ਓਵਰਲੋਡ ਤੇ ਤੇਜ਼ ਗਤੀ ਵਾਹਨਾਂ ਦੀ ਸਖ਼ਤੀ ਨਾਲ ਚੈਕਿੰਗ ਅਤੇ ਚਲਾਨ ਕੀਤੇ ਜਾਣ : ਡਿਪਟੀ ਕਮਿਸ਼ਨਰ

08/18/2021 2:21:27 PM

ਰੂਪਨਗਰ (ਵਿਜੇ)-ਡੀ. ਸੀ. ਸੋਨਾਲੀ ਗਿਰੀ ਵੱਲੋਂ ਜ਼ਿਲ੍ਹੇ ’ਚ ਸੜਕ ਸੁਰੱਖਿਆ ਸਬੰਧੀ ਮੀਟਿੰਗ ਕੀਤੀ ਗਈ। ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ਨੇ ਹਦਾਇਤਾਂ ਜਾਰੀ ਕਰਿਦਆਂ ਕਿਹਾ ਕਿ ਜ਼ਿਲ੍ਹੇ ਭਰ ਵਿਚ ਹਾਦਸੇ ਵਾਲੇ ਸਥਾਨਾਂ (ਬਲੈਕ ਸਪਾਟਸ) ਦੀ ਨਿਸ਼ਾਨਦੇਹੀ ਕਰਕੇ ਸੜਕ ਸੁਰੱਖਿਆ ਸਬੰਧੀ ਪੂਰੀ ਸਾਵਧਾਨੀ ਵਰਤੀ ਜਾਵੇ। ਸੋਨਾਲੀ ਗਿਰੀ ਨੇ ਕਿਹਾ ਕਿ ਬਲੈਕ ਸਪਾਟਸ ਵਾਲੀਆਂ ਥਾਵਾਂ ’ਤੇ ਰਿਫਲੈਕਟਰ, ਸਪੀਡ ਬਰੇਕਰ, ਸਾਈਨ ਬੋਰਡ ਲਾਏ ਜਾਣ ਤਾਂ ਜੋ ਕਿਸੇ ਵੀ ਸਡ਼ਕ ਦੁਰਘਟਨਾਂ ਤੋਂ ਲੋਕਾਂ ਨੂੰ ਬਚਾਇਆ ਜਾ ਸਕੇ।

ਇਹ ਵੀ ਪੜ੍ਹੋ: ਮਰ ਗਈ ਇਨਸਾਨੀਅਤ, ਕੁੱਤੇ ਵੱਲੋਂ ਵੱਢਣ ’ਤੇ ਪਹਿਲਾਂ ਲੋਹੇ ਦੀ ਰਾਡ ਨਾਲ ਕੁੱਟਿਆ, ਫਿਰ ਰੱਸੀ ਨਾਲ ਗੱਲਾ ਘੁੱਟ ਦਿੱਤੀ ਦਰਦਨਾਕ ਮੌਤ

ਉਨ੍ਹਾਂ ਨਾਲ ਹੀ ਕਿਹਾ ਕਿ ਖਾਸ ਕਰ ਕੇ ਸ਼ਹਿਰੀ ਆਵਾਜਾਈ ਵਾਲੀਆਂ ਥਾਵਾਂ ’ਤੇ ਭਾਰੀ ਵਾਹਨ ਨਾ ਵੜਨ ਦਿੱਤੇ ਜਾਣ ਤਾਂ ਜੋ ਲੋਕਾਂ ਨੂੰ ਟ੍ਰੈਫਿਕ ਦੀ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ। ਉਨ੍ਹਾਂ ਇਹ ਵੀ ਕਿਹਾ ਕਿ ਸਵੇਰ ਅਤੇ ਸ਼ਾਮ ਨੂੰ ਸੈਰ ਕਰਨ ਵਾਲਿਆਂ ਲਈ ਤੇਜ਼ ਗਤੀ ਵਾਲੇ ਵਾਹਨ ਐਕਸੀਡੈਂਟ ਕਾਰਨ ਬਣਦੇ ਹਨ, ਸੋ ਇਸ ਲਈ ਤੇਜ਼ ਗਤੀ ਨਾਲ ਚੱਲਣ ਵਾਲੇ ਵਾਹਨਾਂ ਦੇ ਸਖਤੀ ਨਾਲ ਚਲਾਨ ਕੀਤੇ ਜਾਣ। ਸੋਨਾਲੀ ਗਿਰੀ ਨੇ ਨਾਲ ਹੀ ਕਿਹਾ ਕਿ ਬੱਚਿਆਂ ਦੇ ਸਕੂਲ ਖੁੱਲ੍ਹ ਗਏ ਹਨ ਅਤੇ ਬੱਚਿਆਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਸਾਰੇ ਸਕੂਲਾਂ ਨਜ਼ਦੀਕ ਟ੍ਰੈਫਿਕ ਨਿਯਮ ਪਾਲਣ ਕਰਨੇ ਯਕੀਨੀ ਬਣਾਏ ਜਾਣ।
ਉਨ੍ਹਾਂ ਸਕੂਲ ਪ੍ਰਬੰਧਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਸਕੂਲ ਵੈਨਾਂ ਦੇ ਕਾਗਜ਼ਾਤ ਪੂਰੇ ਸਹੀ ਰੱਖਣ। ਮਿਆਦ ਪੁਗਾ ਚੁੱਕੀਆਂ ਸਕੂਲ ਬੱਸਾਂ ਅਤੇ ਵੈਨਾਂ ਨੂੰ ਕਿਸੇ ਵੀ ਹਾਲਤ ਵਿਚ ਨਹੀਂ ਚੱਲਣ ਦਿੱਤਾ ਜਾਵੇਗਾ। ਇਸ ਤੋਂ ਇਲਾਵਾ ਡਿਪਟੀ ਕਮਿਸ਼ਨਰ ਨੇ ਓਵਰਲੋਡ ਵਾਹਨਾਂ ਦੇ ਚਲਾਨ ਕਰਨ ਲਈ ਵੀ ਸਖ਼ਤ ਅਦੇਸ਼ ਜਾਰੀ ਕੀਤੇ।

ਉਨ੍ਹਾਂ ਕਿਹਾ ਕਿ ਓਵਰਲੋਡ ਵਾਹਨਾਂ ਦੀ ਪੂਰੀ ਚੈਕਿੰਗ ਕੀਤੀ ਜਾਵੇ ਅਤੇ ਕਿਸੇ ਨਾਲ ਵੀ ਢਿੱਲ ਨਾ ਵਰਤੀ ਜਾਵੇ। ਡੀ. ਸੀ. ਨੇ ਰਾਸ਼ਟਰੀ ਰਾਜ ਮਾਰਗ ਅਤੇ ਰਾਜ ਮਾਰਗ ਦੇ ਨਾਲ ਲਗਦੇ ਇਲਾਕਿਆਂ ਵਿਚੋਂ ਨਾਜਾਇਜ਼ ਕਬਜ਼ੇ ਹਟਾਉਣ ਦੇ ਹੁਕਮ ਵੀ ਜਾਰੀ ਕੀਤੇ। ਇਸ ਦੇ ਨਾਲ ਹੀ ਉਨ੍ਹਾਂ ਰਾਜ ਮਾਰਗ ਅਤੇ ਰਾਸ਼ਟਰੀ ਰਾਜ ਮਾਰਗ ਨਾਲ ਜੁੜਦੀਆਂ ਲਿੰਕ ਸੜਕਾਂ ’ਤੇ ਵੱਡੇ ਸਾਈਨ ਬੋਰਡ, ਲਾਈਟਾਂ ਅਤੇ ਰਿਫਲੈਕਟਰ ਆਦਿ ਲਾਉਣ ਲਈ ਵੀ ਸਬੰਧਤ ਅਧਿਕਾਰੀਆਂ ਨੂੰ ਹਦਾਇਤਾਂ ਜਾਰੀ ਕੀਤੀਆਂ।

ਇਹ ਵੀ ਪੜ੍ਹੋ: ਸਰੀਰਕ ਸੰਬੰਧ ਬਣਾਉਣ ਤੋਂ ਮਨ੍ਹਾ ਕਰਨ ’ਤੇ ਬਣਾਈ ਅਸ਼ਲੀਲ ਵੀਡੀਓ ਤੇ ਤਸਵੀਰਾਂ ਕਰ ਦਿੱਤੀਆਂ ਵਾਇਰਲ

ਨੋਟ : ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ


shivani attri

Content Editor

Related News