਼ੂਨੀ ਚਾਈਨਾ ਡੋਰ ਕਾਰਨ ਹੋਣ ਵਾਲੇ ਜਾਨੀ ਨੁਕਸਾਨ ਤੋਂ ਬਚਾਅ ਹੋ ਸਕੇ। ਇਸ ਚਾਈਨਾ ਡੋਰ ਨਾਲ ਹਰ ਸਾਲ ਅਨੇਕਾਂ ਲੋਕ ਇਸ ਦੀ ਲਪੇਟ ’ਚ ਆ ਕੇ ਜ਼ਖ਼ਮੀ ਹੋ ਜਾਂਦੇ ਹਨ ਅਤੇ ਕਈ ਵਾਰੀ ਤਾਂ ਮੌਤ ਦਾ ਸ਼ਿਕਾਰ ਵੀ ਹੋ ਜਾਂਦੇ ਹਨ ਅਤੇ ਇਸ ਤੋਂ ਇਲਾਵਾ ਪੰਛੀ ਵੀ ਚਾਈਨਾ ਡੋਰ ਕਾਰਨ ਜ਼ਖ਼ਮੀ ਹੋ ਜਾਂਦੇ ਹਨ, ਜਿਸ ਕਾਰਨ ਇਸ ਡੋਰ ਦੀ ਵਰਤੋਂ ਨਹੀਂ ਕਰਨੀ ਚਾਹੀਦੀ।-ਇੰਜੀ. ਗੁਰਦੀਪ ਸਿੰਘ।

ਇਹ ਵੀ ਪੜ੍ਹੋ : ਅਹਿਮ ਖ਼ਬਰ: ਪਾਵਰਕਾਮ ਦਾ ਵੱਡਾ ਐਕਸ਼ਨ, ਇਨ੍ਹਾਂ ਖ਼ਪਤਕਾਰਾਂ ਦੇ ਕੱਟ ਦਿੱਤੇ ਬਿਜਲੀ ਕੁਨੈਕਸ਼ਨ

ਚਾਈਨਾ ਡੋਰ ਖ਼ਤਰਨਾਕ ਡੋਰ ਹੈ, ਜੋ ਮਨੁੱਖ ਲਈ ਘਾਤਕ ਹੈ ਕਿਉਂਕਿ ਜੇਕਰ ਚਾਈਨਾ ਡੋਰ ਦੀ ਲਪੇਟ ’ਚ ਕੋਈ ਵਿਕਅਤੀ ਆ ਜਾਵੇ ਤਾਂ ਉਹ ਸਦਾ ਲਈ ਨਕਾਰਾ ਹੋ ਜਾਂਦਾ ਹੈ। ਬਸੰਤ ਦੇ ਤਿਉਹਾਰ ’ਤੇ ਨੌਜਵਾਨ ਵਰਗ ਇਕ-ਦੂਜੇ ਦਾ ਪਤੰਗ ਕੱਟਣ ਲਈ ਜ਼ਿਆਦਾਤਰ ਚਾਈਨਾ ਡੋਰ ਦੀ ਵਰਤੋਂ ਕਰਦੇ ਹਨ ਅਤੇ ਦੁਕਾਨਦਾਰ ਵੀ ਬਿਨਾਂ ਡਰ ਤੋਂ ਵੇਚਦੇ ਹਨ, ਜਦਕਿ ਸਰਕਾਰ ਨੇ ਡੋਰ ਦੀ ਵਿਕਰੀ ’ਤੇ ਪਾਬੰਦੀ ਲਾਈ ਹੋਈ ਹੈ। ਜਿਵੇਂ ਅਸੀਂ ਹੋਰ ਸਮਾਜਿਕ ਅਲਾਮਤਾਂ ਖ਼ਿਲਾਫ਼ ਜਾਗਰੂਕਤਾ ਮੁਹਿੰਮਾਂ ਚਲਾ ਰਹੇ ਹਾਂ। ਹੁਣ ਸਾਨੂੰ ਇਕੱਠੇ ਹੋ ਕੇ ਚਾਈਨਾ ਡੋਰ ਬਾਰੇ ਨੌਜਵਾਨ ਵਰਗ ਨੂੰ ਮਾੜੇ ਪ੍ਰਭਾਵ ਦੱਸਣ ਲਈ ਜਾਗਰੂਕ ਮੁਹਿੰਮ ਚਲਾਉਣ ਦੀ ਲੋੜ ਹੈ।-ਡਾ. ਅਮਨਪ੍ਰੀਤ ਸਿੰਘ।

ਚਾਈਨਾ ਡੋਰ ਇਨਸਾਨ ਤੇ ਪੰਛੀਆਂ ਦੀ ਜਾਨ ’ਤੇ ਖ਼ਤਰਾ ਬਣ ਕੇ ਮੰਡਰਾ ਰਹੀ ਹੈ। ਹੁਣ ਜਦੋਂ ਲੋਹੜੀ ਅਤੇ ਬਸੰਤ ਪੰਚਮੀ ਦਾ ਤਿਉਹਾਰ ਨੇੜੇ ਆ ਰਿਹਾ ਹੈ, ਤਦ ਪਤੰਗਬਾਜ਼ੀ ਜਿਆਦਾ ਹੋਣ ਲੱਗ ਜਾਂਦੀ ਹੈ ਅਤੇ ਪਤੰਗਬਾਜ਼ੀ ਵਾਲੇ ਲੋਕ ਚਾਈਨਾ ਡੋਰ ਦਾ ਇਸਤੇਮਾਲ ਸ਼ੁਰੂ ਕਰ ਦਿੰਦੇ ਹਨ, ਜੋਕਿ ਨਾ ਟੁੱਟਦੀ ਹੈ ਅਤੇ ਨਾ ਹੀ ਗਲਣਯੋਗ ਹੈ। ਇਹ ਖ਼ਤਰਨਾਕ ਚਾਈਨਾ ਡੋਰ ਕਾਲ ਬਣ ਕੇ ਆਸਮਾਨ ’ਚ ਉਡਦੀ ਹੈ, ਇਸ ਲਈ ਇਸ ਖੂਨੀ ਚਾਈਨਾ ਡੋਰ ਨੂੰ ਵੇਚਣ ਅਤੇ ਸਟੋਰ ਕਰਨ ਵਾਲਿਆਂ ਖ਼ਿਲਾਫ਼ ਸਖ਼ਤੀ ਕਰਨ ਦੀ ਲੋੜ ਹੈ। -ਨਰਿੰਦਰ ਸਿੰਘ ਪੰਨੂ ।

ਇਹ ਵੀ ਪੜ੍ਹੋ : ਮੁਫ਼ਤ ਬਿਜਲੀ ਦਾ ਲਾਭ ਲੈਣ ਵਾਲੇ ਲਈ ਏਰੀਅਰ ਬਣਿਆ ਪ੍ਰੇਸ਼ਾਨੀ ਦਾ ਸਬੱਬ, 9600 ਦਾ ਬਿੱਲ ਵੇਖ ਉੱਡੇ ਹੋਸ਼

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

shivani attri

Content Editor

Related News