ਕੱਪੜਾ ਵਪਾਰੀ ਢਾਈ ਲੱਖ ਰੁਪਏ ਦੀ ਲੁੱਟ ਦਾ ਹੋਇਆ ਸ਼ਿਕਾਰ

Thursday, Dec 23, 2021 - 04:51 PM (IST)

ਕੱਪੜਾ ਵਪਾਰੀ ਢਾਈ ਲੱਖ ਰੁਪਏ ਦੀ ਲੁੱਟ ਦਾ ਹੋਇਆ ਸ਼ਿਕਾਰ

ਜਲੰਧਰ ਛਾਉਣੀ (ਮਹੇਸ਼, ਦੁੱਗਲ) : ਜਲੰਧਰ ਛਾਉਣੀ ’ਚ ਦਿਨ-ਦਿਹਾੜੇ ਇਕ ਕੱਪੜਾ ਵਪਾਰੀ ਢਾਈ ਲੱਖ ਰੁਪਏ ਦੀ ਲੁੱਟ ਦਾ ਸ਼ਿਕਾਰ ਹੋ ਗਿਆ। ਲੁੱਟ ਦਾ ਸ਼ਿਕਾਰ ਹੋਏ ਕਿਸ਼ਨ ਗੁਪਤਾ ਨੇ ਕੈਂਟ ਥਾਣੇ ’ਚ ਦਰਜ ਕਰਵਾਈ ਸ਼ਿਕਾਇਤ ਵਿਚ ਦੱਸਿਆ ਕਿ ਉਨ੍ਹਾਂ ਦੀ ਜਲੰਧਰ ਪੀਰ ਬੋਦਲਾਂ ਬਾਜ਼ਾਰ ’ਚ ਕੱਪੜੇ ਦੀ ਦੁਕਾਨ ਹੈ ਅਤੇ ਉਹ ਜਲੰਧਰ ਛਾਉਣੀ ’ਚ ਵੱਖ-ਵੱਖ ਕੱਪੜਾ ਵਪਾਰੀਆਂ ਨੂੰ ਕੱਪੜਾ ਸਪਲਾਈ ਕਰਦਾ ਹੈ ਅਤੇ ਬੁੱਧਵਾਰ ਨੂੰ ਦੁਕਾਨਦਾਰਾਂ ਤੋਂ ਉਗਰਾਹੀ ਕਰਨ ਆਇਆ ਸੀ। ਉਗਰਾਹੀ ਕਰਨ ਤੋਂ ਬਾਅਦ ਜਦੋਂ ਉਹ ਗਲੀ ਵਿਚ ਪੈਦਲ ਜਾ ਰਿਹਾ ਸੀ ਤਾਂ ਜੈਨ ਮੰਦਿਰ ਨੇੜੇ ਜੋ ਕੈਂਟ ਥਾਣੇ ਦੇ ਬਿਲਕੁਲ ਨੇੜੇ ਹੈ, ਉਥੇ ਇਕ ਥ੍ਰੀ ਵ੍ਹੀਲਰ ਵਾਲੇ ਨੇ ਉਸ ਤੋਂ ਸਹਾਇਤਾ ਮੰਗੀ ਤੇ ਉਸਨੇ ਉਸਦੀ ਸਹਾਇਤਾ ਕਰਨੀ ਚਾਹੀ ਤਾਂ ਉਸਨੇ ਦੇਖਿਆ ਕਿ ਕੁਝ ਮਿੰਟਾਂ ਵਿਚ ਹੀ ਉਸਦੇ ਬੈਗ ਵਿਚ ਪਿਆ ਕੈਸ਼ ਦਾ ਇਕ ਅਲੱਗ ਬੈਗ ਗਾਇਬ ਸੀ। ਲੁੱਟ ਦਾ ਸ਼ਿਕਾਰ ਹੋਏ ਕੱਪੜਾ ਵਪਾਰੀ ਦਾ ਰੌਲਾ ਸੁਣਦੇ ਹੀ ਆਸ-ਪਾਸ ਦੇ ਦੁਕਾਨਦਾਰ ਇਕੱਠੇ ਹੋ ਗਏ। ਉਸਨੇ ਥਾਣਾ ਕੈਂਟ ਵਿਚ ਸ਼ਿਕਾਇਤ ਦਰਜ ਕਰਵਾਈ। ਸ਼ਿਕਾਇਤ ਮਿਲਣ ਤੋਂ ਬਾਅਦ ਕੈਂਟ ਪੁਲਸ ਨੇ ਘਟਨਾ ਸਥਾਨ ਦੇ ਆਸ-ਪਾਸ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਜਾਂਚ ਕਰਨੀ ਸ਼ੁਰੂ ਕਰ ਦਿੱਤੀ।

ਇਹ ਵੀ ਪੜ੍ਹੋ : ਚੀਮਾ ਨਗਰ ’ਚ ਸਾਬਕਾ ਆਈ. ਜੀ. ਵੱਲੋਂ ਕੀਤੇ ਗਏ ਨਾਜਾਇਜ਼ ਕਬਜ਼ੇ ਨੂੰ ਲੈ ਕੇ ਹਾਈ ਕੋਰਟ ਨੇ ਕੀਤੀ ਬੇਹੱਦ ਸਖ਼ਤ ਟਿੱਪਣੀ

ਇਸੇ ਤਰ੍ਹਾਂ ਕੈਂਟ ਦੇ ਮੁਹੱਲਾ ਨੰਬਰ 32 ’ਚ ਸਥਿਤ ਨੱਥਾ ਸਿੰਘ ਦੇ ਟਾਲ ਵਿਚ ਖੜ੍ਹੀ ਕੁਲਫੀ ਦੀ ਰੇਹੜੀ ’ਚੋਂ ਚੋਰ ਪਿੱਤਲ ਅਤੇ ਤਾਂਬੇ ਦੀਆਂ ਪਾਈਪਾਂ ਉਤਾਰ ਕੇ ਲੈ ਗਏ। ਇਸ ਸਬੰਧੀ ਰੇਹੜੀ ਮਾਲਕ ਉਮੇਸ਼ ਕੁਮਾਰ ਨੇ ਕੈਂਟ ਥਾਣੇ ਨੂੰ ਸੂਚਿਤ ਕਰ ਦਿੱਤਾ ਹੈ। ਇਸ ਸਬੰਧੀ ਕੈਂਟ ਥਾਣਾ ਮੁਖੀ ਬਲਵਿੰਦਰ ਸਿੰਘ ਅਤੇ ਪੁਲਸ ਦੇ ਉੱਚ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਕੋਈ ਠੋਸ ਜਵਾਬ ਨਾ ਦਿੰਦਿਆਂ ਇੰਨਾ ਹੀ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

Anuradha

Content Editor

Related News