ਲੁਟੇਰੇ 5000 ਰੁਪਏ ਤੇ 2 ਸੋਨੇ ਦੀਆਂ ਅੰਗੂਠੀਆਂ ਲੁੱਟ ਕੇ ਫਰਾਰ
Saturday, Dec 21, 2024 - 05:38 AM (IST)
ਗੜ੍ਹਦੀਵਾਲਾ (ਮੁਨਿੰਦਰ) - ਇਲਾਕੇ ਵਿਚ ਸਰਗਰਮ ਕੁਝ ਅਣਪਛਾਤੇ ਲੁਟੇਰਿਆਂ ਇਕ ਵਿਅਕਤੀ ਨੂੰ ਆਪਣਾ ਨਿਸ਼ਾਨਾ ਬਣਾ ਕੇ ਉਸ ਕੋਲੋਂ 5000 ਰੁਪਏ ਨਕਦ ਤੇ 2 ਸੋਨੇ ਦੀਆਂ ਅੰਗੂਠੀਆਂ ਲੁੱਟ ਕੇ ਫਰਾਰ ਹੋ ਗਏ। ਫਿਲਹਾਲ ਇਸ ਵਾਰਦਾਤ ਨਾਲ ਇਲਾਕੇ ਵਿਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ।
ਇਸ ਸਬੰਧੀ ਪੀੜਤ ਜਸਵੰਤ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਉਹ ਗੜ੍ਹਦੀਵਾਲਾ ਵਿਖੇ ਦਰਜੀ ਦੀ ਦੁਕਾਨ ਕਰਦਾ ਹੈ। ਜਦੋਂ ਬਾਅਦ ਦੁਪਹਿਰ ਉਹ ਆਪਣੀ ਐਕਟਿਵਾ ’ਤੇ ਸਵਾਰ ਹੋ ਕੇ ਕਿਸੇ ਕੰਮ ਲਈ ਆਪਣੇ ਘਰ ਜਾ ਰਿਹਾ ਸੀ ਤਾਂ ਗੜ੍ਹਦੀਵਾਲਾ ਬੱਸ ਸਟੈਂਡ ਕੋਲ ਇਕ ਵਿਅਕਤੀ, ਜਿਸ ਨੇ ਭਗਵੇ ਕੱਪੜੇ ਪਾਏ ਹੋਏ ਸਨ, ਨੇ ਮੈਨੂੰ ਹੱਥ ਦੇ ਕੇ ਰੋਕਿਆ ਅਤੇ ਹੁਸ਼ਿਆਰਪੁਰ ਰੋਡ ’ਤੇ ਸਥਿਤ ਪੈਟਰੋਲ ਪੰਪ ਤੱਕ ਲਿਫਟ ਦੇਣ ਲਈ ਕਿਹਾ।
ਜਸਵੰਤ ਸਿੰਘ ਨੇ ਦੱਸਿਆ ਕਿ ਮੈਂ ਜਦੋਂ ਉਸ ਨੂੰ ਪੈਟਰੋਲ ਪੰਪ ’ਤੇ ਉਤਾਰਿਆ ਤਾਂ ਮੇਰੀ ਐਕਟਿਵਾ ਦੇ ਪਿੱਛੇ ਮੋਟਰਸਾਈਕਲ ’ਤੇ ਸਵਾਰ ਉਸ ਦੇ 2 ਹੋਰ ਸਾਥੀ ਇਕ ਔਰਤ ਤੇ ਮਰਦ ਵੀ ਆ ਕੇ ਰੁਕ ਗਏ ਤੇ ਮੈਨੂੰ ਹੱਥ ’ਚ ਪਾਈਆਂ ਸੋਨੇ ਦੀਆਂ ਅੰਗੂਠੀਆਂ ਤੇ ਜੇਬ ਵਿਚ ਜਿੰਨੇ ਵੀ ਪੈਸੇ ਸਨ ਕੱਢਣ ਲਈ ਕਿਹਾ। ਡਰ ਕਾਰਨ ਮੈਂ ਆਪਣੇ ਹੱਥ ਵਿਚ ਪਈਆਂ 2 ਅੰਗੂਠੀਆਂ ਤੇ ਜੇਬ ਵਿਚੋਂ 5000 ਰੁਪਏ ਕੱਢ ਕੇ ਉਨ੍ਹਾਂ ਨੂੰ ਦੇ ਦਿੱਤੇ। ਜਿਸ ਤੋਂ ਬਾਅਦ ਤਿੰਨੇ ਲੁਟੇਰੇ ਮੋਟਰਸਾਈਕਲ ’ਤੇ ਸਵਾਰ ਹੋ ਕੇ ਹੁਸ਼ਿਆਰਪੁਰ ਵੱਲ ਨੂੰ ਫਰਾਰ ਹੋ ਗਏ। ਫਿਲਹਾਲ ਇਸ ਵਾਰਦਾਤ ਨਾਲ ਇਲਾਕੇ ਵਿਚ ਇਕ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ।