ਸੂਬੇ ਦੀਆਂ ਨਰਸਰੀਆਂ ’ਚ ਦੋ ਸਾਲਾਂ ’ਚ 3 ਕਰੋੜ ਪੌਦਿਆਂ ਦਾ ਟੀਚਾ ਕੀਤਾ ਜਾਵੇਗਾ ਪੂਰਾ : ਲਾਲ ਚੰਦ ਕਟਾਰੂਚੱਕ

05/26/2023 7:24:03 PM

ਹੁਸ਼ਿਆਰਪੁਰ (ਘੁੰਮਣ) : ਪੰਜਾਬ ਦੇ ਜੰਗਲਾਤ ਤੇ ਜੰਗਲੀ ਜੀਵ ਸੁਰੱਖਿਆ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਿਚ ਸੂਬੇ ਨੂੰ ਹਰਿਆ-ਭਰਿਆ ਅਤੇ ਸਾਫ਼-ਸੁਥਰਾ ਬਣਾਉਣ ਦੇ ਉਦੇਸ਼ ਨਾਲ ਵਣ ਅਤੇ ਜੰਗਲੀ ਜੀਵ ਸੁਰੱਖਿਆ ਵਿਭਾਗ ਵੱਲੋਂ ਅਹਿਮ ਯਤਨ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਇਸ ਲਈ ਸੂਬੇ ਦੀਆਂ ਨਰਸਰੀਆਂ ਵਿਚ ਵੱਡੇ ਪੱਧਰ ’ਤੇ ਬੂਟੇ ਤਿਆਰ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਬੂਟੇ ਤਿਆਰ ਕਰਨ ਲਈ ਸਭ ਤੋਂ ਪਹਿਲੀ ਲੋੜ ਬੂਟੇ ਨੂੰ ਸੰਭਾਲਣ ਲਈ ਥੈਲੀਆਂ ਦੀ ਹੁੰਦੀ ਹੈ।

ਇਸ ਲਈ ਸੂਬੇ ਵਿਚ ਨਰਸਰੀਆਂ ਲਈ ਸਾਲ 2022-23 ਅਤੇ 2023-24 ਦੋ ਸਾਲਾਂ ਲਈ ਤਕਰੀਬਨ 3 ਕਰੋੜ ਪੌਦਿਆਂ ਦੇ ਟੀਚੇ ਨੂੰ ਪੂਰਾ ਕਰਨ ਲਈ ਹੁਸ਼ਿਆਰਪੁਰ ਵਿਚ ਸਥਿਤ ਪੌਲੀਥੀਨ ਫੈਕਟਰੀ ਨੂੰ ਪੂਰੀ ਤਰ੍ਹਾਂ ਕਾਰਜਸ਼ੀਲ ਕਰ ਦਿੱਤਾ ਗਿਆ ਹੈ ਅਤੇ ਇਸ ਦੀ ਉਤਪਾਦਨ ਸਮਰੱਥਾ ਨੂੰ ਵਧਾਉਣ ਦੇ ਨਾਲ-ਨਾਲ ਥੈਲੀਆਂ ਦੇ ਮਿਆਰ ਵਿਚ ਵੀ ਵਾਧਾ ਕੀਤਾ ਗਿਆ ਹੈ। ਉਹ ਅੱਜ ਹੁਸ਼ਿਆਰਪੁਰ ਦੇ ਬੱਸੀ ਜਾਨਾ ਸਥਿਤ ਵਣਪਾਲ ਖੋਜ ਤੇ ਟ੍ਰੇਨਿੰਗ ਸਰਕਲ, ਐੱਸ.ਐੱਫ.ਆਰ. ਆਈ. ਲਾਡੋਵਾਲ, ਲੁਧਿਆਣਾ ਤਹਿਤ ਬੈਗਜ਼ ਫੈਕਟਰੀ ਦੇ ਦੌਰੇ ਦੌਰਾਨ ਜਾਣਕਾਰੀ ਦੇ ਰਹੇ ਸਨ।

ਕੈਬਨਿਟ ਮੰਤਰੀ ਨੇ ਦੱਸਿਆ ਕਿ ਇਸ ਤਹਿਤ ਜਿੱਥੇ ਫੈਕਟਰੀ ਨੂੰ ਅਪਗ੍ਰੇਡ ਕਰਦੇ ਹੋਏ ਜਿਥੇ ਪੁਰਾਣੀਆਂ ਮਸ਼ੀਨਾਂ ਦੀ ਮੁਰੰਮਤ ਕਰਵਾਈ ਗਈ ਹੈ, ਉਥੇ ਇਕ ਨਵੀਂ ਪੂਰੀ ਤਰ੍ਹਾਂ ਆਟੋਮੈਟਿਕ ਮਸ਼ੀਨ ਲਗਾਈ ਗਈ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਯਤਨਾਂ ਤਹਿਤ ਹੁਣ ਇਥੇ ਹਰ ਹਫ਼ਤੇ ਤਕਰੀਬਨ 3.5 ਟਨ ਥੈਲੀਆਂ ਦਾ ਉਤਪਾਦਨ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਥੈਲੀਆਂ ਦੀ ਮੋਟਾਈ 30 ਮਾਈਕ੍ਰੋਨ ਤੋਂ ਵਧਾ ਕੇ 76 ਮਾਈਕ੍ਰੋਨ ਕਰ ਦਿੱਤੀ ਗਈ ਹੈ, ਜਿਸ ਨਾਲ ਹੁਣ ਨਰਸਰੀ ਵਿਚ ਆਸਾਨੀ ਨਾਲ ਇਨ੍ਹਾਂ ਥੈਲੀਆਂ ਵਿਚ ਦੋ ਸਾਲ ਤੱਕ ਪੌਦਿਆਂ ਨੂੰ ਰੱਖਿਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਫੈਕਟਰੀ ਨੂੰ ਵਾਤਾਵਰਣ ਪੱਖੀ ਬਣਾਉਣ ਦੇ ਉਦੇਸ਼ ਦੀ ਪੂਰਤੀ ਲਈ ਜੋ ਵੀ ਪਲਾਸਟਿਕ ਦਾ ਕੂੜਾ ਪੈਦਾ ਹੁੰਦਾ ਹੈ, ਉਸ ਦੀ 100 ਫੀਸਦੀ ਰੀਸਾਈਕਲ ਕਰਕੇ ਪੌਲੀਥੀਨ ਬੈਗਜ਼ ਤਿਆਰ ਕੀਤੇ ਜਾਂਦੇ ਹਨ।

ਉਨ੍ਹਾਂ ਦੱਸਿਆ ਕਿ ਮੌਜੂਦਾ ਸਮੇਂ ਵਿਚ ਜੰਗਲਾਤ ਵਿਭਾਗ ਦੇ ਟੀਚੇ ਨੂੰ ਮੁੱਖ ਰੱਖਦਿਆਂ ਇੱਥੇ ਤਿੰਨ ਸ਼ਿਫਟਾਂ ਵਿਚ ਕੰਮ ਕੀਤਾ ਜਾ ਰਿਹਾ ਹੈ। ਇਸ ਮੌਕੇ ਉਨ੍ਹਾਂ ਇਥੇ ਸਥਿਤ ਮੌਡਰਨ ਨਰਸਰੀ ਅਤੇ ਵਰਮੀ ਕੰਪੋਸਟ ਯੂਨਿਟ ਦਾ ਨਿਰੀਖਣ ਵੀ ਕੀਤਾ। ਇਸ ਮੌਕੇ ਵਣਪਾਲ ਖੋਜ ਤੇ ਟ੍ਰੇਨਿੰਗ ਸਰਕਲ ਐੱਸ.ਐੱਫ.ਆਰ.ਆਈ. ਲਾਡੋਵਾਲ, ਲੁਧਿਆਣਾ ਸਤਨਾਮ ਸਿੰਘ, ਵਣਪਾਲ ਨਾਰਥ ਸਰਕਲ ਹੁਸ਼ਿਆਰਪੁਰ ਡਾ: ਸੰਜੀਵ ਕੁਮਾਰ ਤਿਵਾੜੀ, ਡੀ.ਐਫ.ਓ ਅਮਨੀਤ ਸਿੰਘ, ਐੱਸ. ਡੀ. ਐੱਮ. ਹੁਸ਼ਿਆਰਪੁਰ ਪ੍ਰੀਤ ਇੰਦਰ ਸਿੰਘ ਬੈਂਸ, ਡੀ. ਐੱਫ਼. ਐੱਸ. ਸੀ. ਸੰਯੋਗਿਤਾ, ਵਣ ਰੇਂਜ ਅਫ਼ਸਰ ਜਤਿੰਦਰ ਸਿੰਘ ਵੀ ਹਾਜ਼ਰ ਸਨ।


Manoj

Content Editor

Related News