ਕਮਜ਼ੋਰ ਵਰਗ ਆਟਾ ਦਾਲ ਸਕੀਮ ਦਾ ਲਾਭ ਲੈਣ ਤੋਂ ਵਾਂਝਾ : ਡਾ. ਚੀਮਾ

11/11/2020 2:06:35 AM

ਨੂਰਪੁਰਬੇਦੀ,(ਅਵਿਨਾਸ਼ ਸ਼ਰਮਾ)-ਸ਼੍ਰੋਮਣੀ ਅਕਾਲੀ ਦਲ ਨੇ ਅੱਜ ਕਾਂਗਰਸ ਸਰਕਾਰ ਵੱਲੋਂ ਬੁਢਾਪਾ ਪੈਨਸ਼ਨਰਾਂ ਨੂੰ ਕਾਰਣ ਦੱਸੋ ਨੋਟਿਸ ਜਾਰੀ ਕਰ ਕੇ ਜਾਣ ਬੁਝ ਕੇ ਤੰਗ ਪ੍ਰੇਸ਼ਾਨ ਕਰਨ ਅਤੇ ਧਮਕਾਉਣ ਦੀ ਜ਼ੋਰਦਾਰ ਨਿਖੇਧੀ ਕੀਤੀ ਅਤੇ ਕਿਹਾ ਕਿ ਸਾਰੇ ਯੋਗ ਲਾਭਪਾਤਰੀਆਂ ਲਈ ਸਹੂਲਤ ਦੇਣ ਦੀ ਥਾਂ ਪੈਨਸ਼ਨ ਸੂਚੀਆਂ 'ਚ ਮਨਮਰਜ਼ੀ ਨਾਲ ਕਟੌਤੀ ਕੀਤੀ ਜਾ ਰਹੀ ਹੈ।
ਇਥੇ ਜਾਰੀ ਕੀਤੇ ਇਕ ਬਿਆਨ ਵਿਚ ਅਕਾਲੀ ਦਲ ਦੇ ਬੁਲਾਰੇ ਅਤੇ ਸਾਬਕਾ ਸਿੱਖਿਆ ਮੰਤਰੀ ਡਾ.ਦਲਜੀਤ ਸਿੰਘ ਚੀਮਾ ਨੇ ਕਿਹਾ ਹੈ ਕਿ ਇਹ ਬਹੁਤ ਹੀ ਹੈਰਾਨੀ ਵਾਲੀ ਗੱਲ ਹੈ ਕਿ ਕਾਂਗਰਸ ਸਰਕਾਰ ਨਾ ਸਿਰਫ 2500 ਰੁਪਏ ਪ੍ਰਤੀ ਮਹੀਨਾ ਬੁਢਾਪਾ ਪੈਨਸ਼ਨ ਦੇਣ ਦੇ ਆਪਣੇ ਵਾਅਦੇ ਤੋਂ ਭੱਜ ਗਈ ਹੈ ਬਲਕਿ ਹੁਣ ਇਹ ਪੈਨਸ਼ਨ ਸੂਚੀ ਵਿਚ ਕਟੌਤੀ ਵੀ ਕਰ ਰਹੀ ਹੈ ਤਾਂ ਜੋ ਕਿ ਪੈਨਸ਼ਨ 200 ਰੁਪਏ ਤੋਂ ਵਧਾਉਣ ਮਗਰੋਂ ਸਕੀਮ ਲਈ ਯੋਜਨਾ ਨਾ ਹੋਣਾ ਯਕੀਨੀ ਬਣਾਇਆ ਜਾ ਸਕੇ। ਡਾ. ਦਲਜੀਤ ਸਿੰਘ ਚੀਮਾ ਨੇ 2000 ਪੈਨਸ਼ਨਰਾਂ ਨੂੰ ਕਾਰਣ ਦੱਸੋ ਨੋਟਿਸ ਜਾਰੀ ਕੀਤੇ ਜਾਣ ਦੀ ਨਿਖੇਧੀ ਕਰਦਿਆਂ ਕਿਹਾ ਕਿ ਪਹਿਲਾਂ ਸਰਕਾਰ ਨੇ 70 ਹਜ਼ਾਰ ਲਾਭਪਾਤਰੀਆਂ ਤੋਂ ਪੈਨਸ਼ਨ ਦੀ ਸਹੂਲਤ ਵਾਪਸ ਲੈ ਲਈ ਅਤੇ ਹੁਣ ਗਰੀਬ ਵਿਰੋਧੀ ਤੇ ਮਨੁੱਖਤਾ ਵਿਰੋਧੀ ਕਦਮ ਚੁੱਕੇ ਜਾ ਰਹੇ ਹਨ। ਉਨ੍ਹਾਂ ਮੰਗ ਕੀਤੀ ਕਿ ਪਿਛਲੇ ਕੁਝ ਮਹੀਨਿਆਂ ਵਿਚ ਜਿਨ੍ਹਾਂ ਦੀ ਪੈਨਸ਼ਨ ਕੱਟੀ ਗਈ ਹੈ, ਉਹ ਮੁੜ ਬਹਾਲ ਕੀਤੀ ਜਾਵੇ।

ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਨੇ ਉਨ੍ਹਾਂ ਸਾਰੀਆਂ ਸਮਾਜਿਕ ਸੁਰੱਖਿਆ ਸਕੀਮਾਂ ਨੂੰ ਖੋਰ੍ਹਾ ਲਾਇਆ ਹੈ ਜੋ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਵਾਲੀ ਸਰਕਾਰ ਨੇ ਸ਼ੁਰੂ ਕੀਤੀਆਂ ਸਨ। ਇਨ੍ਹਾਂ 'ਚ ਸ਼ਗਨ ਸਕੀਮ ਅਤੇ ਆਟਾ ਦਾਲ ਸਕੀਮ ਵੀ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਪਹਿਲਾਂ ਸਰਕਾਰ ਨੇ ਲੱਖਾਂ ਨੀਲੇ ਕਾਰਡ ਰੱਦ ਕਰ ਦਿੱਤੇ ਜਿਸ ਕਾਰਣ ਸਮਾਜ ਦੇ ਕਮਜ਼ੋਰ ਵਰਗ ਆਟਾ ਦਾਲ ਸਕੀਮ ਦਾ ਲਾਭ ਲੈਣ ਤੋਂ ਵਾਂਝੇ ਹੋ ਗਏ। ਇਸੇ ਤਰ੍ਹਾਂ ਸ਼ਗਨ ਸਕੀਮ, ਜਿਸ 'ਚ ਪਹਿਲਾਂ ਆਰਥਿਕ ਤੌਰ 'ਤੇ ਕਮਜ਼ੋਰ ਵਰਗ ਦੀਆਂ ਧੀਆਂ ਸ਼ਾਮਲ ਸਨ, ਦੇ ਲਾਭਪਾਤਰੀਆਂ ਨੂੰ ਬੱਚਿਆਂ ਦੀ ਡਲਿਵਰੀ ਹੋਣ ਤੋਂ ਮਗਰੋਂ ਹੁਣ ਤੱਕ ਸ਼ਗਨ ਨਹੀਂ ਮਿਲਿਆ ਜਦਕਿ ਇਹ ਇਨ੍ਹਾਂ ਦੇ ਵਿਆਹ ਵੇਲੇ ਮਿਲਣਾ ਚਾਹੀਦਾ ਸੀ। ਉਨ੍ਹਾਂ ਨੇ ਸਰਕਾਰ ਨੁੰ ਚੇਤਾਵਨੀ ਦਿੱਤੀ ਕਿ ਜੇਕਰ ਸਰਕਾਰ ਨੇ ਬੁਢਾਪਾ ਪੈਨਸ਼ਨਰਾਂ ਨਾਲ ਵਿਤਕਰਾ ਬੰਦ ਕੀਤਾ ਤਾਂ ਫਿਰ ਅਕਾਲੀ ਦਲ ਸੰਘਰਸ਼ ਸ਼ੁਰੂ ਕਰੇਗਾ। ਉਨ੍ਹਾਂ ਕਿਹਾ ਕਿ ਪਾਰਟੀ ਲਾਭਪਾਤਰੀਆਂ ਨੁੰ ਮਾਮਲੇ ਵਿਚ ਨਿਆਂ ਹਾਸਲ ਕਰਨ ਵਿਚ ਵੀ ਮਦਦ ਕਰੇਗੀ ।
 


Deepak Kumar

Content Editor

Related News