‘ਆਊਟ ਆਫ਼ ਕੰਟਰੋਲ’ ਹੋਇਆ ਜਲੰਧਰ ਸ਼ਹਿਰ ਦਾ ਸੀਵਰੇਜ ਸਿਸਟਮ, ਚਾਰੋ ਵਿਧਾਇਕ ਪ੍ਰੇਸ਼ਾਨ
Monday, Feb 13, 2023 - 06:24 PM (IST)

ਜਲੰਧਰ (ਖੁਰਾਣਾ)- ਕੇਂਦਰ ਸਰਕਾਰ ਪੰਜਬਾ ਸਰਕਾਰ ਅਤੇ ਜਲੰਧਰ ਨਿਗਮ ਵਰਗੇ ਸਰਕਾਰੀ ਵਿਭਾਗਾਂ ਨੂੰ ਲੋਕ ਕਈ ਤਰ੍ਹਾਂ ਦੇ ਟੈਕਸ ਦਿੰਦੇ ਹਨ ਪਰ ਫਿਰ ਵੀ ਜੇਕਰ ਉਨ੍ਹਾਂ ਨੂੰ ਬੁਨਿਆਦੀ ਸਹੂਲਤਾਂ ਹੀ ਨਾ ਮਿਲਣ ਤਾਂ ਲੋਕਾਂ ’ਚ ਨਾਰਾਜ਼ਗੀ ਪੈਦਾ ਹੋਣਾ ਸੁਭਾਵਕ ਹੀ ਹੈ। ਸੜਕ, ਪਾਣੀ ਤੇ ਸਾਫ ਵਾਤਾਵਰਣ ਦੇ ਨਾਲ-ਨਾਲ ਸੀਵਰੇਜ ਸਿਸਟਮ ਸਭ ਤੋਂ ਮੁੱਖ ਲੋੜ ਹੈ, ਜੋ ਹਰ ਪਰਿਵਾਰ ਨੂੰ ਚਾਹੀਦਾ ਹੈ ਪਰ ਜੇਕਰ ਸਰਕਾਰਾਂ ਲੋਕਾਂ ਨੂੰ ਸਹੀ ਸੀਵਰੇਜ ਸਿਸਟਮ ਹੀ ਉਪਲਬੱਧ ਨਾ ਕਰਵਾ ਸਕਣ ਤਾਂ ਅਜਿਹੇ ਸਿਸਟਮ ਨੂੰ ਫਲਾਪ ਵੀ ਕਿਹਾ ਜਾ ਸਕਦਾ ਹੈ। ਜਲੰਧਰ ਨਗਰ ਨਿਗਮ ਦੇ ਵੀ ਪਿਛਲੇ ਕੁਝ ਸਮੇਂ ਤੋਂ ਅਜਿਹੇ ਹੀ ਹਾਲਤ ਚੱਲ ਰਹੇ ਹਨ। ਪਿਛਲੇ ਲੰਬੇ ਸਮੇਂ ਤੋਂ ਇਹ ਸ਼ਹਿਰ ਟੁੱਟੀਆਂ ਸੜਕਾਂ ਅਤੇ ਕੂੜੇ ਦੀ ਗੰਭੀਰ ਸਮੱਸਿਆ ਦੇ ਨਾਲ-ਨਾਲ ਬੰਦ ਸੀਵਰੇਜ ਦੇ ਦ੍ਰਿਸ਼ਾਂ ਨੂੰਵੀ ਝੱਲ ਰਿਹਾ ਸੀ। ਮੌਸਮ ਸਾਫ਼ ਹੁੰਦੇ ਹੀ ਟੁੱਟੀਆਂ ਸੜਕਾਂ ਦੀ ਸਮੱਸਿਆ ਤਾਂ ਦੂਰ ਹੁੰਦੀ ਦਿਖ ਰਹੀ ਹੈ ਅਤੇ ਨਵੇਂ ਕਮਿਸ਼ਨਰ ਨੇ ਸ਼ਹਿਰ ’ਚ ‘ਆਪ੍ਰੇਸ਼ਨ ਕਲੀਨ ਤੇ ਆਪ੍ਰੇਸ਼ਨ ਗ੍ਰੀਨ’ ਚਲਾ ਕੇ ਸਾਫ਼-ਸਫ਼ਾਈ ਕੀਤੀ ਅਤੇ ਧਿਆਨ ਦੇਣਾ ਵੀ ਸ਼ੁਰੂ ਕਰ ਰੱਖਿਆ ਹੈ ਪਰ ਜਲੰਧਰ ਸ਼ਹਿਰ ਦਾ ਸੀਵਰੇਜ ਸਿਸਟਮ ਲਗਾਤਾਰ ਵਿਗੜਦਾ ਜਾ ਰਿਹਾ ਹੈ ਤੇ ਇਸ ਸਮੇਂ ਸਰਕਾਰੀ ਅਫਸਰਾਂ ਦੇ ਹੱਥਾਂ ’ਚੋਂ ਆਊਟ ਆਫ਼ ਕੰਟਰੋਲ ਹੋ ਚੁੱਕਾ ਹੈ।
ਇਹ ਵੀ ਪੜ੍ਹੋ : ਨੌਜਵਾਨ ਕਰ ਰਿਹਾ ਸੀ ਵਿਦੇਸ਼ ਜਾਣ ਦੀ ਤਿਆਰੀ, ਕੋਰੀਅਰ ਕੰਪਨੀ ਦੀ ਇਕ ਗ਼ਲਤੀ ਨੇ ਤੋੜ ਦਿੱਤੇ ਸੁਫ਼ਨੇ
ਇਸ ਸਮੇਂ ਸ਼ਹਿਰ ਦੀਆਂ ਦਰਜਨਾਂ ਪਾਸ਼ ਕਲੋਨੀਆਂ ’ਚ ਜਿਸ ਤਰ੍ਹਾਂ ਸੀਵਰੇਜ ਦੀ ਸਮੱਸਿਆ ਆ ਰਹੀ ਹੈ ਉਸ ਨਾਲ ਸ਼ਹਿਰ ਦੇ ਚਾਰੋ ਵਿਧਾਇਕ ਬਹੁਤ ਪ੍ਰੇਸ਼ਾਨ ਹਨ, ਕਿਉਂਕਿ ਇਸ ਸਮੇਂ ਨਗਰ ਨਿਗਮ ਦਾ ਕੌਂਸਲਰ ਹਾਊਸ ਨਾ ਹੋਣ ਕਾਰਨ ਵਿਧਾਇਕਾਂ ਦੇ ਆਫਿਸ ’ਚ ਸ਼ਿਕਾਇਤਾਂ ਦੇ ਅੰਬਾਰ ਲੱਗੇ ਹੋਏ ਹਨ ਤੇ ਇਨ੍ਹਾਂ ’ਚੋਂ ਸੀਵਰੇਜ ਨਾਲ ਸਬੰਧਤ ਸ਼ਿਕਾਇਤਾਂ ਸਭ ਤੋਂ ਵੱਧ ਹਨ।
ਸ਼ਹਿਰ ਦੇ ਸੀਵਰੇਜ ਸਿਸਟਮ ਦੇ ਜਾਣਕਾਰ ਨਹੀਂ ਹਨ ਜ਼ਿਆਦਾਤਰ ਅਫ਼ਸਰ
ਸ਼ਹਿਰ ਦੇ ਸੀਵਰੇਜ ਸਿਸਟਮ ਅਤੇ ਵਾਟਰ ਸਪਲਾਈ ਵਿਵਸਥਾ ਨੂੰ ਕੰਟਰੋਲ ਕਰਨ ਦੀ ਜ਼ਿੰਮੇਵਾਰੀ ਨਗਰ ਨਿਗਮ ਓ. ਐਂਡ ਐੱਮ ਸੈੱਲ ਕਰਦੀ ਹੈ ਪਰ ਇਸ ਵਿਭਾਗ ਦੇ ਜ਼ਿਆਦਾਤਰ ਅਫਸਰ ਦੂਸਰੇ ਸ਼ਹਿਰਾਂ ਤੋਂ ਆਉਂਦੇ ਹਨ, ਜਿਨ੍ਹਾਂ ਨੂੰ ਜਲੰਧਰ ਦੇ ਸੀਵਰ ਸਿਸਟਮ ਬਾਰੇ ਜ਼ਿਆਦਾ ਜਾਣਕਾਰੀ ਨਹੀਂ ਹੈ। ਹਾਲ ਹੀ ’ਚ ਪੰਜਾਬ ਸਰਕਾਰ ਨੇ ਐੱਸ. ਈ. ਦੇ ਰੂਪ ’ਚ ਅਨੁਰਾਗ ਮਹਾਜਨ ਨੂੰ ਤਾਇਨਾਤ ਕੀਤਾ ਹੈ ਪਰ ਜਲੰਧਰ ਉਨ੍ਹਾਂ ਦਾ ਮੂਲ ਸ਼ਹਿਰ ਨਹੀਂ ਹੈ, ਜਿਸ ਕਾਰਨ ਉਹ ਵੀ ਸਥਿਤੀ ਨੂੰ ਸੁਧਾਰਨ ’ਚ ਨਾਕਾਮਯਾਬ ਸਿੱਧ ਹੋ ਰਹੇ ਹਨ। ਬਾਕੀ ਐਕਸੀਅਨ ਤੇ ਐੱਸ. ਡੀ. ਓ. ਲੈਵਲ ਦੇ ਅਧਿਕਾਰੀ ਵੀ ਦੂਸਰੇ ਸ਼ਹਿਰਾਂ ਤੋਂ ਆਉਂਦੇ ਹਨ, ਜਿਸ ਕਾਰਨ ਉਨ੍ਹਾਂ ਨੂੰ ਕੰਮ ਕਰਨ ’ਚ ਪ੍ਰੇਸ਼ਾਨੀ ਆ ਰਹੀ ਹੈ। ਓ ਐਂਡ ਐੱਮ. ਸੈਲ ਦੇ ਕਈ ਜੇ. ਈ. ਸਮੱਸਿਆ ਵਲੋਂ ਧਿਆਨ ਹੀ ਨਹੀਂ ਦੇ ਰਹੇ ਤੇ ਉਸ ਤੋਂ ਹੇਠਲਾ ਸਟਾਫ਼ ਵੀ ਲਾਪ੍ਰਵਾਹੀ ਤੇ ਨਾਲਾਇਕੀ ਵਰਤ ਰਿਹਾ ਹੈ, ਜਿਸ ਕਾਰਨ ਸੀਵਰੇਜ ਸਬੰਧੀ ਆਈਅਾਂ ਸ਼ਿਕਾਇਤਾਂ ’ਤੇ ਕਈ-ਕਈ ਦਿਨ ਕਾਰਵਾਈ ਹੀ ਨਹੀਂ ਹੁੰਦੀ।
ਇਹ ਵੀ ਪੜ੍ਹੋ : ਨਸ਼ੇ ਨੇ ਉਜਾੜਿਆ ਹੱਸਦਾ-ਵੱਸਦਾ ਘਰ, 1 ਸਾਲ ਪਹਿਲਾਂ ਵਿਆਹੇ ਨੌਜਵਾਨ ਦੀ ਓਵਰਡੋਜ਼ ਨਾਲ ਮੌਤ
ਹਰ ਸੀਵਰੇਜ ਟ੍ਰੀਟਮੈਂਟ ਪਲਾਂਟ ’ਚ ਹੈ ਗੜਬੜੀ
ਸ਼ਹਿਰ ਦਾ ਮੁੱਖ ਸੀਵਰੇਜ ਟ੍ਰੀਟਮੈਂਟ ਪਲਾਂਟ ਫੋਲੜੀਵਾਲ ’ਚ ਸਥਿਤ ਹੈ, ਜਿੱਥੇ ਕੇਪੇਸਿਟੀ ਤੋਂ ਕਿਤੇ ਵਧ ਪਾਣੀ ਜਾ ਰਿਹਾ ਹੈ। ਹੁਣ ਤਾਂ 66 ਫੁੱਟ ਰੋਡ ’ਤੇ ਵੱਸ ਰਹੀਆਂ ਨਵੀਆਂ ਕਾਲੋਨੀਆਂ ਦਾ ਸੀਵਰੇਜ ਵੀ ਇਧਰ ਜੋੜਿਆ ਜਾ ਰਿਹਾ ਹੈ, ਜਿਸ ਕਾਰਨ ਫੋਲੜੀਵਾਲ ਪਲਾਂਟ ’ਤੇ ਦਬਾਅ ਕਾਫ਼ੀ ਵਧ ਰਿਹਾ ਹੈ। ਇਸ ਦੇ ਕੰਮਕਾਜ ਨੂੰ ਲੈ ਕੇ ਵੀ ਕਈ ਸਵਾਲ ਖੜ੍ਹੇ ਹੋ ਰਹੇ ਹਨ। ਖ਼ਾਸ ਗੱਲ ਇਹ ਹੈ ਕਿ ਇਥੋਂ ਟ੍ਰੀਟ ਹੋਇਆ ਸਾਫ਼ੀ ਫਿਰ ਗੰਦਗੀ ਨਾਲ ਭਰੀ ਕਾਲਾ ਸੰਘਿਆਂ ਡ੍ਰੇਨ ’ਚ ਹੀ ਸੁੱਟਿਆ ਜਾ ਰਿਹਾ ਹੈ। ਇਸੇ ਤਰ੍ਹਾਂ ਬਸਤੀ ਪੀਰਦਾਦ ਪਲਾਂਟ ’ਤੇ ਵੀ ਸਮਰਥਾ ਤੋਂ ਕਿਤੇ ਵਧ ਪਾਣੀ ਆ ਰਿਹਾ ਹੈ। ਇਸ ਖੇਤਰ ’ਚ ਕਾਲਾ ਸੰਘਿਆ ਡ੍ਰੇਨ ਦੇ ਕੰਢਿਆਂ ’ਤੇ ਸੀਵਰ ਦੇ ਖੁੱਲ੍ਹੇ ਆਊਟਲੈੱਟ ਸੰਤ ਬਾਬਾ ਸੀਚੇਵਾਲ ਦੇ ਨਿਰਦੇਸ਼ਾਂ ’ਤੇ ਬੰਦ ਕਰ ਦਿੱਤੇ ਗਏ ਹਨ ਅਤੇ ਸਾਰੇ ਪੁਆਇੰਟ ਸੀਵਰ ਲਾਈਨ ਨਾਲ ਜੋੜ ਦਿੱਤੇ ਗਏ ਹਨ, ਜੋ ਪਹਿਲਾਂ ਤੋਂ ਹੀ ਭਰੀ ਹੋਈ ਹੈ। ਇਸ ਕਾਰਨ ਨਿਊ ਰਤਨ ਨਗਰ, ਬਾਬੂ ਲਾਭ ਸਿੰਘ ਨਗਰ ਤੇ ਆਲੇ-ਦੁਆਲੇ ਦੀਆਂ ਕਾਲੋਨੀਆਂ ’ਚ ਸੀਵਰੇਜ ਦਾ ਗੰਦਾ ਪਾਣੀ ਗਲੀਆਂ ’ਚ ਖੜ੍ਹਾ ਹੈ। ਸ਼ਹਿਰ ਦੇ ਬਾਕੀ ਟ੍ਰੀਟਮੈਂਟ ਪਲਾਂਟ ਵੀ ਕੰਮਕਾਜ ਨੂੰ ਲੈ ਕੇ ਵਿਵਾਦਾਂ ’ਚ ਚੱਲ ਰਹੇ ਹਨ।