ਵਿਗਿਆਨੀਆਂ ਨੇ ਲੱਭਿਆ ਡਾਇਬਿਟੀਜ਼ ਦਾ ਇਲਾਜ, ਇੰਸੁਲਿਨ ’ਤੇ ਨਿਰਭਰਤਾ ਪੂਰੀ ਤਰ੍ਹਾਂ ਖ਼ਤਮ

Wednesday, May 29, 2024 - 10:09 AM (IST)

ਜਲੰਧਰ – ਦੁਨੀਆ ਭਰ ਦੇ ਡਾਇਬਿਟੀਜ਼ ਦੇ ਮਰੀਜ਼ਾਂ ਲਈ ਇਕ ਚੰਗੀ ਖਬਰ ਹੈ। ਚੀਨ ਦੇ ਡਾਕਟਰਾਂ ਤੇ ਖੋਜੀਆਂ ਦੀ ਟੀਮ ਨੇ ਟਾਈਪ-2 ਡਾਇਬਿਟੀਜ਼ ਦੇ ਨਾਲ ਜੀਅ ਰਹੇ ਮਰੀਜ਼ ਨੂੰ ਬਿਲਕੁਲ ਸਿਹਤਮੰਦ ਕਰ ਦਿੱਤਾ ਹੈ। ਰਿਪੋਰਟ ਮੁਤਾਬਕ ਮਰੀਜ਼ ਦੀ ਉਮਰ 59 ਸਾਲ ਹੈ, ਜੋ 25 ਸਾਲਾਂ ਤੋਂ ਟਾਈਪ-2 ਡਾਇਬਿਟੀਜ਼ ਨਾਲ ਜੀਅ ਰਿਹਾ ਸੀ। ਮੀਡੀਆ ਰਿਪੋਰਟ ਮੁਤਾਬਕ, ਸ਼ੰਘਾਈ ਚਾਂਗਝੇਂਗ ਹਾਸਪਿਟਲ, ਚਾਈਨੀਜ਼ ਅਕੈਡਮੀ ਆਫ ਸਾਇੰਸਿਜ਼ ਤਹਿਤ ਸੈਂਟਰ ਫਾਰ ਐਕਸੀਲੈਂਸ ਇਨ ਮਾਲੀਕਿਊਲਰ ਸੈੱਲ ਸਾਇੰਸ ਅਤੇ ਸ਼ੰਘਾਈ ’ਚ ਸਥਿਤ ਰੇਨਜੀ ਹਾਸਪਿਟਲ ਦੇ ਡਾਕਟਰਾਂ ਤੇ ਖੋਜੀਆਂ ਦੀ ਟੀਮ ਨੇ ਇਹ ਸਫ਼ਲਤਾ ਹਾਸਲ ਕੀਤੀ ਹੈ। ਇਹ ਖੋਜ ਜਰਨਲ ਸੈੱਲ ਡਿਸਕਵਰੀ ਵਿਚ ਛਪੀ ਹੈ। ਰਿਪੋਰਟ ਮੁਤਾਬਕ ਹੁਣ ਮਰੀਜ਼ ਦੀ 11 ਹਫਤਿਆਂ ਵਿਚ ਬਾਹਰੀ ਇੰਸੁਲਿਨ ’ਤੇ ਨਿਰਭਰਤਾ ਖਤਮ ਹੋ ਗਈ ਹੈ। ਮਰੀਜ਼ ਨੇ ਹੌਲੀ-ਹੌਲੀ ਸ਼ੂਗਰ ਲੈਵਲ ਨੂੰ ਕੰਟਰੋਲ ਕਰਨ ਲਈ ਦਵਾਈਆਂ ਲੈਣੀਆਂ ਪੂਰੀ ਤਰ੍ਹਾਂ ਬੰਦ ਕਰ ਦਿੱਤੀਆਂ ਹਨ।

ਮਰੀਜ਼ 33 ਮਹੀਨਿਆਂ ਤੋਂ ਇੰਸੁਲਿਨ ਤੋਂ ਮੁਕਤ
ਖੋਜ ਦੇ ਪ੍ਰਮੁੱਖ ਰਿਸਰਚਰ ਯਿਨ ਦੇ ਹਵਾਲੇ ਨਾਲ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਟੈਸਟ ਤੋਂ ਪਤਾ ਲੱਗਾ ਹੈ ਕਿ ਮਰੀਜ਼ ਦਾ ਪੈਨਕ੍ਰਿਆਟਿਕ ਆਈਲੈਟ ਫੰਕਸ਼ਨ ਪਹਿਲਾਂ ਵਾਂਗ ਕੰਮ ਕਰ ਰਿਹਾ ਹੈ। ਉਹ 33 ਮਹੀਨਿਆਂ ਤੋਂ ਇੰਸੁਲਿਨ ਤੋਂ ਮੁਕਤ ਹੈ। ਇਹ ਡਾਇਬਿਟੀਜ਼ ਲਈ ਸੈੱਲ ਥੈਰੇਪੀ ਦੇ ਖੇਤਰ ’ਚ ਅਹਿਮ ਵਿਕਾਸ ਹੈ। ਨਵੀਂ ਥੈਰੇਪੀ ’ਚ ਮਰੀਜ਼ ਦੀ ਪੇਰੀਫੇਰਲ ਬਲੱਡ ਮੋਨੋਨਿਊਕਲੀਅਰ ਸੈੱਲ ਦੀ ਪ੍ਰੋਗਰਾਮਿੰਗ ਸ਼ਾਮਲ ਹੈ। ਸਰੀਰ ਦੇ ਇਨ੍ਹਾਂ ਸੈੱਲਾਂ ਨੂੰ ਸੀਡ ਸੈੱਲਾਂ ਵਿਚ ਬਦਲ ਦਿੱਤਾ ਗਿਆ। ਇਸ ਦੇ ਨਾਲ ਹੀ ਆਰਟੀਫਿਸ਼ੀਅਲ ਮਾਹੌਲ ’ਚ ਪੈਨਕ੍ਰਿਆਟਿਕ ਆਈਲੈਟ ਟਿਸ਼ੂ ਨੂੰ ਮੁੜ ਤਿਆਰ ਕੀਤਾ ਗਿਆ। ਐੱਸ. ਸੀ. ਐੱਮ. ਪੀ. ਦੀ ਰਿਪੋਰਟ ਮੁਤਾਬਕ ਇਸ ਨਵੇਂ ਤਜਰਬੇ ’ਚ ਸਰੀਰ ਦੀ ਰੀਜਨਰੇਟਿਵ ਕੈਪੇਸਿਟੀ ਦੀ ਵਰਤੋਂ ਕੀਤੀ ਜਾਂਦੀ ਹੈ। ਇਸ ਨੂੰ ਰੀਜਨਰੇਟਿਵ ਮੈਡੀਸਨ ਦੇ ਤੌਰ ’ਤੇ ਜਾਣਿਆ ਜਾਂਦਾ ਹੈ।

ਮਰੀਜ਼ ਦਾ ਹੋਇਆ ਸੀ ਕਿਡਨੀ ਟਰਾਂਸਪਲਾਂਟ
ਰਿਪੋਰਟ ਵਿਚ ਕਿਹਾ ਗਿਆ ਹੈ ਕਿ 2017 ’ਚ ਮਰੀਜ਼ ਦਾ ਕਿਡਨੀ ਟਰਾਂਸਪਲਾਂਟ ਹੋਇਆ ਸੀ ਪਰ ਉਸ ਦੇ ਜ਼ਿਆਦਾਤਰ ਪੈਨਕ੍ਰਿਆਟਿਕ ਆਈਲੈਟਸ ਨੇ ਕੰਮ ਕਰਨਾ ਬੰਦ ਕਰ ਦਿੱਤਾ ਸੀ। ਪੈਨਕ੍ਰਿਆਜ਼ ਦਾ ਕੰਮ ਬਲੱਡ ਗੁਲੂਕੋਜ਼ ਲੈਵਲ ਨੂੰ ਕੰਟਰੋਲ ਕਰਨਾ ਹੁੰਦਾ ਹੈ। ਇਸ ਕਾਰਨ ਮਰੀਜ਼ ਨੂੰ ਹਰ ਦਿਨ ਕਈ ਇੰਸੁਲਿਨ ਇੰਜੈਕਸ਼ਨਜ਼ ’ਤੇ ਨਿਰਭਰ ਰਹਿਣਾ ਪਿਆ ਸੀ। ਮਰੀਜ਼ ਦਾ ਜੁਲਾਈ 2021 ’ਚ ਇਨੋਵੇਟਿਵ ਸੈੱਲ ਟਰਾਂਸਪਲਾਂਟ ਕੀਤਾ ਗਿਆ ਸੀ। ਟਰਾਂਸਪਲਾਂਟ ਤੋਂ 11 ਹਫਤਿਆਂ ਬਾਅਦ ਉਸ ਨੂੰ ਬਾਹਰੀ ਇੰਸੁਲਿਨ ਦੀ ਲੋੜ ਨਹੀਂ ਪਈ। ਬਲੱਡ ਗੁਲੂਕੋਜ਼ ਲੈਵਲ ਨੂੰ ਕੰਟਰੋਲ ਕਰਨ ਲਈ ਦਵਾਈ ਦੀ ਖੁਰਾਕ ਹੌਲੀ-ਹੌਲੀ ਘੱਟ ਕਰ ਦਿੱਤੀ ਗਈ ਅਤੇ ਇਕ ਸਾਲ ਬਾਅਦ ਇਸ ਨੂੰ ਪੂਰੀ ਤਰ੍ਹਾਂ ਬੰਦ ਕਰ ਦਿੱਤਾ ਗਿਆ। ਟਰਾਂਸਪਲਾਂਟ ਪਿੱਛੋਂ ਮਰੀਜ਼ ਨੂੰ ਫਾਲੋਅੱਪ ਲਿਆ ਗਿਆ, ਜਿਸ ਨਾਲ ਪਤਾ ਲੱਗਾ ਕਿ ਮਰੀਜ਼ ਦਾ ਪੈਨਕ੍ਰਿਆਟਿਕ ਆਈਲੈਟ ਫੰਕਸ਼ਨ ਸਹੀ ਢੰਗ ਨਾਲ ਬਹਾਲ ਹੋ ਗਿਆ ਸੀ। ਮਰੀਜ਼ ਨੂੰ ਹੁਣ 33 ਮਹੀਨਿਆਂ ਲਈ ਇੰਸੁਲਿਨ ਤੋਂ ਪੂਰੀ ਤਰ੍ਹਾਂ ਛੁਟਕਾਰਾ ਮਿਲ ਗਿਆ ਹੈ।

ਦਹਾਕਿਆਂ ਬਾਅਦ ਮਿਲੀ ਸਫ਼ਲਤਾ
ਖੋਜੀਆਂ ਦੀ ਟੀਮ ਦਾ ਕਹਿਣਾ ਹੈ ਕਿ ਇਸ ਅਧਿਐਨ ਨਾਲ ਡਾਇਬਿਟੀਜ਼ ਲਈ ਸੈੱਲ ਥੈਰੇਪੀ ਦੇ ਖੇਤਰ ਵਿਚ ਅਹਿਮ ਸਫਲਤਾ ਮਿਲੇਗੀ। ਡਾਇਬਿਟੀਜ਼ ਇਕ ਕ੍ਰੋਨਿਕ ਕੰਡੀਸ਼ਨ ਹੈ, ਜੋ ਸਾਡੇ ਸਰੀਰ ਵੱਲੋਂ ਭੋਜਨ ਨੂੰ ਊਰਜਾ ਵਿਚ ਤਬਦੀਲ ਕਰਨ ਦੇ ਤਰੀਕੇ ’ਤੇ ਅਸਰ ਪਾਉਂਦੀ ਹੈ। ਅਸੀਂ ਜੋ ਖਾਂਦੇ ਹਾਂ, ਉਹ ਗੁਲੂਕੋਜ਼ ਵਿਚ ਟੁੱਟ ਜਾਂਦਾ ਹੈ ਅਤੇ ਬਲੱਡਸਟ੍ਰੀਮ ਵਿਚ ਜਾਂਦਾ ਹੈ। ਬਲੱਡ ਸ਼ੂਗਰ ਦੇ ਲੈਵਲ ਨੂੰ ਕੰਟਰੋਲ ਕਰਨ ਲਈ ਇੰਸੁਲਿਨ ਦੀ ਲੋੜ ਪੈਂਦੀ ਹੈ ਜੋ ਪੈਨਕ੍ਰਿਆਜ਼ ਦਾ ਕੰਮ ਹੈ। ਜਦੋਂ ਕਿਸੇ ਨੂੰ ਵੀ ਡਾਇਬਿਟੀਜ਼ ਹੁੰਦੀ ਹੈ ਤਾਂ ਇਹ ਸਿਸਟਮ ਹਾਈਜੈਕ ਹੋ ਜਾਂਦਾ ਹੈ। ਜਾਂ ਤਾਂ ਸਰੀਰ ਲੋੜੀਂਦਾ ਇੰਸੁਲਿਨ ਨਹੀਂ ਬਣਾਉਂਦਾ ਜਾਂ ਜਿਹੜਾ ਵੀ ਇੰਸੁਲਿਨ ਬਣਦਾ ਹੈ, ਉਸ ਦੀ ਅਸਰਦਾਰ ਢੰਗ ਨਾਲ ਵਰਤੋਂ ਨਹੀਂ ਕਰ ਸਕਦਾ। ਦੁਨੀਆ ਭਰ ਦੇ ਵਿਗਿਆਨੀ ਮੁੱਖ ਤੌਰ ’ਤੇ ਮਨੁੱਖੀ ਸਟੈਮ ਸੈੱਲ ਨਾਲ ਆਈਲੈਟ ਵਰਗੀਆਂ ਕੋਸ਼ਿਕਾਵਾਂ ਬਣਾ ਕੇ ਇਕ ਬਦਲ ਦੇ ਰੂਪ ’ਚ ਆਈਲੈਟ ਟਰਾਂਸਪਲਾਂਟ ’ਤੇ ਖੋਜ ਕਰ ਰਹੇ ਹਨ। ਹੁਣ ਦਹਾਕਿਆਂ ਬਾਅਦ ਚੀਨੀ ਵਿਗਿਆਨੀਆਂ ਦਾ ਸਮੂਹ ਇਕ ਕਦਮ ਹੋਰ ਨੇੜੇ ਆ ਗਿਆ ਹੈ।
 

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

 

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


sunita

Content Editor

Related News