ਸਾਂਝੇ ਅਧਿਆਪਕ ਮੋਰਚੇ ਵੱਲੋਂ ਵਿਧਾਇਕ ਅੰਗਦ ਸਿੰਘ ਦੀ ਕੋਠੀ ਦਾ ਘਿਰਾਓ
Friday, Nov 16, 2018 - 02:28 AM (IST)

ਨਵਾਂਸ਼ਹਿਰ, (ਤ੍ਰਿਪਾਠੀ, ਮਨੋਰੰਜਨ)– ਸਾਂਝੇ ਅਧਿਆਪਕ ਮੋਰਚੇ ਨੇ ਭਰਾਤਰੀ ਜਥੇਬੰਦੀਆਂ ਦੇ ਨਾਲ ਮਿਲ ਕੇ ਸਟੇਟ ਜੀ.ਡੀ.ਪੀ. ਦਾ 6 ਫੀਸਦੀ ਹਿੱਸਾ ਸਿੱਖਿਆ ’ਤੇ ਖਰਚ ਕਰਨ, ਕੱਚੇ ਅਧਿਆਪਕਾਂ ਨੂੰ ਰੈਗੂਲਰ ਕਰਨ ਅਤੇ ਹੋਰ ਮੰਗਾਂ ਨੂੰ ਲੈ ਕੇ ਅੱਜ ਹਲਕਾ ਵਿਧਾਇਕ ਅੰਗਦ ਸਿੰਘ ਦੀ ਕੋਠੀ ਦਾ ਘਿਰਾਓ ਕਰ ਕੇ ਪੰਜਾਬ ਸਰਕਾਰ ਦੇ ਖਿਲਾਫ ਨਾਅਰੇਬਾਜ਼ੀ ਕੀਤੀ। ਇਸ ਮੌਕੇ ਸਟੇਟ ਕਨਵੀਨਰ ਕੁਲਦੀਪ ਸਿੰਘ ਦੌਡ਼ਕਾ, ਜ਼ਿਲਾ ਪ੍ਰਧਾਨ ਕਰਨੈਲ ਸਿੰਘ ਰਾਹੋਂ, ਜਸਵਿੰਦਰ ਸਿੰਘ ਅੌਜਲਾ, ਕੁਲਵਿੰਦਰ ਸਿੰਘ ਵਡ਼ੈਚ, ਸੁਰਿੰਦਰ ਸਿੰਘ ਬੈਂਸ ਅਤੇ ਸੋਹਨ ਸਿੰਘ ਸਲੇਮਪੁਰੀ ਨੇ ਕਿਹਾ ਕਿ ਸਰਕਾਰ ਦੀਅਾਂ ਅਧਿਆਪਕ ਅਤੇ ਸਿੱਖਿਆ ਵਿਰੋਧੀ ਨੀਤੀਆਂ ਕਾਰਨ ਸਮੂਹ ਅਧਿਆਪਕਾਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ।
ਸਰਕਾਰ ਵੱਲੋਂ ਅਧਿਆਪਕਾਂ ਦੇ ਸੰਘਰਸ਼ ਨੂੰ ਦਬਾਉਣ ਲਈ ਕਈ ਤਰ੍ਹਾਂ ਦੇ ਅਧਿਆਪਕ ਵਿਰੋਧ ਫੈਸਲੇ ਕੀਤੇ ਜਾ ਰਹੇ ਹਨ ਜਿਨ੍ਹਾਂ ਨੂੰ ਸਹਿਣ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਪਟਿਆਲਾ ਵਿਖੇ ਅਧਿਆਪਕਾਂ ਵੱਲੋਂ ਲਾਏ ਗਏ ਪੱਕੇ ਮੋਰਚੇ ਦੀ ਭੁੱਖ ਹਡ਼ਤਾਲ ਲਗਾਤਾਰ ਚੱਲ ਰਹੀ ਹੈ ਅਤੇ 40 ਦਿਨ ਪੂਰਾ ਕਰ ਗਈ ਹੈ। ਮੁੱਖ ਮੰਤਰੀ ਵੱਲੋਂ ਅਧਿਆਪਕਾਂ ਦੇ ਵਫਦ ਨੂੰ 5 ਨਵੰਬਰ ਨੂੰ ਮਿਲਣ ਦਾ ਸਮਾਂ ਦੇ ਕੇ ਮੁਲਾਕਾਤ ਨਾ ਕਰ ਕੇ ਅਧਿਆਪਕਾਂ ਨਾਲ ਧੋਖਾ ਕੀਤਾ ਗਿਆ ਹੈ।