ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਪੁਲਸ ਨੇ ਰਾਤ ਨੂੰ ਚਲਾਈ ਚੈਕਿੰਗ ਮੁਹਿੰਮ
Friday, May 10, 2024 - 05:18 PM (IST)
ਦੋਰਾਹਾ/ਪਾਇਲ (ਵਿਨਾਇਕ) : ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਖੰਨਾ ਦੇ ਐੱਸ. ਐੱਸ. ਪੀ. ਅਮਨੀਤ ਕੌਂਡਲ ਆਈ. ਪੀ. ਐੱਸ. ਦੀ ਹਦਾਇਤ 'ਤੇ ਜ਼ਿਲ੍ਹਾ ਪੁਲਸ ਵੱਲੋਂ ਰਾਤ ਸਮੇਂ ਸ਼ਹਿਰ ਦੇ ਐਂਟਰੀ ਪੁਆਇੰਟਾਂ 'ਤੇ ਨਾਕੇ ਲਾ ਕੇ ਚੈਕਿੰਗ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਬੱਸ ਅੱਡਿਆਂ, ਰੇਲਵੇ ਸਟੇਸ਼ਨਾਂ ਅਤੇ ਜਨਤਕ ਥਾਵਾਂ 'ਤੇ ਪੁਲਸ ਟੀਮਾਂ ਵੱਲੋਂ ਚੈਕਿੰਗ ਕੀਤੀ ਜਾ ਰਹੀ ਹੈ। ਸ਼ਹਿਰ 'ਚ ਆਉਣ-ਜਾਣ ਵਾਲੇ ਹਰ ਵਾਹਨ 'ਤੇ ਨਜ਼ਰ ਰੱਖੀ ਜਾ ਰਹੀ ਹੈ।
ਥਾਣਾ ਪਾਇਲ ਦੇ ਐੱਸ. ਐੱਚ. ਓ. ਸਬ-ਇੰਸਪੈਕਟਰ ਸਤਨਾਮ ਸਿੰਘ ਨੇ ਨਾਈਟ ਡੋਮੀਨੇਸ਼ਨ ਮੁਹਿੰਮ ਤਹਿਤ 9-10 ਮਈ ਦੀ ਦਰਮਿਆਨੀ ਰਾਤ ਨੂੰ ਜੀ.ਟੀ. ਰੋਡ ਦੋਰਾਹਾ ਵਿਖੇ ਵਿਸ਼ੇਸ਼ ਨਾਕਾਬੰਦੀ ਕਰਕੇ ਵਾਹਨਾਂ ਅਤੇ ਸ਼ੱਕੀ ਵਿਅਕਤੀਆਂ ਦੀ ਚੈਕਿੰਗ ਕੀਤੀ ਗਈ।
ਇਸ ਮੌਕੇ ਐੱਸ. ਐੱਚ. ਓ. ਸਤਨਾਮ ਸਿੰਘ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਪੁਲਸ ਟੀਮਾਂ ਵੱਲੋਂ ਵੱਖ-ਵੱਖ ਸੜਕਾਂ ਅਤੇ ਨਾਜ਼ੁਕ ਇਲਾਕਿਆਂ 'ਚ ਨਾਕੇ ਲਗਾ ਕੇ ਵਾਹਨਾਂ ਦੀ ਚੈਕਿੰਗ ਕੀਤੀ ਗਈ। ਉਨ੍ਹਾਂ ਦੱਸਿਆ ਕਿ ਪਾਇਲ ਪੁਲਸ ਵੱਲੋਂ ਇਲਾਕਾ ਨਿਵਾਸੀਆਂ ਵਿੱਚ ਸੁਰੱਖਿਆ ਦੀ ਭਾਵਨਾ ਪੈਦਾ ਕਰਨ ਅਤੇ ਅਪਰਾਧਿਕ ਤੱਤਾਂ ਵਿੱਚ ਡਰ ਪੈਦਾ ਕਰਨ ਲਈ ਨਾਈਟ ਡੋਮੀਨੇਸ਼ਨ ਮੁਹਿੰਮ ਭਵਿੱਖ ਵਿੱਚ ਵੀ ਜਾਰੀ ਰਹੇਗੀ।