ਸੂਰਿਆ ਐਨਕਲੇਵ ਫਾਟਕ ''ਤੇ ਅੰਡਰਪਾਥ ਨਿਰਮਾਣ ਦੀ ਰੇਲਵੇ ਨੇ ਦਿੱਤੀ ਅਗਾਊਂ ਸੂਚਨਾ, 5 ਦਸੰਬਰ ਨੂੰ ਹੋਵੇਗਾ ਕੰਮ

Sunday, Dec 01, 2019 - 10:15 AM (IST)

ਸੂਰਿਆ ਐਨਕਲੇਵ ਫਾਟਕ ''ਤੇ ਅੰਡਰਪਾਥ ਨਿਰਮਾਣ ਦੀ ਰੇਲਵੇ ਨੇ ਦਿੱਤੀ ਅਗਾਊਂ ਸੂਚਨਾ, 5 ਦਸੰਬਰ ਨੂੰ ਹੋਵੇਗਾ ਕੰਮ

ਜਲੰਧਰ (ਚੋਪੜਾ)— ਸੂਰਿਆ ਐਨਕਲੇਵ ਫਾਟਕ 'ਤੇ ਅੰਡਰਪਾਥ ਦੇ ਨਿਰਮਾਣ ਦਾ ਕੰਮ 5 ਦਸੰਬਰ ਤੋਂ ਸ਼ੁਰੂ ਹੋਣ ਜਾ ਰਿਹਾ ਹੈ। ਇਸ ਸਬੰਧੀ ਰੇਲਵੇ ਵਿਭਾਗ ਨੇ ਡਿਪਟੀ ਕਮਿਸ਼ਨਰ ਨੂੰ ਪਹਿਲਾਂ ਹੀ ਸੂਚਨਾ ਭੇਜ ਦਿੱਤੀ ਹੈ ਤਾਂ ਜੋ ਰੇਲਵੇ ਫਾਟਕ ਬੰਦ ਹੋਣ ਕਾਰਣ ਸੜਕ ਦੇ ਟ੍ਰੈਫਿਕ ਨੂੰ ਡਾਈਵਰਟ ਕਰਨ ਲਈ ਜ਼ਿਲਾ ਪ੍ਰਸ਼ਾਸਨ ਜ਼ਰੂਰੀ ਕਦਮ ਉਠਾਏ ਤਾਂ ਜੋ ਰੇਲਵੇ ਅਤੇ ਆਮ ਜਨਤਾ ਨੂੰ ਸੜਕ ਬੰਦ ਹੋਣ ਕਾਰਣ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ।ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸੂਰਿਆ ਐਨਕਲੇਵ ਵੈੱਲਫੇਅਰ ਸੋਸਾਇਟੀ ਦੇ ਪ੍ਰਧਾਨ ਓਮਦੱਤ ਸ਼ਰਮਾ, ਰੋਸ਼ਨ ਲਾਲ ਸ਼ਰਮਾ, ਸਤੀਸ਼ ਸੈਣੀ, ਪ੍ਰੋ. ਪ੍ਰਦੀਪ ਭੰਡਾਰੀ, ਸਿਪਾਹੀ ਲਾਲ ਕਸ਼ਯਪ, ਰਾਜੀਵ ਧਮੀਜਾ, ਪੰਕਜ ਸ਼ਰਮਾ ਨੇ ਦੱਸਿਆ ਕਿ ਅੰਡਰਪਾਥ ਦੇ ਨਿਰਮਾਣ ਨਾਲ ਸੂਰਿਆ ਐਨਕਲੇਵ ਸੋਸਾਇਟੀ ਦਾ ਉਹ ਸੁਪਨਾ ਪੂਰਾ ਹੋਵੇਗਾ ਜੋ ਕਾਲੋਨੀ ਵਾਸੀਆਂ ਨੇ ਸਾਲ 2015 'ਚ ਵੇਖਿਆ ਸੀ।
ਉਨ੍ਹਾਂ ਕਿਹਾ ਕਿ ਰੋਜ਼ਾਨਾ ਕਈ ਵਾਰ ਫਾਟਕ ਬੰਦ ਹੋਣ ਨਾਲ ਰਾਹਗੀਰਾਂ ਅਤੇ ਕਾਲੋਨੀ ਵਾਸੀਆਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸੋਸਾਇਟੀ ਨੇ ਰੇਲਵੇ ਕਰਾਸਿੰਗ 'ਤੇ ਅੰਡਰਪਾਥ ਜਾਂ ਓਵਰਪਾਥ ਬਣਾਉਣ ਦੀ ਮੰਗ ਨੂੰ ਲੈ ਕੇ 10 ਅਕਤੂਬਰ 2015 ਨੂੰ ਕੇਂਦਰੀ ਰੇਲਵੇ ਮੰਤਰੀ ਸੁਰੇਸ਼ ਪ੍ਰਭੂ ਨੂੰ ਪੱਤਰ ਲਿਖਿਆ ਸੀ ਅਤੇ ਇਕ ਡਰਾਇੰਗ ਵੀ ਭੇਜੀ ਗਈ ਸੀ, ਜਿਸ ਨਾਲ ਵਿਭਾਗ ਨੂੰ ਇਸ ਸਬੰਧੀ ਕੁਝ ਸਹੂਲਤਾਂ ਮਿਲ ਸਕਣ।

ਰਾਜੀਵ ਧਮੀਜਾ ਨੇ ਦੱਸਿਆ ਕਿ ਸੋਸਾਇਟੀ ਨੇ ਰੇਲਵੇ ਵਿਭਾਗ ਦੇ ਅਧਿਕਾਰੀਆਂ ਨੂੰ ਲਗਾਤਾਰ ਇਸ ਬਾਰੇ ਜਾਣੂ ਕਰਵਾਇਆ ਅਤੇ ਆਖਿਰਕਾਰ 12 ਅਪ੍ਰੈਲ 2018 ਨੂੰ ਵਿਭਾਗ ਨੇ ਅੰਡਰਪਾਥ ਨੂੰ ਮਨਜ਼ੂਰੀ ਦੇ ਦਿੱਤੀ। ਸੋਸਾਇਟੀ ਦੇ ਅਹੁਦੇਦਾਰਾਂ ਨੇ ਦੱਸਿਆ ਕਿ ਇਸ ਸਫਲਤਾ ਵਿਚ ਹਲਕਾ ਵਿਧਾਇਕ ਰਾਜਿੰਦਰ ਬੇਰੀ ਦਾ ਵੱਡਾ ਯੋਗਦਾਨ ਰਿਹਾ ਹੈ। ਵਿਧਾਇਕ ਬੇਰੀ ਨੇ ਪੰਜਾਬ ਸਰਕਾਰ ਨਾਲ ਸਬੰਧਤ ਬਿਜਲੀ ਬੋਰਡ, ਨਗਰ ਨਿਗਮ, ਇੰਪਰੂਵਮੈਂਟ ਟਰੱਸਟ ਅਤੇ ਹੋਰ ਵਿਭਾਗਾਂ ਤੋਂ ਅਪੂਰਵਲ ਦਿਵਾਉਂਦੇ ਹੋਏ ਫਾਈਲ ਨੂੰ ਕਲੀਅਰ ਕਰਵਾਇਆ, ਜਿਸ ਤੋਂ ਬਾਅਦ ਯੋਜਨਾ ਨੂੰ ਅਮਲੀ ਜਾਮਾ ਪਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਅੰਡਰਪਾਥ ਬਣਨ ਨਾਲ ਰਾਜੀਵ ਗਾਂਧੀ ਵਿਹਾਰ, ਗੁਰੂ ਗੋਬਿੰਦ ਸਿੰਘ ਐਵੇਨਿਊ, ਏਕਤਾ ਨਗਰ, ਬਸ਼ੀਰਪੁਰਾ, ਠਾਕੁਰ ਸਿੰਘ ਕਾਲੋਨੀ, ਕਮਲ ਵਿਹਾਰ, ਕਾਜ਼ੀ ਮੰਡੀ ਦੇ ਨਾਲ ਤੇ ਪੁਰਾਣੇ ਸ਼ਹਿਰ ਦੇ ਲਗਭਗ ਇਕ ਲੱਖ ਵਾਸੀਆਂ ਨੂੰ ਇਸ ਦਾ ਲਾਭ ਮਿਲੇਗਾ।


Related News