ਟੁੱਟੀ ਪੁਲੀ ਲਈ ਕੌਡੀ ਨਹੀਂ ਪਰ 20 ਕਰੋੜ ਨਾਲ ਸੁਆਰੇ ਜਾਣਗੇ 11 ਚੌਕ

06/16/2019 4:27:51 PM

ਜਲੰਧਰ (ਖੁਰਾਣਾ)— ਇਕ ਪਾਸੇ ਸਮਾਰਟ ਸਿਟੀ ਦੇ ਪੈਸਿਆਂ ਨਾਲ 20 ਕਰੋੜ ਰੁਪਏ ਦੀ ਲਾਗਤ ਨਾਲ ਜਿਥੇ ਸ਼ਹਿਰ ਦੇ 11 ਚੌਕਾਂ ਨੂੰ ਸਜਾਉਣ-ਸੁਆਰਣ ਆਦਿ ਦਾ ਸਿਲਸਿਲਾ ਸ਼ੁਰੂ ਹੋ ਚੁੱਕਾ ਹੈ, ਉਥੇ ਦੂਜੇ ਪਾਸੇ ਸ਼ਹਿਰ ਦੀਆਂ ਕਈ ਪੁਲੀਆਂ ਅਜਿਹੀਆਂ ਹਨ ਜੋ ਕਈ-ਕਈ ਸਾਲਾਂ ਤੋਂ ਮਾਮੂਲੀ ਰਿਪੇਅਰ ਲਈ ਤਰਸ ਰਹੀਆਂ ਹਨ ਅਤੇ ਉਨ੍ਹਾਂ ਲਈ ਨਿਗਮ ਕੋਲ ਕੌਡੀ ਤੱਕ ਨਹੀਂ ਹੈ। ਵੈਸਟ ਵਿਧਾਨ ਸਭਾ ਹਲਕੇ ਵਿਚ ਅਜਿਹੀਆਂ ਖਸਤਾ ਹਾਲ ਪੁਲੀਆਂ ਦੀ ਗਿਣਤੀ ਕਾਫੀ ਜ਼ਿਆਦਾ ਹੈ। ਇਨ੍ਹਾਂ ਵਿਚੋਂ ਇਕ ਪੁਲੀ ਬਾਬੂ ਲਾਭ ਸਿੰਘ ਨਗਰ ਅਤੇ ਨਗਰ ਰੋਡ 'ਤੇ ਪੈਂਦੀ ਕਾਲਾ ਸੰਘਿਆਂ ਡਰੇਨ ਦੇ ਉਪਰ ਹੈ, ਜਿਸ ਦੀਆਂ ਗਰਿੱਲਾਂ ਕਈ ਸਾਲਾਂ ਤੋਂ ਟੁੱਟੀਆਂ ਹੋਈਆਂ ਹਨ।
ਬੀਤੇ ਦਿਨ ਇਕ ਕਾਰ ਸਵਾਰ ਆਪਣੇ ਪਰਿਵਾਰ ਸਣੇ ਪੁਲੀ ਤੋਂ ਲੰਘ ਰਿਹਾ ਸੀ ਕਿ ਅਚਾਨਕ ਕਾਰ ਦਾ ਇਕ ਟਾਇਰ ਗਰਿੱਲ ਨਾ ਹੋਣ ਕਾਰਨ ਪੁਲੀ ਤੋਂ ਬਾਹਰ ਨਿਕਲ ਗਿਆ। ਇਸ ਤੋਂ ਪਹਿਲਾਂ ਕਿ ਕਾਰ ਨਾਲੇ ਵਿਚ ਜਾ ਡਿੱਗਦੀ, ਲੋਕਾਂ ਨੇ ਪਰਿਵਾਰ ਨੂੰ ਬਚਾਅ ਲਿਆ ਅਤੇ ਕਾਰ ਨੂੰ ਕੱਢਿਆ। ਇਸ ਨੂੰ ਘਟਨਾ ਨਾਲ ਕਾਫੀ ਦੇਰ ਤੱਕ ਪੁਲੀ 'ਤੇ ਟ੍ਰੈਫਿਕ ਵੀ ਜਾਮ ਰਿਹਾ। ਹੁਣ ਵੀ ਜੇਕਰ ਇਸ ਪੁਲੀ ਨੂੰ ਰਿਪੇਅਰ ਨਾ ਕਰਵਾਇਆ ਗਿਆ ਤਾਂ ਕਦੇ ਵੀ ਹਾਦਸਾ ਹੋ ਸਕਦਾ ਹੈ।


shivani attri

Content Editor

Related News