NIT ਟੈਕਸਟਾਈਲ ਤਕਨਾਲੋਜੀ ਵਿਭਾਗ ਨੇ ਟੈਕਸਟਾਈਲ ਐਸੋਸੀਏਸ਼ਨ ਆਫ ਇੰਡੀਆ ਦੀ ਮੀਟਿੰਗ ''ਚ ਭਾਗ ਲਿਆ

Tuesday, Dec 10, 2024 - 06:02 PM (IST)

NIT ਟੈਕਸਟਾਈਲ ਤਕਨਾਲੋਜੀ ਵਿਭਾਗ ਨੇ ਟੈਕਸਟਾਈਲ ਐਸੋਸੀਏਸ਼ਨ ਆਫ ਇੰਡੀਆ ਦੀ ਮੀਟਿੰਗ ''ਚ ਭਾਗ ਲਿਆ

ਜਲੰਧਰ : ਟੈਕਸਟਾਈਲ ਐਸੋਸੀਏਸ਼ਨ ਆਫ ਇੰਡੀਆ (ਲੁਧਿਆਣਾ ਯੂਨਿਟ) ਵੱਲੋਂ ਲੁਧਿਆਣਾ ਵਿਖੇ ਮੀਟਿੰਗ ਦਾ ਆਯੋਜਨ ਕੀਤਾ ਗਿਆ। ਇਸ ਮੀਟਿੰਗ ਵਿਚ ਐੱਨਆਈਟੀ, ਜਲੰਧਰ ਦੇ ਟੈਕਸਟਾਈਲ ਤਕਨਾਲੋਜੀ ਵਿਭਾਗ ਨੇ ਆਪਣੀਆਂ ਪ੍ਰਾਪਤੀਆਂ ਅਤੇ ਪਹਿਲਕਦਮੀਆਂ ਨੂੰ ਉਜਾਗਰ ਕੀਤਾ। ਇਸ ਪ੍ਰੋਗਰਾਮ ਵਿਚ ਮੁੱਖ ਮਹਿਮਾਨ ਵਜੋਂ ਗੁਜਰਾਤ ਤੋਂ ਮਾਣਯੋਗ ਸੰਸਦ ਮੈਂਬਰ ਐੱਚ. ਬੀ. ਪਟੇਲ ਸਮੇਤ ਲੁਧਿਆਣਾ ਦੇ ਪ੍ਰਮੁੱਖ ਟੈਕਸਟਾਈਲ ਉਦਯੋਗਾਂ ਦੇ ਪ੍ਰਤੀਨਿਧਾਂ ਨੇ ਵੀ ਸ਼ਮੂਲੀਅਤ ਕੀਤੀ। ਮੀਟਿੰਗ ਦੌਰਾਨ ਐੱਨਆਈਟੀ, ਜਲੰਧਰ ਦੇ ਟੈਕਸਟਾਈਲ ਤਕਨਾਲੋਜੀ ਵਿਭਾਗ ਦੇ ਮੁਖੀ ਪ੍ਰੋ. ਮੋਨਿਕਾ ਸਿੱਕਾ, ਪ੍ਰੋ. ਵਿਨੈ ਮਿੱਢਾ ਅਤੇ ਪ੍ਰੋ. ਏ. ਕੇ. ਚੌਧਰੀ ਨੇ ਵਿਭਾਗ ਦੀਆਂ ਪ੍ਰਮੁੱਖ ਪ੍ਰਾਪਤੀਆਂ, ਉੱਨਤ ਖੋਜ ਸਹੂਲਤਾਂ ਅਤੇ ਨਵੇਂ ਉਤਪਾਦ ਵਿਕਾਸ ਆਦਿ ਸਬੰਧਤ ਪ੍ਰੋਜੈਕਟਾਂ 'ਤੇ ਪੇਸ਼ਕਾਰੀ ਦਿੱਤੀ। ਪ੍ਰੋ. ਮੋਨਿਕਾ ਸਿੱਕਾ ਨੇ ਦੱਸਿਆ ਕਿ ਵਿਭਾਗ ਨੂੰ ਹਾਲ ਹੀ ਵਿਚ ਭਾਰਤ ਸਰਕਾਰ ਦੇ ਵਸਤਰ ਮੰਤਰਾਲੇ ਦੀ ਨੈਸ਼ਨਲ ਟੈਕਨੀਕਲ ਟੈਕਸਟਾਈਲ ਮਿਸ਼ਨ (ਐੱਮਟੀਟੀਐੱਮ) ਸਕੀਮ ਤਹਿਤ 20 ਕਰੋੜ ਰੁਪਏ ਦੀ ਗ੍ਰਾਂਟ ਪ੍ਰਾਪਤ ਹੋਈ ਹੈ। ਇਹ ਮਹੱਤਵਪੂਰਨ ਵਿੱਤੀ ਸਹਾਇਤਾ ਵਿਭਾਗ ਦੀਆਂ ਖੋਜ ਸਮਰੱਥਾਵਾਂ ਨੂੰ ਵਧਾਉਣ ਅਤੇ ਤਕਨੀਕੀ ਟੈਕਸਟਾਈਲ ਵਿਚ ਨਵੀਨਤਾ ਨੂੰ ਤੇਜ਼ ਕਰਨ ਲਈ ਦਿੱਤੀ ਗਈ ਹੈ।

ਪ੍ਰੋ. ਸਿੱਕਾ ਨੇ ਵਿਭਾਗ ਦੇ ਨਵੇਂ ਯਤਨਾਂ ਨੂੰ ਵੀ ਉਜਾਗਰ ਕੀਤਾ, ਜੋ ਉਦਯੋਗ-ਅਕਾਦਮਿਕ ਸਹਿਯੋਗ ਨੂੰ ਮਜ਼ਬੂਤ ਕਰਨ ਲਈ ਹਨ। ਇਸ ਵਿਚ ਕੰਮ ਕਰਨ ਵਾਲੇ ਪੇਸ਼ੇਵਰਾਂ ਲਈ ਐੱਮਟੈਕ (ਪਾਰਟ-ਟਾਈਮ) ਪ੍ਰੋਗਰਾਮ ਦੀ ਸ਼ੁਰੂਆਤ, ਉਦਯੋਗ ਦੀਆਂ ਖਾਸ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਅਨੁਕੂਲਿਤ ਸਿਖਲਾਈ ਅਤੇ ਸਲਾਹ ਸੇਵਾਵਾਂ ਅਤੇ ਵਿਦਿਆਰਥੀਆਂ ਨੂੰ ਅਸਲ-ਸੰਸਾਰ ਦੀਆਂ ਚੁਣੌਤੀਆਂ ਨਾਲ ਨਜਿੱਠਣ ਦੇ ਯੋਗ ਬਣਾਉਣ ਲਈ ਇੰਟਰਨਸ਼ਿਪ ਅਤੇ ਲਾਈਵ ਪ੍ਰੋਜੈਕਟਸ ਸ਼ਾਮਲ ਹਨ। ਉਨ੍ਹਾਂ ਦੱਸਿਆ ਕਿ ਵਿਭਾਗ ਵਰਕਸ਼ਾਪਾਂ ਅਤੇ ਸੈਮੀਨਾਰਾਂ ਦਾ ਆਯੋਜਨ ਵੀ ਕਰਦਾ ਹੈ ਤਾਂ ਜੋ ਗਿਆਨ ਦੇ ਆਦਾਨ-ਪ੍ਰਦਾਨ ਨੂੰ ਉਤਸ਼ਾਹਿਤ ਕੀਤਾ ਜਾ ਸਕੇ ਅਤੇ ਉਦਯੋਗਿਕ ਤਰੱਕੀ ਨੂੰ ਹੁਲਾਰਾ ਮਿਲੇ।

ਪ੍ਰੋ. ਮੋਨਿਕਾ ਸਿੱਕਾ ਨੇ ਲੁਧਿਆਣਾ ਦੇ ਟੈਕਸਟਾਈਲ ਉਦਯੋਗਾਂ ਨੂੰ ਖੋਜ ਅਤੇ ਵਿਕਾਸ (ਆਰ. ਐਂਡ. ਡੀ), ਨਵੀਨਤਾ ਅਤੇ ਹੁਨਰ ਵਿਕਾਸ ਲਈ ਵਿਭਾਗ ਦੀ ਮੁਹਾਰਤ ਅਤੇ ਸਰੋਤਾਂ ਦਾ ਲਾਭ ਲੈਣ ਲਈ ਸੱਦਾ ਦਿੱਤਾ। ਵਿਭਾਗ ਨੇ ਟੈਕਸਟਾਈਲ ਐਸੋਸੀਏਸ਼ਨ ਆਫ ਇੰਡੀਆ (ਲੁਧਿਆਣਾ ਯੂਨਿਟ) ਦਾ ਧੰਨਵਾਦ ਕੀਤਾ ਅਤੇ ਦਿਲਚਸਪੀ ਰੱਖਣ ਵਾਲੇ ਉਦਯੋਗਾਂ ਨੂੰ ਸਾਰਥਕ ਸਾਂਝੇਦਾਰੀ ਦੇ ਮੌਕਿਆਂ ਦੀ ਖੋਜ ਕਰਨ ਦੀ ਅਪੀਲ ਕੀਤੀ। ਡਾ. ਬੀ.ਕੇ. ਕਨੌਜੀਆ, ਡਾਇਰੈਕਟਰ, ਐੱਨ. ਆਈ. ਟੀ. ਜਲੰਧਰ ਨੇ ਵਿਭਾਗ ਨੂੰ ਇਸ ਦੀਆਂ ਸ਼ਾਨਦਾਰ ਪ੍ਰਾਪਤੀਆਂ ਲਈ ਵਧਾਈ ਦਿੱਤੀ ਅਤੇ ਉਦਯੋਗ ਅਤੇ ਅਕਾਦਮਿਕ ਦਰਮਿਆਨ ਭਵਿੱਖ ਵਿਚ ਸਹਿਯੋਗ ਲਈ ਸ਼ੁਭ ਕਾਮਨਾਵਾਂ ਦਿੱਤੀਆਂ।


author

Gurminder Singh

Content Editor

Related News