ਸਮਾਰਟ ਸਿਟੀ ਦੇ ਕਿਸੇ ਵੀ ਕੰਮ ਦੀ ਜਾਂਚ ਕਰਵਾ ਲਈ ਜਾਵੇ, ਫਸਣਗੇ ਨਿਗਮ ਦੇ ਅਧਿਕਾਰੀ ਵੀ

07/04/2022 5:38:50 PM

ਜਲੰਧਰ (ਸੋਮਨਾਥ) : ਬਹੁ-ਚਰਚਿਤ ਐੱਲ. ਈ. ਡੀ. ਲਾਈਟਸ ਪ੍ਰਾਜੈਕਟ ’ਚ ਘਪਲੇ ਨੂੰ ਲੈ ਕੇ ਬੀਤੇ ਦਿਨੀਂ ਮੇਅਰ ਜਗਦੀਸ਼ ਰਾਜ ਰਾਜਾ ਦੀ ਪ੍ਰਧਾਨਗੀ ’ਚ ਕੌਂਸਲਰ ਹਾਊਸ ਦੀ ਮੀਟਿੰਗ ਹੋਈ। ਜਲੰਧਰ ਸਮਾਰਟ ਸਿਟੀ ਪ੍ਰਾਜੈਕਟਾਂ ਨਾਲ ਜੁੜੇ ਐੱਲ. ਈ. ਡੀ. ਲਾਈਟਸ ਪ੍ਰਾਜੈਕਟ ’ਚ ਕਿੰਨਾ ਵੱਡਾ ਘਪਲਾ ਹੈ ਅਤੇ ਦੋਸ਼ੀ ਕੌਣ ਹੈ ਆਦਿ ਕੌਂਸਲਰਾਂ ਦੇ ਸਵਾਲਾਂ ਦਾ ਜਵਾਬ ਦਿੱਤਾ ਜਾਣਾ ਸੀ। ਜਵਾਬ ਦੇਣ ਲਈ ਮੇਅਰ ਤਾਂ ਆਏ ਪਰ ਜਿਨ੍ਹਾਂ ਅਧਿਕਾਰੀਆਂ ਨੇ ਅਸਲ ’ਚ ਜਵਾਬ ਦੇਣਾ ਸੀ, ਉਨ੍ਹਾਂ ਵਿਚੋਂ ਕੋਈ ਵੀ ਮੀਟਿੰਗ ’ਚ ਹਾਜ਼ਰ ਨਹੀਂ ਹੋਇਆ। ਕੌਂਸਲਰਾਂ ਦੀ ਰਾਏ ’ਤੇ ਮੇਅਰ ਵੱਲੋਂ ਅੱਠ ਮੈਂਬਰੀ ਕਮੇਟੀ ਬਣਾ ਦਿੱਤੀ ਗਈ ਹੈ, ਜਿਸ ਦੀ ਸਿਫਾਰਿਸ਼ ’ਤੇ ਬੁੱਧਵਾਰ ਨੂੰ ਫੈਸਲਾ ਲਿਆ ਜਾਵੇਗਾ ਕਿ ਐੱਲ. ਈ. ਡੀ. ਲਾਈਟਸ ਪ੍ਰਾਜੈਕਟ ਦੀ ਜਾਂਚ ਵਿਜੀਲੈਂਸ ਤੋਂ ਕਰਵਾਈ ਜਾਵੇ ਜਾਂ ਸੀ. ਬੀ. ਆਈ. ਤੋਂ। ਇਹ ਤਾਂ ਸਿਰਫ ਇਕ ਪ੍ਰਾਜੈਕਟ ਦੀ ਗੱਲ ਹੈ ਪਰ ਸਮਾਰਟ ਸਿਟੀ ਦੇ ਕਿਸੇ ਵੀ ਪ੍ਰਾਜੈਕਟ ਦੀ ਜਾਂਚ ਕਰਵਾ ਲਈ ਜਾਵੇ, ਇਸ ਵਿਚ ਵੱਡੇ ਘਪਲੇ ਨਿਕਲ ਸਕਦੇ ਹਨ ਅਤੇ ਸਮਾਰਟ ਸਿਟੀ ਕੰਪਨੀ ਦੇ ਅਧਿਕਾਰੀ ਤਾਂ ਫਸਣਗੇ ਹੀ, ਨਾਲ ਹੀ ਨਗਰ ਨਿਗਮ ਦੇ ਅਧਿਕਾਰੀ ਵੀ ਫਸ ਜਾਣਗੇ।

ਨਿਗਮ ਅਧਿਕਾਰੀਆਂ ’ਤੇ ਕਿਉਂ ਡਿੱਗ ਸਕਦੀ ਹੈ ਗਾਜ?
ਜ਼ਿਕਰਯੋਗ ਹੈ ਕਿ ਸਮਾਰਟ ਸਿਟੀ ਦੇ ਪ੍ਰਾਜੈਕਟਾਂ ਨੂੰ ਸਿਆਸੀ ਦਖਲਅੰਦਾਜ਼ੀ ਤੋਂ ਦੂਰ ਰੱਖਣ ਲਈ ਚੁਣੇ ਹੋਏ ਪ੍ਰਤੀਨਿਧੀਆਂ ਦੀ ਇਸ ਵਿਚ ਕੋਈ ਭੂਮਿਕਾ ਨਹੀਂ ਰੱਖੀ ਗਈ ਹੈ ਪਰ ਸਮਾਰਟ ਸਿਟੀ ਅਧੀਨ ਜਿਹੜੇ ਵੀ ਪ੍ਰਾਜੈਕਟ ਹੁੰਦੇ ਹਨ, ਉਨ੍ਹਾਂ ’ਤੇ ਕੰਮ ਸਹੀ ਢੰਗ ਨਾਲ ਹੋ ਰਹੇ ਹਨ ਜਾਂ ਨਹੀਂ, ਇਸ ਦੀ ਨਿਗਰਾਨੀ ਨਗਰ ਨਿਗਮ ਦੇ ਅਧਿਕਾਰੀ ਹੀ ਕਰਦੇ ਹਨ। ਜਿਵੇਂ ਕਿ ਕੌਂਸਲਰ ਹਾਊਸ ਦੀ ਮੀਟਿੰਗ ’ਚ ਕੌਂਸਲਰਾਂ ਵੱਲੋਂ ਐੱਲ. ਈ. ਡੀ. ਲਾਈਟਸ ਪ੍ਰਾਜੈਕਟ ਦੀ ਜਾਂਚ ਵਿਜੀਲੈਂਸ ਜਾਂ ਸੀ. ਬੀ. ਆਈ. ਤੋਂ ਕਰਵਾਉਣ ਦੀ ਮੰਗ ਉੱਠ ਰਹੀ ਹੈ, ਜੇਕਰ ਇਹ ਜਾਂਚ ਇਨ੍ਹਾਂ ਏਜੰਸੀਆਂ ਜਾਂ ਕਿਸੇ ਹੋਰ ਏਜੰਸੀ ਤੋਂ ਕਰਵਾਈ ਜਾਂਦੀ ਹੈ ਤਾਂ ਸਿੱਧੇ ਤੌਰ ’ਤੇ ਕੰਪਨੀ ਦੇ ਅਧਿਕਾਰੀਆਂ ਦੇ ਨਾਲ-ਨਾਲ ਨਿਗਰਾਨੀ ਕਰਨ ਵਾਲੇ ਨਿਗਮ ਅਧਿਕਾਰੀ ਵੀ ਬਚ ਨਹੀਂ ਸਕਣਗੇ। ਇਸ ਦਾ ਅੰਦਾਜ਼ਾ ਇਸੇ ਗੱਲ ਤੋਂ ਲਾਇਆ ਜਾ ਸਕਦਾ ਹੈ ਕਿ ਐੱਲ. ਈ. ਡੀ. ਲਾਈਟਸ ਪ੍ਰਾਜੈਕਟ ਲਈ ਐਡਹਾਕ ਕਮੇਟੀ ਦੀ ਚੇਅਰਪਰਸਨ ਮਨਦੀਪ ਕੌਰ ਮੁਲਤਾਨੀ ਵੱਲੋਂ ਜਦੋਂ ਨਿਗਮ ਦੇ ਅਧਿਕਾਰੀ ਤੋਂ ਕਮੇਟੀ ਦੇ ਸਵਾਲਾਂ ਦਾ ਜਵਾਬ ਮੰਗਿਆ ਗਿਆ ਤਾਂ ਉਕਤ ਅਧਿਕਾਰੀ ਹਾਊਸ ਦੇ ਸਾਹਮਣੇ ਸਵਾਲਾਂ ਨੂੰ ਟਾਲਦਾ ਨਜ਼ਰ ਆਇਆ। ਇਸ ’ਤੇ ਜਦੋਂ ਮੇਅਰ ਵੱਲੋਂ ਇਹ ਪੁੱਛਿਆ ਗਿਆ ਕਿ ਤੁਸੀਂ ਇਸ ਪ੍ਰਾਜੈਕਟ ਦੇ ਨੋਡਲ ਅਫਸਰ ਹੋ ਜਾਂ ਨਹੀਂ ਤਾਂ ਉਕਤ ਅਧਿਕਾਰੀ ਦੇ ਹੱਥ-ਪੈਰ ਫੁੱਲ ਗਏ ਅਤੇ ਹਾਂ ’ਚ ਜਵਾਬ ਆ ਗਿਆ। ਜੇਕਰ ਸਮਾਰਟ ਸਿਟੀ ਦੇ ਸਾਰੇ ਪ੍ਰਾਜੈਕਟਾਂ ਦੀ ਜਾਂਚ ਹੋਵੇ ਤਾਂ ਬਾਕੀ ਦੇ ਨੋਡਲ ਅਧਿਕਾਰੀ, ਜਿਹੜੇ ਨਗਰ ਨਿਗਮ ਨਾਲ ਸਬੰਧਤ ਹਨ, ਸਾਰੇ ਫਸ ਜਾਣਗੇ।

 ਡੇਢ ਸਾਲ ਪਹਿਲਾਂ ਕੌਂਸਲਰ ਪਵਨ ਕੁਮਾਰ ਅਤੇ ਬੰਟੀ ਨੀਲਕੰਠ ਵੱਲੋਂ ਪੁੱਛੇ ਸਵਾਲਾਂ ਦਾ ਨਹੀਂ ਮਿਲਿਆ ਜਵਾਬ
ਜਿਸ ਐੱਲ. ਈ. ਡੀ. ਲਾਈਟਸ ਪ੍ਰਾਜੈਕਟ ’ਚ ਘਪਲੇ ਦੇ ਦੋਸ਼ਾਂ ਨੂੰ ਲੈ ਕੇ ਰੌਲਾ ਪੈ ਰਿਹਾ ਹੈ, ਕੌਂਸਲਰ ਹਾਊਸ ਦੀ 18 ਜਨਵਰੀ 2021 ਨੂੰ ਹੋਈ ਮੀਟਿੰਗ ’ਚ ਕੌਂਸਲਰ ਪਵਨ ਕੁਮਾਰ ਅਤੇ ਕੌਂਸਲਰ ਗੁਰਵਿੰਦਰਪਾਲ ਸਿੰਘ ਬੰਟੀ ਨੀਲਕੰਠ ਵੱਲੋਂ ਹਾਊਸ ’ਚ 17 ਸਵਾਲ ਉਠਾਏ ਗਏ ਸਨ ਪਰ ਉਨ੍ਹਾਂ ਦਾ ਜਵਾਬ ਅੱਜ ਤੱਕ ਨਹੀਂ ਮਿਲਿਆ। ਇਹ ਸਵਾਲ ਇਸ ਤਰ੍ਹਾਂ ਹਨ :

-ਜਲੰਧਰ ਸਮਾਰਟ ਸਿਟੀ ਲਿਮਟਿਡ ਅਧੀਨ ਐੱਲ. ਈ. ਡੀ. ਲਾਈਟਸ ਪ੍ਰਾਜੈਕਟ ਬਾਰੇ ਦੱਸਿਆ ਜਾਵੇ ਕਿ ਇਹ ਕਿੰਨੇ ਹਿੱਸਿਆਂ ’ਚ ਕੀਤਾ ਜਾਣਾ ਹੈ?

-ਇਸ ਪ੍ਰਾਜੈਕਟ ਦੀ ਕੁੱਲ ਟੈਂਡਰ ਕੀਮਤ ਕਿੰਨੀ ਹੈ?

-ਇਸ ਪ੍ਰਾਜੈਕਟ ਦੀ ਡੀ. ਪੀ. ਆਰ. ਦੀ ਕੁੱਲ ਕੀਮਤ ਕਿੰਨੀ ਹੈ?

-ਇਹ ਪ੍ਰਾਜੈਕਟ ਕਿਸ ਕੰਪਨੀ ਨੂੰ ਅਲਾਟ ਹੋਇਆ ਹੈ?

-ਇਸ ਪ੍ਰਾਜੈਕਟ ’ਚ ਕੁੱਲ ਕਿੰਨੇ ਟੈਂਡਰ ਆਏ ਸਨ ਅਤੇ ਕਿੰਨੀ ਵਾਰ ’ਚ ਇਹ ਮਨਜ਼ੂਰ ਹੋਇਆ?

-ਪ੍ਰਾਜੈਕਟ ਅਧੀਨ ਕੀ ਰੇਟ ਮਨਜ਼ੂਰ ਕੀਤੇ ਗਏ?

-ਇਸ ਪ੍ਰਾਜੈਕਟ ਅਧੀਨ ਆਈ. ਡੀ. ਸੀ. ਕਾਸਟ ਕਿੰਨੀ ਰੱਖੀ ਗਈ ਅਤੇ ਕਿੰਨੇ ਫੀਸਦੀ ਇਸ ਵਿਚ ਵਾਧਾ ਕੀਤਾ ਜਾਣਾ ਹੈ? ਇਸ ਕਾਸਟ ਦੀ ਵਰਤੋਂ ਕਿੱਥੇ ਜਾਣੀ ਹੈ, ਇਸ ਬਾਰੇ ਹਾਊਸ ਨੂੰ ਜਾਣਕਾਰੀ ਦਿੱਤੀ ਜਾਵੇ। ਇਹ ਵੀ ਦੱਸਿਆ ਜਾਵੇ ਕਿ ਇਸ ਆਈ. ਡੀ. ਸੀ. ਕਾਸਟ ਦੀ ਵਰਤੋਂ ਕਰਦੇ ਸਮੇਂ ਕਿਸੇ ਕਮੇਟੀ ਦੀ ਮਨਜ਼ੂਰੀ ਲਈ ਜਾਣੀ ਜ਼ਰੂਰੀ ਹੈ ਜਾਂ ਨਹੀਂ?

-ਇਹ ਵੀ ਦੱਸਿਆ ਜਾਵੇ ਕਿ ਕੁੱਲ ਪ੍ਰਾਜੈਕਟ ’ਚ ਕਿੰਨੇ ਵਾਟ ਦੀਆਂ ਲਾਈਟਾਂ ਲਾਈਆਂ ਜਾਣੀਆਂ ਹਨ ਅਤੇ ਮੌਜੂਦਾ ਲੱਗੀਆਂ ਲਾਈਟਾਂ ਨੂੰ ਬਦਲੀ ਕਿੰਨੇ ਵਾਟ ’ਚ ਕੀਤਾ ਜਾਣਾ ਹੈ? ਜਿਹੜੀਆਂ ਲਾਈਟਾਂ ਬਦਲੀਆਂ ਜਾਣੀਆਂ ਹਨ, ਉਨ੍ਹਾਂ ਦੀ ਗਿਣਤੀ ਕਿੰਨੀ ਹੈ ਅਤੇ ਜਿਨ੍ਹਾਂ ਵਾਰਡਾਂ ’ਚ ਇਹ ਲੱਗਣੀਆਂ ਹਨ, ਉਸ ਦੀ ਸਰਵੇ ਰਿਪੋਰਟ ਪਲਾਨ ਵਾਈਜ਼ ਅਤੇ ਵਾਰਡ ਵਾਈਜ਼ ਹਰੇਕ ਕੌਂਸਲਰ ਨੂੰ ਮੁਹੱਈਆ ਕਰਵਾਈ ਜਾਵੇ ਤਾਂ ਕਿ ਹਰੇਕ ਕੌਂਸਲਰ ਪੁਸ਼ਟੀ ਅਤੇ ਸਹਿਮਤੀ ਪ੍ਰਗਟ ਕਰ ਸਕੇ।

-ਇਹ ਵੀ ਦੱਸਿਆ ਜਾਵੇ ਕਿ ਨਗਰ ਨਿਗਮ ਹੀ ਹੱਦ ’ਚ ਜਿਹੜੇ 12 ਪਿੰਡ ਸ਼ਾਮਲ ਹੋਏ ਹਨ, ਉਨ੍ਹਾਂ ’ਚ ਸਕੋਪ ਆਫ ਵਰਕ ਕੀ ਹੋਵੇਗਾ?

-ਹਾਊਸ ਨੂੰ ਇਹ ਵੀ ਦੱਸਿਆ ਜਾਵੇ ਕਿ ਸਾਰੀਆਂ ਲਾਈਟਾਂ ਆਈ. ਪੀ.-66 ਫਿਕਸਰ ਦੀਆਂ ਹਨ ਜਾਂ ਨਹੀਂ ਅਤੇ 135 ਲੁਮਨ ਇੰਟੈਸਟੀ ਕੀਤੀ ਹੈ ਜਾਂ ਨਹੀਂ?

-ਇਹ ਵੀ ਦੱਸਿਆ ਜਾਵੇ ਕਿ ਜਿਹੜੀਆਂ 8000 ਲਾਈਟਾਂ ਕੰਪਨੀ ਦੇ ਗੋਦਾਮ ’ਚ ਆਈਆਂ ਹਨ, ਉਨ੍ਹਾਂ ਦੀ ਕੋਈ ਥਰਡ ਪਾਰਟੀ ਇੰਸਪੈਕਸ਼ਨ ਕਰਵਾਈ ਗਈ ਜਾਂ ਨਹੀਂ, ਜੋ ਕਿ ਆਰ. ਐੱਫ. ਪੀ. ਦਾ ਕਲਾਜ਼ ਨੰਬਰ ਜੀ. ਸੀ. ਸੀ. 41 ਅਨੁਸਾਰ ਕਰਨੀ ਲਾਜ਼ਮੀ ਹੈ।

-ਜਿਹੜੀਆਂ 5028 ਐੱਲ. ਈ. ਡੀ. ਲਾਈਟਾਂ ਪੁਰਾਣੇ ਰੱਦ ਕੀਤੇ ਗਏ ਠੇਕੇ ’ਚ ਲੱਗੀਆਂ ਸਨ, ਕੀ ਉਹ ਆਈ. ਪੀ.-66 ਫਿਕਸਰ ਦੀਆਂ ਹਨ ਜਾਂ ਨਹੀਂ ਅਤੇ 135 ਲੁਮਨ ਇੰਟੈਸਟੀ ਕੀਤੀ ਹੈ ਜਾਂ ਨਹੀਂ। ਇਹ ਵੀ ਦੱਸਿਆ ਜਾਵੇ ਕਿ ਇਹ 5028 ਲਾਈਟਾਂ ਕਿਸ ਵਾਰਡ ’ਚ ਕਿੰਨੀਆਂ ਲੱਗੀਆਂ ਹੋਈਆਂ ਹਨ।

-ਜਿਹੜੇ 1436 ਡਿਮੇਵਲ ਪੁਆਇੰਟਸ ਲੱਗੇ ਹਨ, ਉਹ ਕਿਸ ਲੋਕੇਸ਼ਨ ’ਤੇ ਲੱਗੇ ਹਨ।

-ਜਿਹੜੇ 1017 ਆਈ.ਪੀ.-66 ਸੀ. ਸੀ. ਐੱਮ. ਐੱਸ. ਸੈਂਟਰਲਾਈਜ਼ਡ ਮਾਨੀਟਰਿੰਗ ਪੁਆਇੰਟ ਲੱਗਣੇ ਹਨ, ਉਹ ਕਿਸ ਲੋਕੇਸ਼ਨ ’ਤੇ ਲੱਗਣੇ ਹਨ।

-ਜਿਹੜੇ 2092 ਪੁਆਇੰਟਸ ਨਵੇਂ 12 ਪਿੰਡਾਂ ’ਚ ਲੱਗਣੇ ਹਨ, ਉਨ੍ਹਾਂ ਦੀ ਲੰਬਾਈ 8.5 ਮੀਟਰ ਹੈ ਜਾਂ ਨਹੀਂ। 2092 ਪੁਆਇੰਟਸ ਕਿੰਨੇ ਵਾਟ ਦੇ ਲੱਗਣੇ ਹਨ?

-ਕੰਪਨੀ ਨੇ ਕੁੱਲ ਕਿੰਨੀ ਰਕਮ ਦੀ ਬੈਂਕ ਗਾਰੰਟੀ ਜਮ੍ਹਾ ਕਰਵਾਈ ਹੈ ਅਤੇ ਕਦੋਂ ਤੱਕ ਵੈਲਿਡ ਹੈ?

-ਜੋ ਟ੍ਰਾਈਪਾਰਟੀ ਐਗਰੀਮੈਂਟ ਜਲੰਧਰ ਸਮਾਰਟ ਸਿਟੀ/ਨਗਰ ਨਿਗਮ ਜਲੰਧਰ/ਆਈ. ਸੀ. ਟੀ. ਵਿਚਕਾਰ ਹੋਇਆ ਹੈ, ਉਸ ਦੀ ਕਾਪੀ ਮੁਹੱਈਆ ਕਰਵਾਈ ਜਾਵੇ।

ਪੈਟਰੋਲਰ ਫੀਲਡ ’ਚ ਕੀ ਕੰਮ ਕਰ ਰਹੇ ਹਨ?
ਸ਼ਹਿਰ ’ਚ ਕਿਸ ਥਾਂ ’ਤੇ ਲਾਈਟਾਂ ਕੰਮ ਕਰ ਰਹੀਆਂ ਹਨ ਅਤੇ ਕਿਸ ਥਾਂ ’ਤੇ ਬੰਦ ਹਨ, ਇਸ ਦੇ ਲਈ ਪੈਟਰੋਲਰ ਫੀਲਡ ’ਚ ਲਾਏ ਗਏ ਸਨ। ਤੁਸੀਂ ਬੱਸ ਸਟੈਂਡ ਅਤੇ ਚੰਦਨ ਨਗਰ ਓਵਰਬ੍ਰਿਜ, ਮਾਡਲ ਟਾਊਨ ਸਮੇਤ ਸ਼ਹਿਰ ਦੇ ਕਿਸੇ ਵੀ ਕੋਨੇ ’ਚ ਰਾਤ ਨੂੰ ਚਲੇ ਜਾਓ, ਤੁਹਾਨੂੰ ਵੱਡੀ ਗਿਣਤੀ ’ਚ ਲਾਈਟਾਂ ਬੰਦ ਮਿਲਣਗੀਆਂ। ਇਧਰੋਂ ਲੰਘਣ ਸਮੇਂ ਡਰ ਦਾ ਮਾਹੌਲ ਬਣਿਆ ਰਹਿੰਦਾ ਹੈ। ਸਵਾਲ ਇਹ ਖੜ੍ਹਾ ਹੁੰਦਾ ਹੈ ਕਿ ਪੈਟਰੋਲਰ ਫੀਲਡ ’ਚ ਕੰਮ ਕਰਦੇ ਹਨ ਤਾਂ ਫਿਰ ਲਾਈਟਾਂ ਬੰਦ ਕਿਉਂ ਰਹਿੰਦੀਆਂ ਹਨ, ਜਦਕਿ ਜੇਕਰ ਕਿਤੇ ਐੱਲ. ਈ. ਡੀ. ਲਾਈਟ ਬੰਦ ਹੋਵੇ ਤਾਂ ਕੁਝ ਹੀ ਮਿੰਟਾਂ ’ਚ ਇਹ ਆਪਣੇ ਆਪ ਜਗਣੀ ਸ਼ੁਰੂ ਹੋ ਜਾਵੇਗੀ। ਇਸ ਤੋਂ ਇਲਾਵਾ ਸ਼ਹਿਰ ’ਚ ਡਾਰਕ ਪੁਆਇੰਟਸ ਕਿਉਂ ਹਨ?


Manoj

Content Editor

Related News