ਭੈਣ ਨੂੰ ਦਰਦਨਾਕ ਮੌਤ ਦੇਣ ਵਾਲੇ ਭਰਾ ਨੂੰ ਭੇਜਿਆ ਗਿਆ ਸੈਂਟਰਲ ਜੇਲ
Sunday, Oct 28, 2018 - 11:55 AM (IST)

ਹੁਸ਼ਿਆਰਪੁਰ (ਅਮਰਿੰਦਰ)— ਥਾਣਾ ਸਿਟੀ ਅਧੀਨ ਆਉਂਦੇ ਪੁਰਹੀਰਾਂ ਪਿੰਡ 'ਚ ਬੀਤੇ ਦਿਨੀਂ ਜ਼ਮੀਨੀ ਝਗੜੇ 'ਚ ਆਪਣੀ ਛੋਟੀ ਭੈਣ ਅਮਰਜੀਤ ਕੌਰ ਪਤਨੀ ਰਾਮ ਪਾਲ ਨੂੰ ਦਿਨ-ਦਿਹਾੜੇ ਕਤਲ ਕਰਨ ਦੇ ਦੋਸ਼ 'ਚ ਗ੍ਰਿਫਤਾਰ ਰੋਸ਼ਨ ਲਾਲ ਨੂੰ ਥਾਣਾ ਮਾਡਲ ਟਾਊਨ ਦੀ ਪੁਲਸ ਵੱਲੋਂ ਜੁਡੀਸ਼ੀਅਲ ਮੈਜਿਸਟਰੇਟ ਪਹਿਲੀ ਸ਼੍ਰੇਣੀ ਡੇਜ਼ੀ ਬੰਗੜ ਦੀ ਅਦਾਲਤ 'ਚ ਪੇਸ਼ ਕੀਤਾ ਗਿਆ। ਭਾਵੇਂ ਕਾਤਲ ਨੇ ਪੁਲਸ ਅੱਗੇ ਆਪਣਾ ਜੁਰਮ ਕਬੂਲ ਲਿਆ ਸੀ ਅਤੇ ਪੁਲਸ ਨੇ ਕਤਲ ਲਈ ਵਰਤਿਆ ਹਥਿਆਰ ਵੀ ਬਰਾਮਦ ਕਰ ਲਿਆ ਸੀ, ਉਸ ਦੇ ਬਾਵਜੂਦ ਮਾਣਯੋਗ ਅਦਾਲਤ ਨੇ ਰੋਸ਼ਨ ਲਾਲ ਨੂੰ 14 ਦਿਨਾਂ ਦੀ ਨਿਆਇਕ ਹਿਰਾਸਤ 'ਚ ਸੈਂਟਰਲ ਜੇਲ ਭੇਜਣ ਦੇ ਹੁਕਮ ਦੇ ਦਿੱਤੇ।
ਪੋਸਟਮਾਰਟਮ ਦੌਰਾਨ 8 ਸਾਲਾ ਬੇਟੇ ਨੇ ਕਿਹਾ, 'ਮੰਮੀ ਦਾ ਕੀਤਾ ਜਾ ਰਿਹੈ ਇਲਾਜ'
ਵਰਣਨਯੋਗ ਹੈ ਕਿ ਸ਼ੁੱਕਰਵਾਰ ਜਿਸ ਸਮੇਂ ਅਮਰਜੀਤ ਕੌਰ ਦਾ ਕਤਲ ਹੋਇਆ, ਉਸ ਸਮੇਂ ਉਸ ਦਾ 8 ਸਾਲਾ ਬੇਟਾ ਬਾਬਾ ਸਕੂਲ ਗਿਆ ਹੋਇਆ ਸੀ। ਜਦੋਂ ਉਹ ਘਰ ਪਰਤਿਆ ਤਾਂ ਉਸ ਨੂੰ ਸਾਰਿਆਂ ਨੇ ਇਹੀ ਕਿਹਾ ਕਿ ਉਸ ਦੀ ਮਾਂ ਹਸਪਤਾਲ 'ਚ ਦਾਖਲ ਹੈ। ਅੱਜ ਦੁਪਹਿਰ ਬਾਅਦ ਜਦੋਂ ਬਾਬਾ ਆਪਣੇ ਪਿਤਾ ਰਾਮ ਪਾਲ ਅਤੇ ਮਾਮੇ ਕਮਲਜੀਤ ਨਾਲ ਪੋਸਟਮਾਰਟਮ ਵਾਲੇ ਕਮਰੇ ਦੇ ਬਾਹਰ ਬੈਠਾ ਸੀ ਤਾਂ ਪੁੱਛਣ 'ਤੇ ਉਹ ਸਾਰਿਆਂ ਨੂੰ ਇਹੀ ਕਹਿ ਰਿਹਾ ਸੀ ਕਿ ਅੰਦਰ ਉਸ ਦੀ ਮੰਮੀ ਦਾ ਇਲਾਜ ਚੱਲ ਰਿਹਾ ਹੈ। ਇਸ ਦੌਰਾਨ ਲਾਸ਼ ਬਾਹਰ ਕੱਢਣ ਤੋਂ ਪਹਿਲਾਂ ਬਾਬਾ ਨੂੰ ਉਨ੍ਹਾਂ ਦੇ ਕਿਸੇ ਨਜ਼ਦੀਕੀ ਰਿਸ਼ਤੇਦਾਰ ਦੇ ਘਰ ਭੇਜ ਦਿੱਤਾ ਗਿਆ। ਅੱਜ ਮ੍ਰਿਤਕ ਅਮਰਜੀਤ ਕੌਰ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ।