ਅਕਾਲੀਆਂ ਨੇ ਕੀਤਾ ਡੀ. ਸੀ. ਦਫ਼ਤਰ ਦੇ ਬਾਹਰ ਰੋਸ ਪ੍ਰਦਰਸ਼ਨ, ਪ੍ਰਸ਼ਾਸਨ ਨੂੰ ਸੌਂਪਿਆ ਮੰਗ-ਪੱਤਰ

08/14/2022 4:44:32 PM

ਜਲੰਧਰ (ਚਾਵਲਾ)- ਪੰਥਕ ਜਜ਼ਬਾਤਾਂ ਦੀ ਤਰਜਮਾਨੀ ਕਰਦਿਆਂ ਕਾਰਵਾਈਆਂ ’ਚ ਸ਼ਾਮਿਲ ਬੰਦੀ ਸਿੰਘ, ਜੋ ਭਾਰਤ ਦੇ ਕਾਨੂੰਨ ਅਨੁਸਾਰ ਆਪਣੀਆਂ ਸਜ਼ਾਵਾਂ ਵੀ ਪੂਰੀਆਂ ਕਰ ਚੁੱਕੇ ਹਨ, ਫਿਰ ਵੀ ਸਰਕਾਰਾਂ ਦੇ ਅੜੀਅਲ ਰਵੱਈਏ ਕਾਰਨ ਬੰਦੀ ਸਿੰਘਾਂ ਨੂੰ ਰਿਹਾਅ ਨਾ ਕਰਨ ਕਰਕੇ ਸ਼ਨੀਵਾਰ ਸ਼੍ਰੋਮਣੀ ਕਮੇਟੀ ਦੇ ਮੈਂਬਰ ਜਥੇ. ਕੁਲਵੰਤ ਸਿੰਘ ਮੰਨਣ, ਰਣਜੀਤ ਸਿੰਘ ਕਾਹਲੋਂ, ਬੀਬੀ ਦਵਿੰਦਰ ਕੌਰ ਕਾਲਰਾ, ਬਲਦੇਵ ਸਿੰਘ ਕਲਿਆਣ ਦੀ ਅਗਵਾਈ ਹੇਠ ਬੰਦੀ ਸਿੰਘਾਂ ਨੂੰ ਰਿਹਾਅ ਕਰਾਉਣ ਸਬੰਧੀ ਡਿਪਟੀ ਕਮਿਸ਼ਨਰ ਦਫ਼ਤਰ ਦੇ ਬਾਹਰ ਵੱਡੀ ਗਿਣਤੀ ’ਚ ਇਕੱਤਰ ਹੋਈਆਂ ਸੰਗਤਾਂ ਵਲੋਂ ਰੋਸ ਪ੍ਰਦਰਸ਼ਨ ਕੀਤਾ ਗਿਆ।

ਇਹ ਵੀ ਪੜ੍ਹੋ: ਜਲੰਧਰ: ਆਜ਼ਾਦੀ ਦਿਹਾੜੇ ਦੇ ਮੱਦੇਨਜ਼ਰ ਗੁਰੂ ਗੋਬਿੰਦ ਸਿੰਘ ਸਟੇਡੀਅਮ ਸੀਲ, ਟ੍ਰੈਫਿਕ ਪੁਲਸ ਵੱਲੋਂ ਰੂਟ ਪਲਾਨ ਜਾਰੀ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਂ ਡਿਪਟੀ ਕਮਿਸ਼ਨਰ ਜਲੰਧਰ ਮੌਕੇ ’ਤੇ ਨਾ ਮਿਲਣ ਕਾਰਨ ਐੱਸ. ਡੀ. ਐੱਮ. ਜੈ ਇੰਦਰ ਸਿੰਘ ਨੂੰ ਐਡ. ਹਰਜਿੰਦਰ ਸਿੰਘ ਧਾਮੀ ਦੇ ਦਸਤਖ਼ਤ ਵਾਲਾ ਮੰਗ ਪੱਤਰ ਸੌਂਪਿਆ ਗਿਆ। ਰੋਸ ਪ੍ਰਦਰਸ਼ਨ ਦੌਰਾਨ ਸੰਗਤਾਂ ਨੇ ਰੋਸ ਵਜੋਂ ਕਾਲੇ ਦੁਪੱਟੇ ਤੇ ਕਾਲੀਆਂ ਦਸਤਾਰਾਂ ਸਜਾਈਆਂ ਹੋਈਆਂ ਸਨ ਤੇ ਹੱਥਾਂ ’ਚ ਬੰਦੀ ਸਿੰਘਾਂ ਦੀ ਰਿਹਾਈ ਸਬੰਧੀ ਲਿਖੇ ਬੈਨਰ ਤੇ ਕਾਲੀਆਂ ਝੰਡੀਆਂ ਫੜੀਆਂ ਹੋਈਆਂ ਸਨ। ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਮੈਂਬਰਾਂ ਨੇ ਸਾਂਝੇ ਤੌਰ ’ਤੇ ਕਿਹਾ ਕਿ ਦੇਸ਼ ਦੀ ਆਜ਼ਾਦੀ ’ਚ 80 ਫੀਸਦੀ ਤੋਂ ਵੱਧ ਕੁਰਬਾਨੀਆਂ ਸਿੱਖਾਂ ਨੇ ਦਿੱਤੀਆਂ ਹਨ। ਫਿਰ ਵੀ ਪਿਛਲੇ 75 ਸਾਲਾਂ ਤੋਂ ਭਾਰਤ ’ਚ ਸਿੱਖਾਂ ਨੂੰ ਬੇਗਾਨਿਆਂ ਵਾਲਾ ਅਹਿਸਾਸ ਕਰਵਾਇਆ ਜਾ ਰਿਹਾ ਹੈ। ਸ਼੍ਰੋਮਣੀ ਕਮੇਟੀ ਪੁਰਜ਼ੋਰ ਮੰਗ ਕਰਦੀ ਹੈ ਕਿ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਇਨ੍ਹਾਂ ਬੰਦੀ ਸਿੰਘਾਂ ਨੂੰ ਤੁਰੰਤ ਰਿਹਾਅ ਕੀਤਾ ਜਾਵੇ ਅਤੇ ਸਿੱਖ ਕੌਮ ਨਾਲ ਇਨਸਾਫ਼ ਕੀਤਾ ਜਾਵੇ।

ਇਸ ਮੌਕੇ ਜਥੇ. ਗੁਰਪ੍ਰਤਾਪ ਸਿੰਘ ਵਡਾਲਾ ਵਿਦੇਸ਼ ਗਏ ਹੋਣ ਕਰ ਕੇ ਜਥੇ. ਵਡਾਲਾ ਵੱਲੋਂ ਗੁਰਅਵਤਾਰ ਸਿੰਘ, ਗੁਰਦਿਆਲ ਸਿੰਘ ਕਾਲਰਾ, ਗੁਰਦੀਪ ਸਿੰਘ ਰਾਵੀ, ਸੁਰਜੀਤ ਸਿੰਘ ਨੀਲਾਮਹਿਲ, ਗੁਰਦੇਵ ਸਿੰਘ ਮਾਹਲ, ਅਮਰਜੀਤ ਸਿੰਘ ਕਿਸ਼ਨਪੁਰਾ, ਰਵਿੰਦਰ ਸਿੰਘ ਸਵੀਟੀ, ਭਜਨ ਲਾਲ ਚੋਪੜਾ, ਡਾ. ਪਰਮਜੀਤ ਸਿੰਘ ਮਰਵਾਹਾ, ਮਨਿੰਦਰਪਾਲ ਸਿੰਘ ਗੁੰਬਰ, ਸਤਿੰਦਰ ਸਿੰਘ ਪੀਤਾ, ਲਖਵੰਤ ਸਿੰਘ ਮੈਨੇਜਰ ਕਰਤਾਰਪੁਰ, ਮੋਹਣ ਸਿੰਘ ਮੋਂ ਸਾਹਿਬ, ਕੰਵਲਜੀਤ ਸਿੰਘ ਸੰਗ ਢੇਸੀਆਂ, ਸਤਨਾਮ ਸਿੰਘ ਬਿਲਗਾ, ਪ੍ਰਚਾਰਕ ਮਨਜੀਤ ਸਿੰਘ, ਸੇਵਾ ਸਿੰਘ ਕਰਤਾਰਪੁਰ ਆਦਿ ਹਾਜ਼ਰ ਸਨ।

ਇਹ ਵੀ ਪੜ੍ਹੋ: ਪੰਜਾਬ 'ਚ ਵਧਿਆ 'ਲੰਪੀ' ਸਕਿਨ ਦਾ ਕਹਿਰ, ਜਲੰਧਰ ਜ਼ਿਲ੍ਹੇ 'ਚ ਹੁਣ ਤੱਕ 5967 ਕੇਸ ਆਏ ਸਾਹਮਣੇ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


shivani attri

Content Editor

Related News