ਛੋਟੇ ਕਾਰੋਬਾਰੀ ਬਜਟ ਤੋਂ ਨਾਖੁਸ਼, ਸਰਕਾਰ ਅਜੇ ਹੋਰ ਮਜ਼ਬੂਤ ਕਦਮ ਚੁੱਕੇ

02/02/2020 11:19:18 AM

ਜਲੰਧਰ (ਧਵਨ)— ਕੇਂਦਰ ਸਰਕਾਰ ਵੱਲੋਂ ਬੀਤੇ ਦਿਨ ਪੇਸ਼ ਕੀਤੇ ਗਏ ਕੇਂਦਰੀ ਬਜਟ ਨੂੰ ਲੈ ਕੇ ਉਦਯੋਗ ਜਗਤ ਵੱਧ ਉਤਸ਼ਾਹਤ ਦਿਖਾਈ ਨਹੀਂ ਦਿੱਤਾ ਹੈ। ਬਜਟ ਨੂੰ ਕਿਸੇ ਨੇ ਦਿਸ਼ਾਹੀਣ ਤਾਂ ਕਿਸੇ ਨੇ ਆਰਥਿਕ ਵਿਕਾਸ 'ਚ ਉਤਸ਼ਾਹਿਤ ਨਾ ਹੋਣ ਦੀ ਗੱਲ ਕੀਤੀ ਹੈ। ਇਸ ਸਬੰਧੀ ਕੁਝ ਚੰਗੀਆਂ ਕੰਪਨੀਆਂ ਨਾਲ ਗੱਲਬਾਤ ਕੀਤੀ ਗਈ ਜਿਨ੍ਹਾਂ ਨੇ ਹੇਠ ਲਿਖੇ ਵਿਚਾਰ ਪੇਸ਼ ਕੀਤੇ-

ਟੀ. ਡੀ. ਐੱਸ. ਸਬੰਧੀ ਮੁਸ਼ਕਲਾਂ ਵਧਣਗੀਆਂ : ਸੁਰੇਸ਼ ਸ਼ਰਮਾ
ਐੱਚ. ਆਰ. ਇੰਟਰਨੈਸ਼ਨਲ ਗਰੁੱਪ ਦੇ ਡਾਇਰੈਕਟਰ ਸੁਰੇਸ਼ ਸ਼ਰਮਾ ਨੇ ਕਿਹਾ ਕਿ ਕੇਂਦਰੀ ਬਜਟ 'ਚ ਟੀ. ਡੀ. ਐੱਸ. ਲਾਉਣ ਸਬੰਧੀ ਕਦਮ ਚੁੱਕੇ ਗਏ ਹਨ। ਉਸ ਨਾਲ ਮੁਸ਼ਕਲਾਂ ਵਧ ਸਕਦੀਆਂ ਹਨ। ਉਨ੍ਹਾਂ ਕਿਹਾ ਕਿ ਬਰਾਮਦ ਨੂੰ ਉਤਸ਼ਾਹ ਦੇਣ ਲਈ ਕੁਝ ਵੀ ਦਿਖਾਈ ਨਹੀਂ ਦਿੱਤਾ ਹੈ। ਉਨ੍ਹਾਂ ਕਿਹਾ ਕਿ ਬਰਾਮਦ ਨੂੰ ਉਤਸ਼ਾਹ ਦੇਣ ਲਈ ਲਘੂ ਉਦਯੋਗਾਂ ਲਈ ਖਾਸ ਰਿਆਇਤਾਂ ਦਾ ਐਲਾਨ ਕੀਤਾ ਜਾਣਾ ਚਾਹੀਦਾ ਸੀ।

ਛੋਟੇ ਉਦਯੋਗਾਂ ਨੂੰ ਮਜ਼ਬੂਤ ਬਣਾਉਣ ਦੀ ਲੋੜ : ਸੁਦਰਸ਼ਨ ਸ਼ਰਮਾ
ਮੁੱਖ ਨਿਰਯਾਤਕ ਅਤੇ ਐੱਚ. ਆਰ. ਇੰਟਰਨੈਸ਼ਨਲ ਗਰੁੱਪ ਦੇ ਡਾਇਰੈਕਟਰ ਸੁਦਰਸ਼ਨ ਸ਼ਰਮਾ ਨੇ ਕਿਹਾ ਕਿ ਦੇਸ਼ 'ਚ ਲਘੂ ਉਦਯੋਗਾਂ ਨੂੰ ਮਜ਼ਬੂਤ ਬਣਾਉਣ ਦੀ ਲੋੜ ਹੈ ਅਤੇ ਇਸ ਦਿਸ਼ਾ 'ਚ ਸਰਕਾਰ ਨੂੰ ਹੁਣ ਹੋਰ ਕਦਮ ਚੁੱਕਣੇ ਹੋਣਗੇ। ਉਨ੍ਹਾਂ ਕਿਹਾ ਕਿ ਜਦੋਂ ਤਕ ਲਘੂ ਤੇ ਮੱਧਮ ਆਕਾਰ ਦੇ ਉਦਯੋਗਾਂ ਨੂੰ ਮਜ਼ਬੂਤ ਨਹੀਂ ਬਣਾਇਆ ਜਾਵੇਗਾ ਉਦੋਂ ਤਕ ਦੇਸ਼ ਦਾ ਆਰਥਿਕ ਢਾਂਚਾ ਮਜ਼ਬੂਤ ਨਹੀਂ ਹੋ ਸਕਦਾ ਹੈ ਕਿਉਂਕਿ ਇਹੀ ਦੋ ਅਜਿਹੇ ਖੇਤਰ ਹਨ ਜੋ ਰੋਜ਼ਗਾਰ ਦੇ ਨਵੇਂ ਮੌਕੇ ਪੈਦਾ ਕਰ ਸਕਦੇ ਹਨ।

ਰੋਜ਼ਗਾਰ ਵਧਾਉਣ ਲਈ ਲਘੂ ਉਦਯੋਗਾਂ ਨੂੰ ਕੁਝ ਨਹੀਂ ਦਿੱਤਾ : ਵਿਨੋਦ ਘਈ
ਯੂਨੀਕ ਗਰੁੱਪ ਦੇ ਚੇਅਰਮੈਨ ਵਿਨੋਦ ਘਈ ਨੇ ਕਿਹਾ ਕਿ ਦੇਸ਼ ਦੀ ਲੜਖੜਾਉਂਦੀ ਅਰਥਵਿਵਸਥਾ ਨੂੰ ਸੰਭਾਲਣ 'ਚ ਸਿਰਫ ਲਘੂ ਉਦਯੋਗ ਹੀ ਸਹਾਇਕ ਸਿੱਧ ਹੋ ਸਕਦੇ ਹਨ। ਉਨ੍ਹਾਂ ਕਿਹਾ ਕਿ ਬੇਰੋਜ਼ਗਾਰੀ ਹਰ ਸਾਲ ਵਧਦੀ ਜਾ ਰਹੀ ਹੈ ਅਤੇ ਬੇਰੋਜ਼ਗਾਰ ਨੌਜਵਾਨਾਂ ਦੇ ਸਾਹਮਣੇ ਰੋਜ਼ਗਾਰ ਹਾਸਲ ਕਰਨਾ ਸਭ ਤੋਂ ਵੱਡੀ ਚੁਣੌਤੀ ਬਣਿਆ ਹੋਇਆ ਹੈ। ਲਘੂ ਉਦਯੋਗਾਂ ਦੇ ਸਾਹਮਣੇ ਇਸ ਸਮੇਂ ਜੋ ਆਰਥਿਕ ਸੰਕਟ ਪੈਦਾ ਹੋ ਚੁੱਕਾ ਹੈ ਉਸ 'ਚ ਉਨ੍ਹਾਂ ਤੋਂ ਬਾਹਰ ਨਿਕਲਣ ਦੀ ਲੋੜ ਹੈ।

PunjabKesari

ਬਜਟ ਤੋਂ ਬਾਅਦ ਅਨਿਸ਼ਚਿਤਤਾ ਹੋਰ ਡੂੰਘੀ ਹੋਈ : ਗਿਆਨ ਭੰਡਾਰੀ
ਜੀ. ਬੀ. ਟੂਲਜ਼ ਦੇ ਚੇਅਰਮੈਨ ਗਿਆਨ ਭੰਡਾਰੀ ਨੇ ਕਿਹਾ ਕਿ ਕੇਂਦਰੀ ਬਜਟ 'ਚ ਆਮਦਨ ਕਰ ਦੀਆਂ ਨਵੀਆਂ ਸਲੈਬਾਂ, ਬੈਂਕਾਂ ਤੋਂ ਲਏ ਜਾਣ ਵਾਲੇ ਕਰਜ਼ੇ ਤੇ ਕਈ ਹੋਰ ਆਰਥਿਕ ਮਾਮਲਿਆਂ ਸਬੰਧੀ ਅਨਿਸ਼ਚਿਤਤਾ ਦਾ ਦੌਰ ਹੋਰ ਗਹਿਰਾ ਗਿਆ ਹੈ। ਕੇਂਦਰੀ ਵਿੱਤ ਮੰਤਰੀ ਬਜਟ 'ਚ ਆਰਥਿਕ ਮੁੱਦਿਆਂ 'ਤੇ ਪੂਰੀ ਤਰ੍ਹਾਂ ਸਪੱਸ਼ਟੀਕਰਨ ਨਹੀਂ ਦੇ ਸਕੀ ਹੈ।

ਡਿਵੀਡੈਂਟ ਡਿਸਟ੍ਰੀਬਿਊਸ਼ਨ ਟੈਕਸ ਨੂੰ ਖਤਮ ਕਰਨਾ ਸਾਕਾਰਾਤਮਕ : ਜੋਤੀ ਪ੍ਰਕਾਸ਼
ਨਿਰਯਾਤਕ ਤੇ ਉਦਮੀ ਜੋਤੀ ਪ੍ਰਕਾਸ਼ ਨੇ ਕਿਹਾ ਹੈ ਕਿ ਡਿਵੀਡੈਂਟ ਡਿਸਟ੍ਰੀਬਿਊਸ਼ਨ ਟੈਕਸ ਨੂੰ ਖਤਮ ਕਰਨਾ ਸਾਕਾਰਾਤਮਕ ਹੈ। ਉਨ੍ਹਾਂ ਕਿਹਾ ਕਿ ਇਸ ਨਾਲ ਵਿਦੇਸ਼ੀ ਨਿਵੇਸ਼ ਭਾਰਤ ਵੱਲ ਆਕਰਸ਼ਿਤ ਹੋ ਸਕਦਾ ਹੈ। ਇਸੇ ਤਰ੍ਹਾਂ 15 ਲੱਖ ਤਕ ਦੀ ਆਮਦਨ ਵਾਲੇ ਲੋਕਾਂ ਨੂੰ ਆਮਦਨ ਟੈਕਸ ਸਲੈਬਾਂ 'ਚ ਜੋ ਰਾਹਤ ਦਿੱਤੀ ਗਈ ਹੈ ਉਸ ਨਾਲ ਵੀ ਘਰੇਲੂ ਫਿਲਮ ਨਗਰੀ ਨੂੰ ਉਤਸ਼ਾਹ ਮਿਲ ਸਕਦਾ ਹੈ ਕਿਉਂਕਿ ਜੇਕਰ ਲੋਕਾਂ ਦੀ ਬੱਚਤ ਹੋਵੇਗੀ ਤਾਂ ਇਸ ਨਾਲ ਉਨ੍ਹਾਂ ਦਾ ਖਰਚ ਕਰਨ ਦੀ ਖਪਤ ਵੀ ਵਧ ਜਾਵੇਗੀ।

ਬਾਜ਼ਾਰ 'ਚ ਨਕਦੀ ਦਾ ਪ੍ਰਵਾਹ ਵਧਾਉਣ ਦੀ ਲੋੜ : ਸੁਰਿੰਦਰਪਾਲ ਜੈਨ
ਕੋਹਿਨੂਰ ਇੰਡੀਆ ਪ੍ਰਾ. ਲਿਮ. ਦੇ ਚੇਅਰਮੈਨ ਸੁਰਿੰਦਰਪਾਲ ਜੈਨ ਨੇ ਕਿਹਾ ਹੈ ਕਿ ਦੇਸ਼ 'ਚ ਜਿਸ ਤਰ੍ਹਾਂ ਦੇ ਆਰਥਿਕ ਹਾਲਾਤ ਚੱਲ ਰਹੇ ਹਨ ਉਸ ਨੂੰ ਦੇਖਦੇ ਹੋਏ ਕੇਂਦਰ ਸਰਕਾਰ ਨੂੰ ਬਾਜ਼ਾਰ 'ਚ ਮੁਦਰਾ ਦਾ ਪ੍ਰਵਾਹ ਵਧਾਉਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਜਦੋਂ ਤਕ ਬਾਜ਼ਾਰ 'ਚ ਨਕਦੀ ਦੀ ਕਮੀ ਦੂਰ ਨਹੀਂ ਹੋਵੇਗੀ ਉੁਦੋਂ ਤਕ ਆਰਥਿਕ ਹਾਲਾਤ 'ਚ ਸੁਧਾਰ ਦੀ ਉਮੀਦ ਨਹੀਂ ਕੀਤੀ ਜਾ ਸਕਦੀ ਹੈ।

ਐੱਮ. ਐੱਸ. ਐੱਮ. ਈ. ਨੂੰ ਅਪਗ੍ਰੇਡ ਕਰਨ ਲਈ ਕੁਝ ਸਕੀਮਾਂ ਆਈਆਂ : ਅਸ਼ਵਨੀ ਕੁਮਾਰ
ਵਿਕਟਰ ਟੂਲਸ ਗਰੁੱਪ ਦੇ ਡਾਇਰੈਕਟਰ ਅਸ਼ਵਨੀ ਕੁਮਾਰ ਨੇ ਕਿਹਾ ਕਿ ਕੇਂਦਰੀ ਬਜਟ 'ਚ ਐੱਮ. ਐੱਸ. ਐੱਮ. ਈ. ਨੂੰ ਅਪਗ੍ਰੇਡ ਕਰਨ ਲਈ ਕੁਝ ਸਕੀਮਾਂ ਆਈਆਂ ਹਨ ਪਰ ਇਹ ਕਾਫੀ ਨਹੀਂ ਹੈ। ਉਨ੍ਹਾਂ ਕਿਹਾ ਕਿ ਐੱਮ. ਐੱਸ. ਐੱਮ. ਈ. ਨੂੰ ਬੂਸਟ ਕਰਨ ਦੀ ਲੋੜ ਹੈ ਕਿਉਂਕਿ ਇਸ ਖੇਤਰ ਨਾਲ ਸਬੰਧਤ ਉਦਯੋਗ ਡੁੱਬ ਰਹੇ ਹਨ। ਇਸ ਤਰ੍ਹਾਂ ਬਰਾਮਦ ਸਬੰਧੀ ਕੁਝ ਸਕੀਮਾਂ ਲਿਆਈਆਂ ਗਈਆਂ ਹਨ।

ਮੈਡੀਕਲ ਸੈਕਟਰ ਵੀ ਮੰਦੀ ਤੋਂ ਬਚ ਨਹੀਂ ਸਕਿਆ : ਅਤੁਲ ਸੂਦ
ਮੈਡੀਕਲ ਖੇਤਰ ਨਾਲ ਜੁੜੇ ਅਤੁਲ ਸੂਦ ਨੇ ਕਿਹਾ ਕਿ ਦੇਸ਼ 'ਚ ਚੱਲ ਰਹੀ ਮੰਦੀ ਦੀ ਲਹਿਰ ਦਾ ਅਸਰ 2019 'ਚ ਪੂਰੀ ਤਰ੍ਹਾਂ ਨਾਲ ਮੈਡੀਕਲ ਸੈਕਟਰ 'ਤੇ ਵੀ ਪਿਆ। ਸਰਕਾਰ ਨੂੰ ਚਾਹੀਦਾ ਕਿ ਉਹ ਜਨਤਾ ਦੇ ਹਿੱਤਾਂ ਨੂੰ ਦੇਖਦੇ ਹੋਏ ਸਸਤੀ ਤੋਂ ਸਸਤੀ ਦਵਾਈ ਲੋਕਾਂ ਨੂੰ ਮੁਹੱਈਆ ਕਰਵਾਏ ਅਤੇ ਇਸ ਲਈ ਜੀ. ਐੈੱਸ. ਟੀ. ਦਰਾਂ 'ਚ ਬਦਲਾਅ ਲਿਆਉਣ ਦੀ ਲੋੜ ਹੈ।

PunjabKesari

ਇਨਫਰਾਸਟਰੱਕਚਰ ਸੈਕਟਰ 'ਤੇ ਸਰਕਾਰ ਨੂੰ ਆਪਣਾ ਫੋਕਸ ਹੋਰ ਵਧਾਉਣ ਦੀ ਲੋੜ : ਮੁਕੰਦ ਰਾਏ ਗੁਪਤਾ
ਅਲਾਸਕਾ ਗਰੁੱਪ ਨਾਲ ਜੁੜੇ ਮੁਕੰਦ ਰਾਏ ਗੁਪਤਾ ਨੇ ਕਿਹਾ ਹੈ ਕਿ ਬਜਟ 'ਚ ਭਾਵੇਂ ਇਨਫਰਾਸਟਰੱਕਚਰ ਸੈਕਟਰ ਲਈ ਧਨਰਾਸ਼ੀ ਦਾ ਪ੍ਰਬੰਧ ਕੀਤਾ ਗਿਆ ਹੈ ਪਰ ਇਸ ਨੂੰ ਹੋਰ ਵਧਾਉਣ ਦੀ ਲੋੜ ਹੈ ਕਿਉਂਕਿ ਇਨਫਰਾਸਟਰੱਕਚਰ 'ਚ ਮਜ਼ਬੂਤੀ ਲਿਆ ਕੇ ਦੇਸ਼ 'ਚ ਰੋਜ਼ਗਾਰ ਦੇ ਨਵੇਂ ਮੌਕੇ ਪੈਦਾ ਕੀਤੇ ਜਾ ਸਕਦੇ ਹਨ। ਬਜਟ 'ਚ ਰਬੜ ਇੰਡਸਟਰੀ ਨੂੰ ਕਸਟਮ ਡਿਊਟੀ 'ਚ ਰਾਹਤ ਦੇ ਕੇ ਕੁਝ ਕਦਮ ਚੁੱਕੇ ਗਏ ਹਨ। ਉਨ੍ਹਾਂ ਮੰਗ ਕੀਤੀ ਕਿ ਸਰਕਾਰ ਮੇਕ ਇੰਨ ਇੰਡੀਆ ਨੂੰ ਉਤਸ਼ਾਹ ਦੇਵੇ ਤਾਂ ਕਿ ਘਰੇਲੂ ਉਦਯੋਗਾਂ ਦੀ ਸਥਿਤੀ ਹੋਰ ਮਜ਼ਬੂਤ ਹੋ ਸਕੇ।

ਵਪਾਰ ਨੂੰ ਜ਼ਬਰਦਸਤ ਬੂਸਟ ਦੀ ਲੋੜ : ਸੁਰਿੰਦਰ ਧਵਨ
ਕੱਪੜਾ ਉਦਯੋਗ ਨਾਲ ਸਬੰਧ ਰੱਖਦੇ ਮੁੱਖ ਵਪਾਰੀ ਅਤੇ ਬਾਲਾਜੀ ਦੇ ਚੇਅਰਮੈਨ ਸੁਰਿੰਦਰ ਧਵਨ ਨੇ ਕਿਹਾ ਕਿ ਬਜਟ 'ਚ ਭਾਵੇਂ ਅਰਥਵਿਵਸਥਾ ਸਬੰਧੀ ਕੁਝ ਕਦਮ ਚੁੱਕੇ ਗਏ ਹਨ ਪਰ ਹੁਣ ਵੀ ਵਪਾਰ ਨੂੰ ਸਰਕਾਰ ਵਲੋਂ ਜ਼ਬਰਦਸਤ ਬੂਸਟ ਦੀ ਲੋੜ ਹੈ। ਹੁਣ 2020 'ਚ ਵਪਾਰੀਆਂ ਦੀਆਂ ਬਜਟ ਤੋਂ ਜੋ ਉਮੀਦਾਂ ਹਨ ਉਸ ਨੂੰ ਪੂਰਾ ਕਰਨ ਲਈ ਸਰਕਾਰ ਨੂੰ ਲਗਾਤਾਰ ਅੱਗੇ ਵੀ ਵਪਾਰ ਅਤੇ ਇੰਡਸਟਰੀ ਲਈ ਹਾਂ ਪੱਖੀ ਕਦਮ ਤਾਂ ਚੁੱਕਣੇ ਹੋਣਗੇ ਅਤੇ ਨਾਲ ਹੀ ਦੂਜੇ ਪਾਸੇ ਦੇਸ਼ 'ਚ ਇਕ ਹਾਂ ਪੱਖੀ ਮਾਹੌਲ ਵੀ ਬਣਾਉਣ ਦੀ ਲੋੜ ਰਹੇਗੀ।

ਨੌਜਵਾਨ ਵਪਾਰੀਆਂ ਨੇ ਕਿਹਾ ਕਿ ਇੰਡਸਟਰੀ ਨੂੰ ਵਿਸ਼ੇਸ਼ ਰਿਆਇਤਾਂ ਦੀ ਲੋੜ
ਰਬੜ ਉਦਯੋਗ ਲਈ ਕੁਝ ਵੀ ਐਲਾਨ ਨਹੀਂ : ਵਿਵੇਕ ਗੁਪਤਾ
ਕੇਂਦਰੀ ਬਜਟ 'ਚ ਰਬੜ ਉਦਯੋਗ ਦੇ ਮਾਮਲਿਆਂ ਦਾ ਸਮਾਧਾਨ ਕਰਨ ਲਈ ਕੋਈ ਕਦਮ ਨਹੀਂ ਚੁੱਕੇ ਗਏ ਹਨ। ਇਨਕਮ ਟੈਕਸ ਦੀਆਂ ਸਲੈਬਾਂ 'ਚ ਕੁਝ ਤਬਦੀਲੀ ਜ਼ਰੂਰ ਕੀਤੀ ਗਈ ਹੈ ਪਰ ਇਹ ਵੀ ਲੋਕਾਂ ਦੀਆਂ ਅੱਖਾਂ 'ਚ ਧੂੜ ਪਾਉਣ ਦੇ ਬਰਾਬਰ ਹੈ। ਉਨ੍ਹਾਂ ਨੇ ਕਿਹਾ ਕਿ ਬਜਟ 'ਚ ਇਕ ਚੰਗਾ ਕੰਮ ਇਹ ਹੋਇਆ ਹੈ ਕਿ ਚੀਨ ਤੋਂ ਆਉਣ ਵਾਲੇ ਫੁੱਟਵੀਅਰ 'ਤੇ 10 ਫੀਸਦੀ ਡਿਊਟੀ ਵਧਾਈ ਗਈ ਹੈ ਪਰ ਇਕੱਲੇ ਇਸ ਕਦਮ ਨਾਲ ਫੁੱਟਵੀਅਰ ਇੰਡਸਟਰੀ ਨੂੰ ਉੱਚਾ ਨਹੀਂ ਚੁੱਕਿਆ ਜਾ ਸਕਦਾ ਹੈ।

PunjabKesari

ਇੰਟਰਟੇਨਮੈਂਟ ਇੰਡਸਟਰੀ ਲਈ ਕੁਝ ਨਹੀਂ ਆਇਆ : ਸਤੀਸ਼ ਜੈਨ
ਹਵੇਲੀ ਗਰੁੱਪ ਦੇ ਚੇਅਰਮੈਨ ਸਤੀਸ਼ ਜੈਨ ਨੇ ਕਿਹਾ ਹੈ ਕਿ ਬਜਟ 'ਚ ਐਂਟਰਟੇਨਮੈਂਟ ਇੰਡਸਟਰੀ ਨੂੰ ਲੈ ਕੇ ਕੁਝ ਵੀ ਨਹੀਂ ਆਇਆ ਹੈ। ਉਨ੍ਹਾਂ ਨੇ ਕਿਹਾ ਕਿ ਬਜਟ ਨੂੰ ਹਾਂ-ਪੱਖੀ ਬਣਾਉਣ ਲਈ ਦੇਸ਼ 'ਚ ਸੈਲਾਨੀਆਂ ਨੂੰ ਜ਼ਿਆਦਾ ਤੋਂ ਜ਼ਿਆਦਾ ਬੁਲਾਉਣ ਦੀ ਲੋੜ ਸੀ। ਇਸ ਤਰ੍ਹਾਂ ਨਾਲ ਅੰਤਰਰਾਜੀ ਸੈਲਾਨੀਆਂ ਨੂੰ ਉਤਸ਼ਾਹ ਦੇਣ ਲਈ ਘਰੇਲੂ ਹੋਟਲ ਇੰਡਸਟਰੀ ਨੂੰ ਟੈਕਸਾਂ 'ਚ ਰਾਹਤ ਦੇਣ ਦੀ ਲੋੜ ਸੀ ਪਰ ਇਸ ਦਿਸ਼ਾ 'ਚ ਕੋਈ ਕਦਮ ਚੁੱਕੇ ਨਹੀਂ ਗਏ।

ਆਟੋ ਸੈਕਟਰ ਮੰਗੇ ਮੋਰ : ਅਮਿਤ ਮਿੱਤਲ
ਲਵਲੀ ਆਟੋਜ਼ ਦੇ ਡਾਇਰੈਕਟਰ ਅਮਿਤ ਮਿੱਤਲ ਨੇ ਕਿਹਾ ਹੈ ਕਿ ਜਿੱਥੇ ਦੇਸ਼ 'ਚ ਇਸ ਸਮੇਂ ਸਾਰੇ ਸੈਕਟਰਾਂ 'ਤੇ ਆਰਥਿਕ ਮੰਦੀ ਦੀ ਮਾਰ ਪਈ ਹੋਈ ਹੈ ਉਥੇ ਦੂਜੇ ਪਾਸੇ ਆਟੋ ਸੈਕਟਰ ਵੀ ਇਸ ਤੋਂ ਬਚ ਨਹੀਂ ਸਕਿਆ ਹੈ ਪਰ ਉਨ੍ਹਾਂ ਨੂੰ ਉਮੀਦ ਹੈ ਕਿ ਇਸ ਸਾਲ ਮੱਧ ਤਕ ਆਟੋ ਸੈਕਟਰ 'ਚ ਤੇਜ਼ੀ ਆ ਸਕਦੀ ਹੈ। ਉਨ੍ਹਾਂ ਕਿਹਾ ਕਿ ਆਟੋ ਸੈਕਟਰ ਨੂੰ ਉੱਚਾ ਚੁੱਕਣ ਲਈ ਬੈਂਕਾਂ ਦਾ ਸਹਿਯੋਗ ਵੀ ਜ਼ਰੂਰੀ ਹੈ ਅਤੇ ਨਾਲ ਹੀ ਆਟੋ ਸੈਕਟਰ ਲਈ ਸਰਕਾਰ ਨੂੰ ਵਿਦੇਸ਼ ਨੀਤੀ ਬਣਾਉਣੀ ਹੋਵੇਗੀ।

ਬੈਕਿੰਗ ਸੈਕਟਰ ਦਾ ਰੁਖ ਹਾਂ-ਪੱਖੀ ਬਣਾਇਆ ਜਾਵੇ : ਨਿਪੁੰਨ ਜੈਨ
ਲਘੂ ਉਦਮੀ ਨਿਪੁੰਨ ਜੈਨ ਨੇ ਕਿਹਾ ਹੈ ਕਿ ਬੈਂਕਿੰਗ ਸੈਕਟਰ ਦਾ ਰੁਖ ਹਾਂ-ਪੱਖੀ ਹੋਣਾ ਚਾਹੀਦਾ ਅਤੇ ਇਸ ਲਈ ਵਿੱਤ ਮੰਤਰਾਲਾ ਨੂੰ ਬੈਕਿੰਗ ਸੈਕਟਰ ਨੂੰ ਵਿਸ਼ੇਸ਼ ਰੂਪ ਨਾਲ ਦਿਸ਼ਾ-ਨਿਰਦੇਸ਼ ਜਾਰੀ ਕਰਨ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਜਦੋਂ ਤਕ ਲਘੂ ਸੈਕਟਰ ਨੂੰ ਮਜ਼ਬੂਤ ਨਹੀਂ ਬਣਾਇਆ ਜਾਵੇਗਾ ਉਦੋਂ ਤਕ ਆਰਥਿਕ ਸਥਿਤੀ ਮਜ਼ਬੂਤ ਨਹੀਂ ਹੋਵੇਗੀ ਅਤੇ ਇਸ ਲਈ ਜ਼ਰੂਰੀ ਹੈ ਕਿ ਬੈਂਕਾਂ ਦਾ ਸਹਿਯੋਗ ਲਘੂ ਉਦਯੋਗ ਨੂੰ ਜ਼ਿਆਦਾ ਤੋਂ ਜ਼ਿਆਦਾ ਮਿਲਣਾ ਚਾਹੀਦਾ ਹੈ।

ਲਘੂ ਉਦਯੋਗਾਂ ਨੂੰ ਚਾਹੀਦਾ ਕੁਝ ਵੱਡਾ ਪੈਕੇਜ : ਸੰਦੀਪ ਜੈਨ
ਕੇ. ਆਰ. ਐੈੱਮ. ਟਾਇਰਜ਼ ਦੇ ਡਾਇਰੈਕਟਰ ਸੰਦੀਪ ਜੈਨ ਨੇ ਕਿਹਾ ਕਿ ਲਘੂ ਉਦਯੋਗਾਂ ਨੂੰ ਕੁਝ ਵੱਡਾ ਹੀ ਪੈਕੇਜ ਦੇਣ ਦੀ ਲੋੜ ਹੈ ਪਰ ਇਸ ਦਿਸ਼ਾ 'ਚ ਕੋਈ ਵੀ ਕਦਮ ਬਜਟ 'ਚ ਨਹੀਂ ਚੁੱਕਿਆ ਗਿਆ ਹੈ। ਲਘੂ ਉਦਯੋਗ ਜਦੋਂ ਤਕ ਮਜ਼ਬੂਤ ਨਹੀਂ ਹੋਣਗੇ ਉਦੋਂ ਤਕ ਦੇਸ਼ 'ਚ ਬੇਰੋਜ਼ਗਾਰੀ ਨੂੰ ਦੂਰ ਨਹੀਂ ਕੀਤਾ ਜਾ ਸਕੇਗਾ।

ਬਜਟ 'ਚ ਹੈਂਡਟੂਲਸ ਇੰਡਸਟਰੀ ਲਈ ਕੁਝ ਵੀ ਖਾਸ ਨਹੀਂ : ਸੌਰਭ ਭੰਡਾਰੀ
ਨੌਜਵਾਨ ਨਿਰਯਾਤਕ ਸੌਰਭ ਭੰਡਾਰੀ ਨੇ ਕਿਹਾ ਹੈ ਕਿ ਕੇਂਦਰੀ ਬਜਟ 'ਚ ਹੈਂਡਟੂਲਜ਼ ਲਈ ਕੁਝ ਵੀ ਖਾਸ ਦੇਖਣ ਨੂੰ ਨਹੀਂ ਮਿਲਿਆ ਹੈ। ਉਨ੍ਹਾਂ ਕਿਹਾ ਕਿ ਬਜਟ ਤਾਂ ਸਿਰਫ ਅੰਕੜਿਆਂ ਦਾ ਲੇਖਾ-ਜੋਖਾ ਬਣ ਕੇ ਰਹਿ ਗਿਆ ਹੈ ਨਹੀਂ ਤਾਂ ਪਹਿਲਾਂ ਬਜਟ 'ਚ ਇੰਡਸਟਰੀ ਨੂੰ ਕੁਝ ਨਾ ਕੁਝ ਵਿਸ਼ੇਸ਼ ਉਤਸ਼ਾਹ ਦਿੱਤਾ ਜਾਂਦਾ ਸੀ। ਉਨ੍ਹਾਂ ਕਿਹਾ ਕਿ ਸਰਕਾਰ ਵਲੋਂ ਹੁਣ ਤਾਂ ਸਾਲ ਭਰ ਆਰਥਿਕ ਫੈਸਲੇ ਲਏ ਜਾਂਦੇ ਹਨ। ਇਸ ਲਈ ਬਜਟ ਤਾਂ ਰੂਟੀਨ ਬਜਟ ਹੀ ਬਣ ਕੇ ਰਹਿ ਗਿਆ ਹੈ।


shivani attri

Content Editor

Related News