ਸੁਲਤਾਨਪੁਰ ਲੋਧੀ ਵਿਖੇ ਢਾਰੇ ਨੂੰ ਅਚਾਨਕ ਲੱਗੀ ਅੱਗ, 1 ਦੀ ਮੌਤ

06/02/2022 6:20:43 PM

ਸੁਲਤਾਨਪੁਰ ਲੋਧੀ (ਧੀਰ)-ਪਿੰਡ ਫੱਤੋਵਾਲ ਕੋਠੇ ਵਿਖੇ ਕਾਨਿਆਂ ਦੇ ਛੱਪਰ ਨੂੰ ਅਚਾਨਕ ਅੱਗ ਲੱਗਣ ਨਾਲ ਉਸ ਹੇਠਾਂ ਬੰਨੀਆਂ 8 ਗਾਵਾਂ ਅੱਗ ਦੀ ਲਪੇਟ ਵਿਚ ਆ ਗਈਆਂ, ਜਿਨ੍ਹਾਂ ਵਿਚੋਂ 1 ਗਾਂ ਜੋਕਿ 2-3 ਦਿਨਾਂ ਬਾਅਦ ਸੂਣ ਵਾਲੀ ਸੀ, ਦੀ ਮੌਕੇ ’ਤੇ ਹੀ ਮੌਤ ਹੋ ਗਈ। ਜਾਣਕਾਰੀ ਦਿੰਦਿਆਂ ਸਤਵਿੰਦਰ ਕੌਰ ਪਤਨੀ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਸਵੇਰੇ ਲਗਪਗ 8 ਵਜੇ ਦੇ ਕਰੀਬ ਭਈਏ ਮਜ਼ਦੂਰ ਜੋ ਲਾਗੇ ਟਰਾਲੀ ਵਿਚ ਰੂੜੀ ਲੱਦ ਰਹੇ ਸਨ ਨੇ ਰੌਲਾ ਪਾਇਆ ਕਿ ਅੱਗ ਲੱਗ ਗਈ ਹੈ। ਅਸੀਂ ਘਰੋਂ ਭੱਜੇ ਆਏ ਅਤੇ ਵੇਖਿਆ ਕਿ ਗਾਈਆਂ ਵਾਲੇ ਢਾਰੇ ਨੂੰ ਅੱਗ ਲੱਗੀ ਹੋਈ ਸੀ। ਮੈਂ ਅਤੇ ਮੇਰੇ ਲੜਕੇ ਨੇ ਬਲਦੇ ਛੱਪਰ ਵਿਚ ਵੜ ਕੇ 3-4 ਗਾਵਾਂ ਦੇ ਰੱਸੇ ਵੱਢ ਦਿੱਤੇ ਤੇ 1 ਗਾਂ ਜੋਕਿ 2-3 ਦਿਨ ਬਾਅਦ ਸੂਣ ਵਾਲੀ ਸੀ, ਉਸ ਉੱਪਰ ਅੱਗ ਲੱਗੀ ਵਾਲਾ ਛੱਪਰ ਡਿੱਗ ਪਿਆ ਅਤੇ ਉਹ ਬੁਰੀ ਤਰ੍ਹਾਂ ਝੁਲਸ ਕੇ ਮਰ ਗਈ।

ਇਹ ਵੀ ਪੜ੍ਹੋ: ਸਿੱਧੂ ਮੂਸੇਵਾਲਾ ਦੇ ਘਰ ਪੁੱਜੇ ਸੁਖਬੀਰ ਬਾਦਲ ਤੇ ਬੀਬੀ ਬਾਦਲ, ਵੰਡਾਇਆ ਪਰਿਵਾਰ ਨਾਲ ਦੁੱਖ਼

ਉਨ੍ਹਾਂ ਦੱਸਿਆ ਕਿ ਉਹ ਗਾਵਾਂ ਦਾ ਬਚਾਅ ਕਰਦੇ ਹੋਏ ਖ਼ੁਦ ਅੱਗ ਦੀ ਲਪੇਟ ਵਿਚ ਆ ਗਏ ਅਤੇ ਬੜੀ ਮੁਸ਼ਕਿਲ ਨਾਲ ਅੱਗ ਵਿਚੋਂ ਬਾਹਰ ਨਿਕਲੇ। ਸਤਵਿੰਦਰ ਕੌਰ ਨੇ ਭਰੇ ਮਨ ਨਾਲ ਦੱਸਿਆ ਕਿ ਅਸੀਂ ਆਪਣੀ ਰੋਜ਼ੀ ਰੋਟੀ ਦੇ ਸਾਧਨ ਵਜੋਂ ਇਨ੍ਹਾਂ ਗਾਵਾਂ ਦਾ ਪਾਲਣ ਪੋਸ਼ਣ ਕਰਦੇ ਸੀ ਅਤੇ ਦੁੱਧ ਵੇਚ ਕੇ ਹੀ ਘਰ ਦਾ ਗੁਜ਼ਾਰਾ ਕਰਦੇ ਹਾਂ। ਉਨ੍ਹਾਂ ਦੱਸਿਆ ਕਿ ਮੇਰਾ ਪਤੀ ਪਿਛਲੇ ਲੰਮੇ ਸਮੇਂ ਤੋਂ ਬੀਮਾਰ ਹੈ, ਜਿਸ ਦਾ ਜ਼ਮੀਨ ਵੇਚ ਕੇ ਇਲਾਜ ਕਰਵਾ ਰਹੇ ਹਾਂ।

ਉਨ੍ਹਾਂ ਦੱਸਿਆ ਕਿ ਅੱਗ ਨਾਲ ਦੁੱਧ ਚੋਣ ਵਾਲੀ ਮਸ਼ੀਨ ਤੇ ਹੋਰ ਸਾਮਾਨ ਵੀ ਸਡ਼ ਕੇ ਸਵਾਹ ਹੋ ਗਿਆ। ਅੱਗ ਲੱਗਣ ਨਾਲ ਤਕਰੀਬਨ 4 ਲੱਖ ਦਾ ਨੁਕਸਾਨ ਹੋ ਗਿਆ ਹੈ, ਜਿਸ ਨਾਲ ਸਾਡੀ ਮੰਦਹਾਲੀ ਹਾਲਤ ਹੋਰ ਕਮਜ਼ੋਰ ਹੋ ਜਾਵੇਗੀ। ਪਿੰਡ ਦੇ ਸਰਪੰਚ ਜਸਪਾਲ ਸਿੰਘ, ਸੁਖਵਿੰਦਰ ਸਿੰਘ, ਅਮਰੀਕ ਸਿੰਘ, ਹਰਭਜਨ ਸਿੰਘ ਮੈਂਬਰ, ਬਲਦੇਵ ਸਿੰਘ ਮੈਂਬਰ, ਜਸ਼ਨਪ੍ਰੀਤ ਸਿੰਘ ਨੇ ਸਰਕਾਰ ਅਤੇ ਪ੍ਰਸ਼ਾਸਨ ਪਾਸੋਂ ਮੰਗ ਕੀਤੀ ਹੈ ਕਿ ਇਸ ਗ਼ਰੀਬ ਪਰਿਵਾਰ ਦੀ ਆਰਥਿਕ ਤੌਰ ’ਤੇ ਵੱਧ ਤੋਂ ਵੱਧ ਮਦਦ ਕੀਤੀ ਜਾਵੇ ਤਾਂ ਜੋ ਇਹ ਪਰਿਵਾਰ ਆਪਣਾ ਗੁਜਾਰਾ ਕਰ ਸਕੇ। ਉਨ੍ਹਾਂ ਸਮਾਜਿਕ ਤੇ ਕਿਸਾਨ ਜਥੇਬੰਦੀਆਂ ਨੂੰ ਵੀ ਅਪੀਲ ਕੀਤੀ ਕਿ ਇਸ ਗਰੀਬ ਪਰਿਵਾਰ ਦੀ ਆਰਥਿਕ ਹਾਲਤ ਨੂੰ ਦੇਖਦਿਆਂ ਮਾਲੀ ਮਦਦ ਕੀਤੀ ਜਾਵੇ ਤਾਂ ਜੋ ਇਹ ਪਰਿਵਾਰ ਆਪਣਾ ਪਾਲਣ ਪੋਸ਼ਣ ਕਰ ਸਕੇ।

ਇਹ ਵੀ ਪੜ੍ਹੋ: ਜਲੰਧਰ ਵੈਸਟ ਤੋਂ ਵੱਡੀ ਖ਼ਬਰ, 'ਆਪ' ਵਿਧਾਇਕ ਸ਼ੀਤਲ ਅੰਗੁਰਾਲ ਦੇ ਗੰਨਮੈਨ ਦੀ ਗੋਲ਼ੀ ਲੱਗਣ ਨਾਲ ਮੌਤ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


shivani attri

Content Editor

Related News