ਸਤਲੁਜ ਦਰਿਆ ਦੇ ਬੰਨ੍ਹ ਨੂੰ ਇਲਾਕੇ ਦੀ ਸੰਗਤ ਵਲੋਂ ਚੌੜਾ ਤੇ ਮਜ਼ਬੂਤ ਕੀਤਾ ਜਾ ਰਿਹੈ : ਸੰਤ ਸੀਚੇਵਾਲ

01/06/2020 1:18:01 AM

ਮੱਲ੍ਹੀਆਂ ਕਲਾਂ, (ਟੁੱਟ)— ਵਿਧਾਨ ਸਭਾ ਹਲਕਾ ਸ਼ਾਹਕੋਟ ਅਧੀਨ ਆਉਂਦੇ ਲੋਹੀਆਂ ਖਾਸ ਦੇ ਕਾਫੀ ਪਿੰਡ ਇਸ ਵਾਰ ਹੜ੍ਹ ਦੀ ਮਾਰ ਹੇਠ ਆ ਗਏ ਸਨ। ਸਤਲੁਜ ਦਰਿਆ ਦੀਆਂ ਵੱਖ-ਵੱਖ ਥਾਵਾਂ 'ਤੇ ਪਾੜ ਪੈ ਗਏ ਸਨ। ਜਿਸ ਨਾਲ ਲੋਹੀਆਂ ਖੇਤਰ ਦੇ ਦਰਜਨਾਂ ਪਿੰਡ ਹੜ੍ਹ ਦੇ ਪਾਣੀ ਦੀ ਮਾਰ ਹੇਠ ਆ ਗਏ ਸਨ। ਇਨ੍ਹਾਂ ਵਿਚਾਰਾਂ ਦੀ ਸਾਂਝ ਜਗ ਬਾਣੀ ਨਾਲ ਪ੍ਰਸਿੱਧ ਵਾਤਾਵਰਣ ਪ੍ਰੇਮੀ ਸੰਤ ਬਲਵੀਰ ਸੀਚੇਵਾਲ ਨੇ ਪਾਉਂਦਿਆਂ ਆਖਿਆ ਕਿ ਦਰਿਆ 'ਚ ਸਭ ਤੋਂ ਵੱਡਾ ਪਾੜ ਜਾਨੀਆ ਪਿੰਡ ਕੋਲ ਪੈ ਗਿਆ ਸੀ।
ਹੜ੍ਹਾਂ ਦੀ ਸਥਿਤੀ ਨਾਲ ਨਜਿੱਠਣ ਲਈ ਸੰਗਤਾਂ ਦੇ ਸਹਿਯੋਗ ਨਾਲ ਬੰਨ੍ਹ ਨੂੰ ਬੰਨ੍ਹ ਲਿਆ ਸੀ। ਬਾਕੀਆਂ ਨੂੰ ਵੀ ਸੰਤਾਂ-ਮਹਾਪੁਰਸ਼ਾਂ ਅਤੇ ਸੰਗਤ ਦੇ ਸਹਿਯੋਗ ਸਦਕਾ ਪੂਰਾ ਕੀਤਾ। ਉਨ੍ਹਾਂ ਕਿਹਾ ਕਿ ਜੇਕਰ ਇਲਾਕਾ ਹਿੰਮਤ ਨਾ ਮਾਰਦਾ ਤਾਂ ਹੜ੍ਹ ਨੇ ਹੋਰ ਤਬਾਹੀ ਮਚਾ ਦੇਣੀ ਸੀ। ਸਮਾਜ ਸੇਵੀ ਸੰਸਥਾਵਾਂ ਅਤੇ ਦਾਨੀ ਸੱਜਣਾਂ ਨੇ ਦਿਨ-ਰਾਤ ਇਕ ਕਰ ਕੇ ਹੜ੍ਹ ਪੀੜਤ ਪਰਿਵਾਰਾਂ ਦੀ ਸਹਾਇਤਾ ਕਰਨ 'ਚ ਕੋਈ ਕਸਰ ਨਹੀਂ ਛੱਡੀ। ਹੜ੍ਹ ਦੀ ਮਾਰ ਹੇਠ ਆਏ ਇਲਾਕੇ ਨੂੰ ਟਰੈਕਟਰਾਂ ਅਤੇ ਜੇ. ਸੀ. ਬੀ. ਮਸ਼ੀਨਾਂ ਰਾਹੀਂ ਜਲਦੀ ਹੀ ਜ਼ਮੀਨ ਨੂੰ ਵਾਹੀ ਯੋਗ ਬਣਾਇਆ। ਆਉਣ ਵਾਲੇ ਸਮੇਂ 'ਚ ਹੜ੍ਹਾਂ ਦੀ ਸਥਿਤੀ 'ਤੇ ਕਾਬੂ ਪਾਉਣ ਵਾਸਤੇ ਇਲਾਕੇ ਦੀ ਸੰਗਤ ਦੇ ਸਹਿਯੋਗ ਸਦਕਾ ਬੰਨ੍ਹ ਨੂੰ ਮਜ਼ਬੂਤ ਅਤੇ ਉੱਚਾ ਕਰਨ ਦਾ ਬੀੜਾ ਚੁੱਕਿਆ ਗਿਆ ਹੈ। ਜਿਸ ਨੂੰ 20 ਕਿਲੋਮੀਟਰ ਤੱਕ ਉੱਚਾ ਕਰ ਲਿਆ ਗਿਆ ਹੈ।
ਇਸ ਸਮੇਂ ਸਰਪੰਚ ਜੋਗਾ ਸਿੰਘ ਸਰਾਏ ਚੱਕ ਚੇਲਾ, ਸਮਾਜ ਸੇਵਕ ਅਤੇ ਐੱਨ. ਆਰ. ਆਈ. ਬਲਕਾਰ ਸਿੰਘ ਯੂ. ਕੇ., ਅਵਤਾਰ ਸਿੰਘ ਗਿੱਲ, ਤੇਗਾ ਸਿੰਘ ਸਰਾਏ, ਬਾਬਾ ਸ਼ੈਟੀ ਅਤੇ ਇਲਾਕੇ ਦੇ ਪਤਵੰਤੇ ਹਾਜ਼ਰ ਸਨ।


KamalJeet Singh

Content Editor

Related News