ਲੇਡੀਜ਼ ਜਿਮਖਾਨਾ ’ਚ ਲੱਖਾਂ ਦਾ ਘਪਲਾ, ਮਹੀਨਿਆਂ ਦੀ ਜਾਂਚ ਤੋਂ ਬਾਅਦ ਆਖਿਰ FIR ਦਰਜ

Friday, Mar 22, 2024 - 01:38 PM (IST)

ਜਲੰਧਰ (ਮ੍ਰਿਦੁਲ)- ਆਖਿਰਕਾਰ ਪੁਲਸ ਨੇ ਪੈਸਿਆਂ ਦੀ ਗਬਨ ਦੇ ਦੋਸ਼ ਹੇਠ ਲੇਡੀਜ਼ ਜਿਮਖਾਨਾ ਦੇ ਤਤਕਾਲੀ ਸਕੱਤਰ ਤੇ ਕਮੇਟੀ ਮੈਂਬਰਾਂ ਖ਼ਿਲਾਫ਼ ਚੋਣ ਜ਼ਾਬਤੇ ਵਿਚਾਲੇ ਪਰਚਾ ਦਰਜ ਕਰ ਲਿਆ ਹੈ। ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਤਾਂ ਜੋ ਪਤਾ ਲਾਇਆ ਜਾ ਸਕੇ ਕਿ ਕਿਸ ਤਰੀਕੇ ਨਾਲ ਇਹ ਧੋਖਾਧੜੀ ਕੀਤੀ ਗਈ ਹੈ। ਦੂਜੇ ਪਾਸੇ ਇਸ ਘਪਲੇ ’ਚ ਫਸੇ ਮੈਂਬਰਾਂ ਨੇ ਖੁਦ ਨੂੰ ਬਚਾਉਣ ਲਈ ਯਤਨ ਸ਼ੁਰੂ ਕਰ ਦਿੱਤੇ ਹਨ। ਐੱਫ਼. ਆਈ. ਆਰ. ਸਬੰਧੀ ਪੁਸ਼ਟੀ ਐੱਸ. ਐੱਚ. ਓ. ਹਰਦੇਵ ਸਿੰਘ ਵੱਲੋਂ ਕੀਤੀ ਗਈ ਹੈ। ਥਾਣਾ ਨੰ. 4 ’ਚ ਦਰਜ ਐੱਫ.ਆਈ.ਆਰ. ਨੰ. 25 ਅਨੁਸਾਰ ਡਿਵੀਜ਼ਨਲ ਕਮਿਸ਼ਨਰ ਗੁਰਪ੍ਰੀਤ ਕੌਰ ਸਪਰਾ ਵੱਲੋਂ ਲੇਡੀਜ਼ ਜਿਮਖਾਨਾ ਕਮੇਟੀ ਦੇ ਫੰਡਾਂ ਦੀ ਦੁਰਵਰਤੋਂ ਸਬੰਧੀ ਸ਼ਿਕਾਇਤ ਦਿੱਤੀ ਗਈ ਸੀ, ਜਦੋਂ ਡਵੀਜ਼ਨਲ ਕਮਿਸ਼ਨਰ ਵੱਲੋਂ ਮੁੱਢਲੀ ਜਾਂਚ ਕੀਤੀ ਗਈ ਤਾਂ ਪਤਾ ਲੱਗਾ ਕਿ ਲੱਖਾਂ ਰੁਪਏ ਦੀ ਠੱਗੀ ਹੋਈ ਹੈ। ਇਸ ਲਈ ਡਵੀਜ਼ਨਲ ਕਮਿਸ਼ਨਰ ਦਫ਼ਤਰ ਵੱਲੋਂ ਸੀ. ਏ. ਐੱਸ ਕੇ ਬੱਤਾ ਤੋਂ ਕਲੱਬ ਦੇ ਖਾਤਿਆਂ ਦਾ ਆਡਿਟ ਕਰਵਾਇਆ ਗਿਆ ਤੇ ਸੀ. ਏ. ਬੱਤਾ ਐਂਡ ਕੰਮਨੀ ਨੂੰ ਸਾਬਕਾ ਸਕੱਤਰ ਤੇ ਹੋਰ ਮੈਂਬਰਾਂ ਦਾ 23 ਦਸੰਬਰ 2023 ਤੱਕ ਦਾ ਰਿਕਾਰਡ ਸਮੀਖਿਆ ਲਈ ਦਿੱਤਾ ਗਿਆ।

ਹਾਲ ਹੀ ’ਚ ਆਡਿਟ ਕੰਪਨੀ ਵੱਲੋਂ ਆਪਣਾ ਰਿਵਿਊ ਦੇਣ ਤੋਂ ਬਾਅਦ ਪਤਾ ਲੱਗਿਆ ਕਿ ਕੁੱਲ 40 ਲੱਖ ਰੁਪਏ ਦੀ ਧੋਖਾਧੜੀ ਹੋਈ ਹੈ, ਜਿਸ ਤੋਂ ਬਾਅਦ ਡਵੀਜ਼ਨਲ ਕਮਿਸ਼ਨਰ ਵੱਲੋਂ ਪੁਲਸ ਕਮਿਸ਼ਨਰ ਜਲੰਧਰ ਨੂੰ ਸ਼ਿਕਾਇਤ ਦਿੱਤੀ ਗਈ ਸੀ, ਜਿੱਥੇ ਲੰਬੀ ਜਾਂਚ ਤੇ ਸਿਆਸੀ ਖਿਚੋਤਾਣ ਤੋਂ ਬਾਅਦ ਆਖਿਰਕਾਰ ਪੁਲਸ ਨੇ ਹਿੰਮਤ ਦਿਖਾਉਂਦੇ ਹੋਏ ਚੋਣ ਜ਼ਾਬਤੇ ਦਾ ਫਾਇਦਾ ਉਠਾਉਂਦੇ ਹੋਏ ਇਸ ਹਾਈ ਪ੍ਰੋਫਾਈਲ ਮਾਮਲੇ ’ਚ ਐੱਫ.ਆਈ.ਆਰ. ਦਰਜ ਕਰ ਲਈ। ਪੁਲਸ ਸੂਤਰਾਂ ਦੀ ਮੰਨੀਏ ਤਾਂ ਸੀ. ਏ. ਐੱਸ. ਕੇ. ਬੱਤਾ ਨੇ ਆਪਣੀ ਆਡਿਟ ਰਿਪੋਰਟ ’ਚ ਕਿਹਾ ਕਿ ਕਲੱਬ ’ਚ ਖਰੀਦਦਾਰੀ ਦੌਰਾਨ ਓਵਰਬਿਲਿੰਗ ਕੀਤੀ ਗਈ ਹੈ ਤੇ ਉਹ ਵੀ ਬਹੁਤ ਵੱਡੇ ਪੱਧਰ ’ਤੇ। ਇਕ ਵਸਤੂ ਦੋ ਵਾਰ ਖਰੀਦੀ ਗਈ ਹੈ ਅਤੇ ਦੋਵਾਂ ਵਾਰ ਕੀਮਤ ’ਚ ਭਾਰੀ ਅੰਤਰ ਹੈ। ਸੂਤਰਾਂ ਅਨੁਸਾਰ ਮਿਸਾਲ ਵਜੋਂ 20 ਹਜ਼ਾਰ ਰੁਪਏ ਦੀ ਇਕ ਵਸਤੂ ਨੂੰ 2 ਲੱਖ 20 ਹਜ਼ਾਰ ਰੁਪਏ ਦੱਸ ਕੇ ਖਰੀਦਿਆ ਗਿਆ ਸੀ ਅਤੇ ਇਸ ਨੂੰ ਕਲੱਬ ਦੇ ਖ਼ਰਚੇ ’ਚ ਸ਼ਾਮਲ ਕੀਤਾ ਗਿਆ ਸੀ, ਜਿਸ ਕਾਰਨ ਇਹ ਸਾਰਾ ਘਪਲਾ ਬੇਨਕਾਬ ਹੋ ਗਿਆ ਹੈ।

ਇਹ ਵੀ ਪੜ੍ਹੋ: ਕੀ ਹੈ ਦਿੱਲੀ ਸ਼ਰਾਬ ਨੀਤੀ ਘਪਲਾ, ਜਾਣੋ ਕਿਵੇਂ ਫਸੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ

ਕਿਸੇ ਵਿਅਕਤੀ ਨੂੰ ਨਾਮਜ਼ਦ ਨਹੀਂ ਕੀਤਾ ਗਿਆ, ਪੁਲਸ ਜਾਂਚ ਤੋਂ ਬਾਅਦ ਦੋਸ਼ੀ ਹੋਣਗੇ ਨਾਮਜ਼ਦ
ਪੁਲਸ ਨੇ ਇਸ ਹਾਈ ਪ੍ਰੋਫਾਈਲ ਮਾਮਲੇ ’ਚ ਐੱਫ਼. ਆਈ. ਆਰ. ਚੋਣ ਜ਼ਾਬਤੇ ’ਚ ਦਰਜ ਕਰ ਲਈ ਹੈ ਪਰ ਮਾਮਲਾ ਵੱਡਾ ਹੋਣ ਕਾਰਨ ਫਿਲਹਾਲ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਐੱਫ਼. ਆਈ. ਆਰ. ਹੀ ਦਰਜ ਕੀਤੀ ਗਈ ਹੈ, ਜਿਸ ਕਰਕੇ ਉੱਚ ਅਧਿਕਾਰੀ ਇਸ ਮਾਮਲੇ ਦੀ ਜਾਂਚ ਜਦ ਕਰਨਗੇ, ਜਾਂਚ ਦੌਰਾਨ ਜਿਸ ਵੀ ਵਿਅਕਤੀ ਦੀ ਭੂਮਿਕਾ ਦਾ ਖੁਲਾਸਾ ਹੋਵੇਗਾ ਉਸ ਨੂੰ ਅਨੁਸਾਰ ਅੱਗੇ ਆਈ.ਪੀ.ਸੀ. ਦੀ ਧਾਰਾ 465,466,471 ਤਹਿਤ ਨਾਮਜ਼ਦ ਕੀਤਾ ਜਾਵੇਗਾ।

ਮਾਮਲੇ ਨੂੰ ਮੀਡੀਆ ਦੀਆਂ ਨਜ਼ਰਾਂ ਤੋਂ ਬਚਾਉਣ ਲਈ ਅਧਿਕਾਰੀਆਂ ਨੇ ਲਾਏ ਕਈ ਤਰ੍ਹਾਂ ਦੇ ਬਹਾਨੇ
ਉੱਥੇ ਹੀ ਇਸ ਹਾਈ ਪ੍ਰੋਫਾਈਲ ਮਾਮਲੇ ਨੂੰ ਲੈ ਕੇ ਕਈ ਅਧਿਕਾਰੀਆਂ ਨੇ ਕਈ ਤਰ੍ਹਾਂ ਦੇ ਬਹਾਨੇ ਵੀ ਬਣਾਏ। ਕੁਝ ਨੇ ਤਾਂ ਇੱਥੋਂ ਤੱਕ ਬੋਲਿਆ ਕਿ ਡਾਇਰੈਕਟਰ ਸੀ. ਪੀ. ਸਵਪਨ ਸ਼ਰਮਾ ਨੇ ਇਸ ਮਾਮਲੇ ਸਬੰਧੀ ਕੋਈ ਵੀ ਜਾਣਕਾਰੀ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਇਸ ਮਾਮਲੇ ਦੀ ਜਾਣਕਾਰੀ ਲੈਣ ਲਈ ਜਦੋਂ ਏ.ਡੀ.ਸੀ.ਪੀ.-1 ਗੁਰਪ੍ਰੀਤ ਸਹੋਤਾ ਨੂੰ ਫੋਨ ਕੀਤਾ ਗਿਆ ਤਾਂ ਉਨ੍ਹਾਂ ਕਿਹਾ- ਮੈਂ ਕਿਸੇ ਕੰਮ ਵਿੱਚ ਰੁੱਝਿਆ ਹੋਇਆ ਹਾਂ, ਤੁਸੀਂ ਏ. ਸੀ. ਪੀ. ਸੈਂਟਰਲ ਨੂੰ ਕਾਲ ਕਰੋ। ਏ. ਸੀ. ਪੀ. ਸੈਂਟਰਲ ਨਿਰਮਲ ਸਿੰਘ ਨੂੰ ਜਦ ਫੋਨ ਕੀਤਾ ਤਾਂ ਉਨ੍ਹਾਂ ਫੋਨ ਨਹੀਂ ਚੁੱਕਿਆ। ਡੀ. ਸੀ. ਪੀ. ਸੰਦੀਪ ਸ਼ਰਮਾ ਨੂੰ ਫੋਨ ਕੀਤਾ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਇਸ ਮਾਮਲੇ ਦੀ ਕੋਈ ਜਾਣਕਾਰੀ ਨਹੀਂ ਹੈ। ਹੁਣ ਅਫਸਰਾਂ ਦੀਆਂ ਇਨ੍ਹਾਂ ਗੱਲਾਂ ਤੋਂ ਸਪੱਸ਼ਟ ਹੈ ਕਿ ਮੀਡੀਆ ਤੋਂ ਮਾਮਲੇ ਨੂੰ ਬਚਾਉਣ ਲਈ ਹਰ ਸੰਭਵ ਬਹਾਨਾ ਵਰਤਿਆ ਗਿਆ।

ਇਹ ਵੀ ਪੜ੍ਹੋ: CM ਕੇਜਰੀਵਾਲ ਦੀ ਗ੍ਰਿਫ਼ਤਾਰੀ ਮਗਰੋਂ ਦਿੱਲੀ ਵਿਧਾਨ ਸਭਾ ਦੀ ਬੈਠਕ ਰੱਦ

ਇਹ ਹੈ ਸਾਰਾ ਮਾਮਲਾ
ਦਰਅਸਲ, ਲੇਡੀਜ਼ ਜਿਮਖਾਨਾ ਕਲੱਬ ਦੇ ਖਾਤਿਆਂ ’ਚ ਬੇਨਿਯਮੀਆਂ ਅਤੇ ਅਣਗਹਿਲੀ ਦੇ ਸ਼ੱਕ ਕਾਰਨ ਕਲੱਬ ਦੀ ਪ੍ਰਧਾਨ ਅਤੇ ਡਿਵੀਜ਼ਨਲ ਕਮਿਸ਼ਨਰ ਗੁਰਪ੍ਰੀਤ ਕੌਰ ਸਪਰਾ ਨੇ ਮੌਜੂਦਾ ਕਾਰਜਕਾਰਨੀ ਨੂੰ ਭੰਗ ਕਰ ਦਿੱਤਾ ਸੀ, ਜਿਸ ਦਾ ਵਿਰੋਧ ਕਰਦਿਆਂ ਕਲੱਬ ਦੀ ਤਤਕਾਲੀ ਸਕੱਤਰ ਸੁਰੂਚੀ ਕੱਕੜ ਨੇ ਸਥਾਨਕ ਅਦਾਲਤ ’ਚ ਪਹੁੰਚ ਕੀਤੀ ਤਾਂ ਉਨ੍ਹਾਂ ਕਲੱਬ ਦੀ ਪ੍ਰਧਾਨ ਗੁਰਪ੍ਰੀਤ ਕੌਰ ਸਪਰਾ ਖ਼ਿਲਾਫ਼ ਕੇਸ ਦਰਜ ਕਰਨ ਦੀ ਮੰਗ ਕੀਤੀ ਸੀ ਕਿ ਮੌਜੂਦਾ ਕਾਰਜਕਾਰਨੀ ਨੂੰ ਬਹਾਲ ਕੀਤਾ ਜਾਵੇ।
ਕਿਉਂਕਿ ਸੰਵਿਧਾਨ ਅਨੁਸਾਰ ਪ੍ਰਧਾਨ ਨੂੰ ਕਾਰਜਕਾਰਣੀ ਨੂੰ ਭੰਗ ਕਰਨ ਦਾ ਕੋਈ ਅਧਿਕਾਰ ਨਹੀਂ ਹੈ। ਇਸ ਕੇਸ ’ਚ ਐਡ. ਸੰਜੀਵ ਬਾਂਸਲ ਨੂੰ ਮੈਡਮ ਸਪਰਾ ਵੱਲੋਂ ਤੇ ਐਡਵੋਕੇਟ ਕੁੰਵਰ ਸੂਦ ਨੂੰ ਸੁਰੂਚੀ ਕੱਕੜ ਵੱਲੋਂ ਹਾਇਰ ਕੀਤਾ ਗਿਆ ਸੀ। ਇਹ ਕੇਸ ਅਦਾਲਤ ’ਚ ਵਿਚਾਰ ਅਧੀਨ ਹੈ। ਇਸ ਮਾਮਲੇ ’ਚ ਸਮਝੌਤਾ ਕਰਨ ਦੀਆਂ ਕਈ ਕੋਸ਼ਿਸ਼ਾਂ ਹੋਈਆਂ ਪਰ ਕੋਈ ਸਮਝੌਤਾ ਨਹੀਂ ਹੋ ਸਕਿਆ। ਸਪਰਾ ਨੇ ਆਪਣੇ ਤੌਰ ’ਤੇ ਇਕ ਵੱਖਰੀ ਆਡਿਟ ਕੰਪਨੀ ਹਾਇਰ ਕੀਤੀ ਸੀ। ਪੁਲਸ ਨੇ ਧਾਰਾ 408 ਅਤੇ 420 ਤਹਿਤ ਐੱਫ਼ . ਆਈ. ਆਰ. ਨੰ. 25 ਦਰਜ ਕੀਤੀ ਹੈ।

ਇਹ ਵੀ ਪੜ੍ਹੋ: CM ਕੇਜਰੀਵਾਲ ਦੀ ਗ੍ਰਿਫ਼ਤਾਰੀ 'ਤੇ ਬੋਲੇ ਮਾਲਵਿੰਦਰ ਕੰਗ, ਕਿਹਾ-ਦੇਸ਼ 'ਚ ਲੋਕਤੰਤਰ ਦਾ ਕਤਲ ਹੋਇਆ
 

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


shivani attri

Content Editor

Related News