ਸਟੱਡੀ ਐਕਸਪ੍ਰੈੱਸ ਦੇ ਮਾਲਕ ਕਪਿਲ ਸ਼ਰਮਾ ਦੀ ਮਾਂ ਦਿੱਲੀ ਤੋਂ ਗ੍ਰਿਫਤਾਰ

08/26/2019 11:01:20 AM

ਜਲੰਧਰ (ਕਮਲੇਸ਼)— ਕਈ ਲੋਕਾਂ ਨਾਲ ਠੱਗੀ ਮਾਰ ਚੁੱਕੇ ਸਟੱਡੀ ਐਕਸਪ੍ਰੈੱਸ ਦੇ ਮਾਲਕ ਕਪਿਲ ਸ਼ਰਮਾ ਦੀ ਮਾਂ ਨੂੰ ਬਾਰਾਦਰੀ ਪੁਲਸ ਨੇ ਦਿੱਲੀ ਤੋਂ ਗ੍ਰਿਫਤਾਰ ਕਰ ਲਿਆ ਹੈ। ਪੁਲਸ ਉਨ੍ਹਾਂ ਦੇ ਕੋਲੋਂ ਕਪਿਲ ਦੀ ਲੋਕੇਸ਼ਨ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਜ਼ਿਕਰਯੋਗ ਹੈ ਕਿ ਕਪਿਲ ਸ਼ਰਮਾ 'ਤੇ ਵਿਦੇਸ਼ ਭੇਜਣ ਦੇ ਨਾਂ 'ਤੇ 29 ਲੋਕਾਂ ਨਾਲ ਠੱਗੀ ਕਰਨ ਦੇ ਮਾਮਲੇ ਦਰਜ ਹਨ।  ਥਾਣਾ ਨਵੀਂ ਬਾਰਾਂਦਰੀ ਦੀ ਪੁਲਸ ਨੂੰ ਪਿੰਕੀ ਦੇ ਦਿੱਲੀ ਲੁਕੇ ਹੋਣ ਬਾਰੇ ਪਤਾ ਲੱਗ ਗਿਆ ਸੀ, ਜਿਸ ਤੋਂ ਬਾਅਦ ਪੁਲਸ ਟੀਮ ਨੇ ਦਿੱਲੀ ਵਿਚ ਰੇਡ ਕਰਕੇ ਪਿੰਕੀ ਨੂੰ ਗ੍ਰਿਫਤਾਰ ਕਰ ਲਿਆ। ਦਿੱਲੀ ਤੋਂ ਜਲੰਧਰ ਲਿਆ ਕੇ ਪੁਲਸ ਨੇ ਪਿੰਕੀ ਸ਼ਰਮਾ ਨੂੰ ਅਦਾਲਤ ’ਚ ਪੇਸ਼ ਕਰਕੇ ਤਿੰਨ ਦਿਨਾਂ ਦੇ ਰਿਮਾਂਡ ’ਤੇ ਲਿਆ ਹੈ।

ਪਿੰਕੀ ਸ਼ਰਮਾ ਦੀ ਗ੍ਰਿਫਤਾਰੀ ਤੋਂ ਬਾਅਦ ਹੁਣ ਕਪਿਲ ਸ਼ਰਮਾ, ਉਸ ਦੀ ਪਤਨੀ ਅਨੀਤਾ ਅਤੇ ਹੋਰ ਮੁਲਜ਼ਮਾਂ ਦੀ ਗ੍ਰਿਫਤਾਰੀ ਦੀ ਉਮੀਦ ਜਾਗੀ ਹੈ। ਭਾਵੇਂ ਕਿ ਪਿੰਕੀ ਸ਼ਰਮਾ ਦਾ ਦਾਅਵਾ ਹੈ ਕਿ ਉਸ ਨੂੰ ਕਪਿਲ ਸ਼ਰਮਾ ਬਾਰੇ ਕੁਝ ਨਹੀਂ ਪਤਾ ਪਰ ਪੁਲਸ ਇਸ ਦਾਅਵੇ ਨੂੰ ਸਿਰੇ ਤੋਂ ਨਕਾਰ ਰਹੀ ਹੈ। ਪੁਲਸ ਦਾ ਮੰਨਣਾ ਹੈ ਕਿ ਪਿੰਕੀ ਨੂੰ ਉਸ ਦੇ ਪੁੱਤਰ ਅਤੇ ਨੂੰਹ ਬਾਰੇ ਸਾਰੀ ਜਾਣਕਾਰੀ ਹੈ ਅਤੇ ਜਲਦੀ ਹੀ ਪੁੱਛਗਿੱਛ ਵਿਚ ਉਨ੍ਹਾਂ ਦੀ ਲੋਕੇਸ਼ਨ ਦਾ ਪਤਾ ਲਗਵਾ ਕੇ ਉਨ੍ਹਾਂ ਨੂੰ ਵੀ ਗ੍ਰਿਫਤਾਰ ਕਰ ਲਿਆ ਜਾਵੇਗਾ। ਥਾਣਾ ਨਵੀਂ ਬਾਰਾਂਦਰੀ ਦੇ ਐੱਸ. ਐੱਚ. ਓ. ਬਿਕਰਮ ਸਿੰਘ ਨੇ ਦੱਸਿਆ ਕਿ ਕਪਿਲ ਸ਼ਰਮਾ ਦੀ ਮਾਂ ਪਿੰਕੀ ਸ਼ਰਮਾ ਬਾਰਾਂਦਰੀ ਥਾਣੇ ਵਿਚ ਦਰਜ ਐੱਫ. ਆਈ. ਆਰ. ਨੰਬਰ 71 ਵਿਚ ਲੋੜੀਂਦੀ ਸੀ, ਜਿਸ ਵਿਚ ਉਸ ਦੀ ਗ੍ਰਿਫਤਾਰੀ ਦਿਖਾਈ ਗਈ ਹੈ। ਉਸ ਦੇ ਖਿਲਾਫ ਲਗਭਗ ਤਿੰਨ ਕੇਸ ਦਰਜ ਹਨ। ਕੇਸ ਦਰਜ ਹੋਣ ਤੋਂ ਬਾਅਦ ਕੁਝ ਦਿਨ ਤਾਂ ਜਲੰਧਰ ਵਿਚ ਹੀ ਟਿਕਾਣੇ ਬਦਲ-ਬਦਲ ਕੇ ਰਹਿੰਦੀ ਰਹੀ ਅਤੇ ਬਾਅਦ ਵਿਚ ਦਿੱਲੀ ਵਿਚ ਕਰੀਬੀ ਰਿਸ਼ਤੇਦਾਰਾਂ ਕੋਲ ਰੁਕ ਗਈ। ਕੁਝ ਸਮਾਂ ਪਹਿਲਾਂ ਸਟੱਡੀ ਐਕਸਪ੍ਰੈੱਸ ਦੇ ਮਾਲਕ ਕਪਿਲ ਸ਼ਰਮਾ ਦੇ ਬਾਰੇ ਮੁੰਬਈ ’ਚ ਇਨਪੁਟ ਮਿਲੇ ਸਨ ਪਰ ਜਿਉਂ ਹੀ ਪੁਲਸ ਟੀਮ ਮੁੰਬਈ ਪਹੁੰਚੀ ਤਾਂ ਕਪਿਲ ਸ਼ਰਮਾ ਫਰਾਰ ਹੋ ਗਿਆ ਸੀ। ਉਸ ਤੋਂ ਬਾਅਦ ਕਪਿਲ ਸ਼ਰਮਾ ਦੀ ਕੋਈ ਸੂਚਨਾ ਨਹੀਂ ਹੈ। ਪੁਲਸ ਹੁਣ ਪਿੰਕੀ ਸ਼ਰਮਾ ਨੂੰ ਰਿਮਾਂਡ ’ਤੇ ਲੈ ਕੇ ਪੁੱਛਗਿੱਛ ਕਰ ਰਹੀ ਹੈ। ਜਲਦੀ ਹੀ ਪੁਲਸ ਨਵੇਂ ਖੁਲਾਸੇ ਕਰ ਸਕਦੀ ਹੈ।

PunjabKesari
ਬੇਟੇ ਨੂੰ ਬਚਾਉਣ ਤੋਂ ਲੈ ਕੇ ਚੈੱਕ ਦੇਣ ਦਾ ਕੰਮ ਕਰਦੀ ਸੀ ਪਿੰਕੀ
ਐੱਫ. ਆਈ. ਆਰ. ਨੰਬਰ 71 ਵਿਚ ਪਿੰਕੀ ਸ਼ਰਮਾ ’ਤੇ ਗੁਰਪ੍ਰੀਤ ਸਿੰਘ ਵਾਸੀ ਫਿਰੋਜ਼ਪੁਰ ਨੇ ਦੋਸ਼ ਲਾਏ ਸਨ ਕਿ ਕਪਿਲ ਸ਼ਰਮਾ, ਉਸ ਦੀ ਪਤਨੀ ਅਨੀਤ ਸ਼ਰਮਾ ਨੂੰ ਵਿਦੇਸ਼ ਜਾਣ ਲਈ ਕੁੱਲ 10, 22,950 ਰੁਪਏ ਦਿੱਤੇ। ਵੀਜ਼ਾ ਰਿਫਿਊਜ਼ ਹੋਣ ਕਾਰਣ ਜਦੋਂ ਉਨ੍ਹਾਂ ਪੈਸੇ ਵਾਪਸ ਮੰਗਣੇ ਸ਼ੁਰੂ ਕੀਤੇ ਤਾਂ ਘਰ ਜਾਣ ’ਤੇ ਉਨ੍ਹਾਂ ਨੂੰ ਪਿੰਕੀ ਸ਼ਰਮਾ ਮਿਲੀ। ਪਿੰਕੀ ਨੇ ਉਨ੍ਹਾਂ ਨੂੰ ਚੈੱਕ ਦਿੱਤਾ ਸੀ ਪਰ ਕੁੱਝ ਸਮੇਂ ਬਾਅਦ ਦੂਜਾ ਚੈੱਕ ਦੇਣ ਦਾ ਝਾਂਸਾ ਦਿੱਤਾ। ਟਾਲਮਟੋਲ ਕਰ ਕੇ ਉਸ ਨੇ ਕਾਫੀ ਸਮਾਂ ਕੱਢ ਦਿੱਤਾ ਪਰ ਪੈਸੇ ਵਾਪਸ ਨਹੀਂ ਮੋੜੇ। ਬਾਅਦ ਵਿਚ ਪਿੰਕੀ ਸ਼ਰਮਾ ਨੇ ਉਨ੍ਹਾਂ ਦਾ ਫੋਨ ਚੁੱਕਣਾ ਹੀ ਬੰਦ ਕਰ ਦਿੱਤਾ।

ਕਪਿਲ ’ਤੇ ਧੋਖਾਦੇਹੀ ਦੇ 29 ਕੇਸ ਹਨ ਦਰਜ
ਸਟੱਡੀ ਐਕਸਪ੍ਰੈੱਸ ਦੇ ਮਾਲਕ ਕਪਿਲ ਸ਼ਰਮਾ ’ਤੇ ਕੁਝ ਹੀ ਸਮੇਂ ਦੇ ਅੰਦਰ 29 ਕੇਸ ਦਰਜ ਹੋਏ ਸਨ। ਕਪਿਲ ਤੋਂ ਇਲਾਵਾ ਉਸ ਦੀ ਪਤਨੀ ਅਨੀਤਾ ਸ਼ਰਮਾ, ਮਾਂ ਤੇ ਹੋਰ ਸਟਾਫ ਦੇ ਮੈਂਬਰ ਵੀ ਸ਼ਾਮਲ ਸਨ। ਇਨ੍ਹਾਂ ਕੇਸਾਂ ਵਿਚ ਪਿੰਕੀ ਸ਼ਰਮਾ ਦੀ ਦੂਜੀ ਗ੍ਰਿਫਤਾਰੀ ਹੈ, ਜਦੋਂਕਿ ਕਪਿਲ ਦੇ ਡਰਾਈਵਰ ਬਿੱਟਾ ਨੂੰ ਪੁਲਸ ਪਹਿਲਾਂ ਹੀ ਗ੍ਰਿਫਤਾਰ ਕਰਕੇ ਜੇਲ ਭੇਜ ਚੁੱਕੀ ਹੈ। ਜਿਉਂ ਹੀ ਕਪਿਲ ਸ਼ਰਮਾ ’ਤੇ ਕੇਸ ਦਰਜ ਹੋਣੇ ਸ਼ੁਰੂ ਹੋਏ ਤਾਂ ਕਪਿਲ ਸ਼ਰਮਾ ਨੇ ਆਪਣੇ ਦਫਤਰ ਬੰਦ ਕਰ ਦਿੱਤੇ ਸਨ। ਦਫਤਰਾਂ ਦੇ ਮਾਲਕਾਂ ਦੇ ਪੈਸੇ ਵੀ ਉਹ ਦੇ ਕੇ ਨਹੀਂ ਗਿਆ ਸੀ।

ਪੈਸੇ ਲੈਣ ਤੋਂ ਬਾਅਦ ਧਮਕਾਉਂਦਾ ਸੀ ਸਟਾਫ
ਲੋਕਾਂ ਨੂੰ ਵਿਦੇਸ਼ ਭੇਜਣ ਦੇ ਨਾਂ ’ਤੇ ਪੈਸੇ ਲੈ ਕੇ ਕਪਿਲ ਸ਼ਰਮਾ ਦਾ ਸਟਾਫ ਉਕਤ ਲੋਕਾਂ ਨੂੰ ਡਰਾਉਂਦਾ-ਧਮਕਾਉਂਦਾ ਸੀ। ਪੁਲਸ ਨੇ ਸਟੱਡੀ ਐਕਸਪ੍ਰੈੱਸ ਵਿਚ ਕੰਮ ਕਰਨ ਵਾਲੀ ਹੈੱਡ ਕਾਊਂਸਲਰ ਹਿਨਾ, ਅਕਾਊਂਟੈਂਟ ਆਸ਼ੀਸ਼ ਬਖਸ਼ੀ ਅਤੇ ਡਰਾਈਵਰ ਬਿੱਟਾ ਨੂੰ ਨਾਮਜ਼ਦ ਕੀਤਾ ਸੀ। ਪੁਲਸ ਅਜੇ ਤੱਕ ਡਰਾਈਵਰ ਨੂੰ ਛੱਡ ਕੇ ਸਟਾਫ ਦੇ ਮੈਂਬਰਾਂ ਨੂੰ ਵੀ ਗ੍ਰਿਫਤਾਰ ਕਰਨ ਵਿਚ ਅਸਫਲ ਰਹੀ।
ਆਕਾ ਦੀ ਵੀ ਵਧ ਸਕਦੀ ਹੈ ਪ੍ਰੇਸ਼ਾਨੀ
ਪਿੰਕੀ ਸ਼ਰਮਾ ਦੀ ਗ੍ਰਿਫਤਾਰੀ ਤੋਂ ਬਾਅਦ ਹੁਣ ਕਪਿਲ ਸ਼ਰਮਾ ਦੇ ਆਕਾ ਦੀ ਵੀ ਪ੍ਰੇਸ਼ਾਨੀ ਵਧ ਸਕਦੀ ਹੈ। ਇਹ ਹੀ ਆਕਾ ਸਮਾਜ ਸੇਵਕ ਦਾ ਚੋਲਾ ਪਾ ਕੇ ਕਪਿਲ ਸ਼ਰਮਾ ਦੇ ਫਰਾਡ ਤੇ ਉਸ ਨੂੰ ਸਰਪ੍ਰਸਤੀ ਦੇ ਰਿਹਾ ਸੀ। ਜੇਕਰ ਪਿੰਕੀ ਦੀ ਪੁੱਛਗਿੱਛ ਵਿਚ ਆਕਾ ਦਾ ਨਾਂ ਆਉਂਦਾ ਹੈ ਤਾਂ ਪੁਲਸ ਉਸ ਨੂੰ ਵੀ ਧਾਰਾ 120-ਬੀ ਦੇ ਅਧੀਨ ਨਾਮਜ਼ਦ ਕਰ ਸਕਦੀ ਹੈ।


shivani attri

Content Editor

Related News