ਜਲੰਧਰ ਵਿਖੇ ਮਕਸੂਦਾਂ ਸਬਜ਼ੀ ਮੰਡੀ ’ਚ ਨਹੀਂ ਰੁਕ ਰਹੀ ਮਾਰਕੀਟ ਕਮੇਟੀ ਦੀ ਫ਼ੀਸ ਚੋਰੀ
Monday, Oct 03, 2022 - 01:18 PM (IST)

ਜਲੰਧਰ (ਜ.ਬ.)- ਮਕਸੂਦਾਂ ਸਬਜ਼ੀ ਮੰਡੀ ਵਿਚ ਇਸ ਸਮੇਂ ਮਾਰਕੀਟ ਕਮੇਟੀ ਦੀ ਫ਼ੀਸ ਦੀ ਸ਼ਰੇਆਮ ਚੋਰੀ ਹੋ ਰਹੀ ਹੈ। ਹਾਲਾਂਕਿ ਕਾਫ਼ੀ ਸਮਾਂ ਪਹਿਲਾਂ ਆੜ੍ਹਤੀਆਂ ਦੇ ਗਰੁੱਪ ਨੇ ਐਤਵਾਰ ਨੂੰ ਕੋਈ ਵੀ ਮੰਡੀ ਲਾਉਣ ਤੋਂ ਮਨ੍ਹਾ ਕਰ ਦਿੱਤਾ ਸੀ ਪਰ ਹੁਣ ਚਰਚਾ ਹੈ ਕਿ ਇਹ ਐਲਾਨ ਇਸ ਲਈ ਕੀਤਾ ਗਿਆ ਕਿਉਂਕਿ ਮਾਰਕੀਟ ਕਮੇਟੀ ਦੇ ਅਧਿਕਾਰੀ ਐਤਵਾਰ ਨੂੰ ਆਉਣਾ ਬੰਦ ਕਰ ਦੇਣ ਅਤੇ ਕੁਝ ਆੜ੍ਹਤੀ ਇਸ ਦਾ ਫਾਇਦਾ ਉਠਾਉਂਦਿਆਂ ਸ਼ਰੇਆਮ ਸਬਜ਼ੀਆਂ ਖ਼ਰੀਦ ਕੇ ਮਾਰਕੀਟ ਕਮੇਟੀ ਦੀ ਫ਼ੀਸ ਚੋਰੀ ਕਰਕੇ ਆਪਣੀਆਂ ਜੇਬਾਂ ਭਰ ਲੈਣ।
‘ਜਗ ਬਾਣੀ’ ਨੇ ਐਤਵਾਰ ਤੜਕੇ 3.30 ਵਜੇ ਦੇ ਲਗਭਗ ਮਕਸੂਦਾਂ ਸਬਜ਼ੀ ਮੰਡੀ ਦੇ ਹਾਲਾਤ ਵੇਖੇ ਤਾਂ ਹਿਮਾਚਲ ਪ੍ਰਦੇਸ਼ ਸਮੇਤ ਪੰਜਾਬ ਅਤੇ ਚੰਡੀਗੜ੍ਹ ਤੋਂ ਆਉਣ ਵਾਲੇ ਵਾਹਨ ਅਨਲੋਡ ਹੋ ਰਹੇ ਸਨ। ਉੱਥੇ ਪ੍ਰਚੂਨ ਵਾਲਿਆਂ ਲਈ ਬੋਲੀ ਵੀ ਲਾਈ ਜਾ ਰਹੀ ਸੀ। ਅਜਿਹੀ ਕੋਈ ਸਬਜ਼ੀ ਨਹੀਂ ਸੀ, ਜਿਸ ਦੀ ਬੋਲੀ ਨਾ ਹੋ ਰਹੀ ਹੋਵੇ। ਜਿਹੜੇ-ਜਿਹੜੇ ਵਾਹਨ ਅਨਲੋਡ ਹੋ ਰਹੇ ਸਨ, ਉਨ੍ਹਾਂ ’ਚੋਂ ਕੰਡਾ ਕੱਢ ਕੇ ਆੜ੍ਹਤੀਆਂ ਦੇ ਦਰਵਾਜ਼ਿਆਂ ’ਤੇ ਸਬਜ਼ੀਆਂ ਰੱਖੀਆਂ ਜਾ ਰਹੀਆਂ ਸਨ, ਜਦਕਿ ਆੜ੍ਹਤੀਆਂ ਦੇ ਮੁਨਸ਼ੀ ਆਪਣੀ ਕਿਤਾਬ ’ਚ ਸਾਰਾ ਵੇਰਵਾ ਲਿਖ ਰਹੇ ਸਨ ਪਰ ਉਥੇ ਮਾਰਕੀਟ ਕਮੇਟੀ ਦਾ ਇਕ ਵੀ ਕਰਮਚਾਰੀ ਨਹੀਂ ਸੀ, ਜਿਹੜਾ ਸਹੀ ਕਿਲੋਗ੍ਰਾਮ ਜਾਂ ਕੁਇੰਟਲ ਦੇ ਰੂਪ ਵਿਚ ਡਿਟੇਲ ਦਾ ਰਿਕਾਰਡ ਬਣਾ ਸਕੇ। ਖਾਨਾਪੂਰਤੀ ਲਈ ਮਾਰਕੀਟ ਕਮੇਟੀ ਦਾ ਇਕ ਮੈਂਬਰ ਮਕਸੂਦਾਂ ਮੰਡੀ ਦੇ ਸਿਰਫ਼ ਇਕ ਗੇਟ ’ਤੇ ਤਾਇਨਾਤ ਸੀ, ਜਦਕਿ ਹੋਰ ਗੇਟਾਂ ਤੋਂ ਹਿਮਾਚਲ, ਪੰਜਾਬ ਅਤੇ ਚੰਡੀਗੜ੍ਹ ਤੋਂ ਆਉਣ ਵਾਲੀਆਂ ਸਬਜ਼ੀਆਂ ਬਿਨਾਂ ਡਿਟੇਲ ਲਿਖਵਾਏ ਅੰਦਰ ਜਾ ਰਹੀਆਂ ਸਨ। ਹਾਲਾਂਕਿ ਪਾਰਕਿੰਗ ਠੇਕੇਦਾਰ ਦੇ ਕਰਿੰਦੇ ਉਥੇ ਹਰ ਵਾਹਨ ਨੂੰ ਪਰਚੀ ਲਾ ਰਹੇ ਸਨ ਪਰ ਸਬਜ਼ੀਆਂ ਦਾ ਵਜ਼ਨ ਨਹੀਂ ਕੀਤਾ ਜਾ ਰਿਹਾ ਸੀ।
ਇਹ ਵੀ ਪੜ੍ਹੋ: ਪੰਜਾਬ ’ਚ ਭ੍ਰਿਸ਼ਟਾਚਾਰੀਆਂ ਖ਼ਿਲਾਫ਼ ਹੋਈ ਸਖ਼ਤ ਕਾਰਵਾਈ, ਹੁਣ ਗੁਜਰਾਤ ਵੀ ਬਦਲਾਅ ਦੇ ਰਾਹ ’ਤੇ: ਭਗਵੰਤ ਮਾਨ
ਸੂਤਰਾਂ ਦੀ ਮੰਨੀਏ ਤਾਂ ਐਤਵਾਰ ਨੂੰ ਆਉਣ ਵਾਲੀਆਂ ਸਬਜ਼ੀਆਂ ਦੀ ਮਾਰਕੀਟ ਕਮੇਟੀ ਦੀ ਫ਼ੀਸ ਨਾ ਭਰ ਕੇ ਹਰ ਹਫ਼ਤੇ ਲੱਖਾਂ ਰੁਪਏ ਦੀ ਕਮਾਈ ਕੀਤੀ ਜਾਂਦੀ ਹੈ, ਜਦਕਿ ਮਾਰਕੀਟ ਕਮੇਟੀ ਨੂੰ ਨਾਂਹ ਦੇ ਬਰਾਬਰ ਹੀ ਫ਼ੀਸ ਅਦਾ ਕੀਤੀ ਜਾਂਦੀ ਹੈ। ਮਕਸੂਦਾਂ ਮੰਡੀ ਵਿਚ ਹੋ ਰਹੇ ਘਪਲੇ ਵੱਲ ਸਰਕਾਰ ਦਾ ਕੋਈ ਧਿਆਨ ਨਹੀਂ ਹੈ, ਜਿਸ ਕਾਰਨ ਹਰ ਐਤਵਾਰ ਸਰਕਾਰ ਨੂੰ ਲੱਖਾਂ ਰੁਪਏ ਦਾ ਚੂਨਾ ਲੱਗ ਜਾਂਦਾ ਹੈ। ਜੇਕਰ ਮਾਰਕੀਟ ਕਮੇਟੀ ਐਤਵਾਰ ਨੂੰ ਸਖ਼ਤੀ ਕਰੇ ਅਤੇ ਮੰਡੀ ਵਿਚ ਆਉਣ ਵਾਲੀ ਗੱਡੀ ਦੀ ਬਿਲਟੀ ਲੈਣ ਤੋਂ ਬਾਅਦ ਖ਼ੁਦ ਮਾਲ ਦਾ ਵਜ਼ਨ ਕਰ ਲਵੇ ਤਾਂ ਸਾਰੀ ਸੱਚਾਈ ਸਭ ਦੇ ਸਾਹਮਣੇ ਆ ਸਕਦੀ ਹੈ ਪਰ ਮਾਰਕੀਟ ਕਮੇਟੀ ਦੇ ਅਧਿਕਾਰੀ ਨੂੰ ਸਿਰਫ਼ ਆਪਣੀ ਤਨਖ਼ਾਹ ਨਾਲ ਮਤਲਬ ਰਹਿ ਗਿਆ ਹੈ, ਜਿਸ ਕਾਰਨ ਐਤਵਾਰ ਨੂੰ ਲੱਗਣ ਵਾਲੀ ਨਾਜਾਇਜ਼ ਮੰਡੀ ’ਤੇ ਕਿਸੇ ਦਾ ਧਿਆਨ ਨਹੀਂ ਪਿਆ।
ਮਹਿੰਗੀਆਂ ਸਬਜ਼ੀਆਂ ’ਚ ਹੋ ਰਿਹਾ ਸਭ ਤੋਂ ਜ਼ਿਆਦਾ ਘਪਲਾ
ਮਕਸੂਦਾਂ ਮੰਡੀ ਨਾਲ ਸਬੰਧਤ ਸੂਤਰਾਂ ਅਨੁਸਾਰ ਜਦੋਂ ਧਨੀਆ 400 ਰੁਪਏ ਕਿਲੋ ਤੱਕ ਪਹੁੰਚ ਗਿਆ ਸੀ ਤਾਂ ਕੁਝ ਆੜ੍ਹਤੀਆਂ ਨੇ ਬਿਹਾਰ, ਹਿਮਾਚਲ ਤੇ ਹੋਰ ਰਾਜਾਂ ਤੋਂ ਸਸਤਾ ਧਨੀਆ ਮੰਗਵਾ ਲਿਆ। ਧਨੀਏ ਦੀ ਗੱਡੀ ਐਤਵਾਰ ਨੂੰ ਹੀ ਮੰਡੀ ਵਿਚ ਦਾਖ਼ਲ ਕਰਵਾਈ ਗਈ ਤਾਂ ਕਿ ਕਿਸੇ ਤਰ੍ਹਾਂ ਦੀ ਨਾ ਹੀ ਫ਼ੀਸ ਅਦਾ ਕਰਨੀ ਪਵੇ ਅਤੇ ਨਾ ਹੀ ਧਨੀਏ ਦੀ ਮਾਤਰਾ ਦਾ ਕਿਸੇ ਨੂੰ ਪਤਾ ਲੱਗੇ।
ਧਨੀਏ ਦੀ ਗੱਡੀ ਅਨਲੋਡ ਕਰਵਾ ਕੇ ਸਸਤੇ ਭਾਅ ਖਰੀਦ ਕੇ ਆੜ੍ਹਤੀਆਂ ਨੇ 400 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਵੇਚੀ, ਜਿਸ ਦੀ ਨਾ ਤਾਂ ਉਨ੍ਹਾਂ ਮਾਰਕੀਟ ਕਮੇਟੀ ਨੂੰ ਫੀਸ ਅਦਾ ਕੀਤੀ ਅਤੇ ਨਾਲ ਹੀ ਪ੍ਰਚੂਨ ਵਿਚ ਮਹਿੰਗੇ ਭਾਅ ’ਤੇ ਵੇਚ ਵੀ ਦਿੱਤੀ। ਇਹੀ ਹਾਲ ਗੋਭੀ ਦਾ ਹੈ। ਗੋਭੀ ਵੀ ਐਤਵਾਰ ਨੂੰ ਦੂਜੇ ਸੂਬਿਆਂ ਤੋਂ ਮੰਗਵਾ ਕੇ ਸਸਤੇ ਭਾਅ ਖ਼ਰੀਦ ਕੇ ਲੋਕਲ ਰੇਟ ਦੇ ਹਿਸਾਬ ਨਾਲ ਵੇਚੀ ਜਾਂਦੀ ਹੈ। ਇਸ ਤੋਂ ਵੀ ਕਾਫ਼ੀ ਆਮਦਨ ਹੋ ਰਹੀ ਹੈ, ਜਦਕਿ ਮਾਰਕੀਟ ਕਮੇਟੀ ਨੂੰ ਮਾਮੂਲੀ ਫ਼ੀਸ ਅਦਾ ਕੀਤੀ ਜਾਂਦੀ ਹੈ। ਇਹ ਵੀ ਦਾਅਵਾ ਕੀਤਾ ਜਾ ਰਿਹਾ ਹੈ ਕਿ ਮਾਰਕੀਟ ਕਮੇਟੀ ਦੇ ਕੁਝ ਕਰਮਚਾਰੀਆਂ ਦੀ ਮਿਲੀਭੁਗਤ ਤੋਂ ਬਿਨਾਂ ਅਜਿਹਾ ਕੁਝ ਨਹੀਂ ਹੋ ਸਕਦਾ ਪਰ ਜੇਕਰ ਮਾਰਕੀਟ ਕਮੇਟੀ ਦੇ ਅਧਿਕਾਰੀ ਵੀ ਕੋਈ ਕਾਰਵਾਈ ਨਹੀਂ ਕਰਦੇ ਤਾਂ ਇਹ ਦਾਗ ਉਨ੍ਹਾਂ ਦੇ ਪੱਲੇ ਨੂੰ ਗੰਦਾ ਕਰ ਸਕਦਾ ਹੈ।
ਇਹ ਵੀ ਪੜ੍ਹੋ: ਅਕਾਲੀ ਦਲ ਬਚਾਉਣਾ ਤਾਂ ਭਰਿਆ ਮੇਲਾ ਛੱਡ ਕੇ ਪਾਸੇ ਹੋ ਜਾਣ ਸੁਖਬੀਰ ਸਿੰਘ ਬਾਦਲ: ਕਿਰਨਬੀਰ ਸਿੰਘ ਕੰਗ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ