ਟੀ. ਬੀ. ਦੀ ਜਾਂਚ ’ਚ ਜ਼ਿਲ੍ਹਾ ਮਾਲੇਰਕੋਟਲਾ ਸੂਬੇ ਭਰ ’ਚੋਂ ਰਿਹਾ ਮੋਹਰੀ

Sunday, Mar 02, 2025 - 12:53 PM (IST)

ਟੀ. ਬੀ. ਦੀ ਜਾਂਚ ’ਚ ਜ਼ਿਲ੍ਹਾ ਮਾਲੇਰਕੋਟਲਾ ਸੂਬੇ ਭਰ ’ਚੋਂ ਰਿਹਾ ਮੋਹਰੀ

ਮਾਲੇਰਕੋਟਲਾ (ਜ਼ਹੂਰ) : ਸਿਵਲ ਸਰਜਨ ਮਾਲੇਰਕੋਟਲਾ ਡਾ. ਸੰਜੇ ਗੋਇਲ ਅਤੇ ਸਹਾਇਕ ਸਿਵਲ ਸਰਜਨ ਡਾ. ਸਜ਼ੀਲਾ ਖਾਨ ਦੀ ਅਗਵਾਈ ਹੇਠ ਜ਼ਿਲ੍ਹਾ ਟੀ. ਬੀ. ਕੰਟਰੋਲ ਅਫ਼ਸਰ ਡਾ. ਮੁਨੀਰ ਮੁਹੰਮਦ ਵੱਲੋਂ ਸਿਵਲ ਸਰਜਨ ਮਾਲੇਰਕੋਟਲਾ ਵਿਖੇ ਟੀ. ਬੀ. ਕੰਟਰੋਲ ਪ੍ਰੋਗਰਾਮ ਸਬੰਧੀ ਮੀਟਿੰਗ ਕੀਤੀ ਗਈ। ਇਸ ਮੌਕੇ ਜਾਣਕਾਰੀ ਦਿੰਦੇ ਹੋਏ ਜ਼ਿਲ੍ਹਾ ਟੀ. ਬੀ. ਅਫ਼ਸਰ ਡਾ. ਮੁਨੀਰ ਮੁਹੰਮਦ ਨੇ ਦੱਸਿਆ ਕਿ ਜ਼ਿਲ੍ਹਾ ਮਾਲੇਰਕੋਟਲਾ ਇਸ ਸਾਲ ਟੀ. ਬੀ. ਦੀ ਜਾਂਚ ’ਚ ਸੂਬੇ ਭਰ ’ਚੋਂ ਮੋਹਰੀ ਰਿਹਾ ਹੈ, ਜਿਸ ਦਾ ਸਿਹਰਾ ਜ਼ਿਲ੍ਹੇ ’ਚ ਟੀ. ਬੀ. ਪ੍ਰੋਗਰਾਮ ਲਈ ਕੰਮ ਕਰਦੀ ਸਾਰੀ ਟੀਮ ਨੂੰ ਜਾਂਦਾ ਹੈ।

ਉਨ੍ਹਾਂ ਕਿਹਾ ਕਿ ਜ਼ਿਲ੍ਹੇ ’ਚ ਪੰਜ ਟੀ. ਬੀ. ਜਾਂਚ ਕੇਂਦਰ ਹਨ ਜਿੱਥੇ ਮੁਫ਼ਤ ਜਾਂਚ ਕੀਤੀ ਜਾਂਦੀ ਹੈ, ਜਿਨ੍ਹਾਂ ’ਚ ਪੀ. ਐੱਚ. ਸੀ. ਪੰਜਗਰਾਈਆਂ, ਸਿਵਲ ਹਸਪਤਾਲ ਮਾਲੇਰਕੋਟਲਾ, ਸੀ. ਐੱਚ. ਸੀ. ਅਹਿਮਦਗੜ੍ਹ, ਸੀ. ਐੱਚ. ਸੀ. ਅਮਰਗੜ੍ਹ ਅਤੇ ਹਜਰਤ ਹਲੀਮਾ ਹਸਪਤਾਲ ਮਾਲੇਰਕੋਟਲਾ ਹਨ। ਉਨ੍ਹਾਂ ਦੱਸਿਆ ਕਿ ਇਸ ਵਾਰ ਮਾਲੇਰਕੋਟਲਾ ਹਸਪਤਾਲ ਵੱਲੋਂ 502, ਪੰਜਗਰਾਈਆਂ ਵੱਲੋਂ 396, ਅਹਿਮਦਗੜ੍ਹ ਵੱਲੋਂ 186 ਅਤੇ ਅਮਰਗੜ੍ਹ ਵੱਲੋਂ 124 ਲੋਕਾਂ ਦੀ ਜਾਂਚ ਕੀਤੀ ਗਈ ਹੈ।

ਇਸ ਮੌਕੇ ਸਹਾਇਕ ਸਿਵਲ ਸਰਜਨ ਡਾ. ਸਜੀਲਾ ਖਾਨ ਨੇ ਕਿਹਾ ਕਿ ਸਰਕਾਰ ਵੱਲੋਂ ਟੀ.ਬੀ. ਦੀ ਜਾਂਚ ਤੇ ਇਲਾਜ ਮੁਫ਼ਤ ਕੀਤਾ ਜਾਂਦਾ ਹੈ ਅਤੇ ਜਿਨ੍ਹਾਂ ਵੀ ਮਰੀਜ਼ਾਂ ਨੂੰ 2 ਹਫ਼ਤੇ ਤੋਂ ਵੱਧ ਖਾਂਸੀ ਹੈ ਉਹ ਆਪਣੇ ਨੇੜੇ ਦੇ ਸਿਹਤ ਕੇਂਦਰ ਰਾਹੀਂ ਬਲਗਮ ਦੀ ਜਾਂਚ ਜ਼ਰੂਰ ਕਰਾਉਣ। ਉਨ੍ਹਾਂ ਦੱਸਿਆ ਕਿ ਟੀ. ਬੀ. ਦੀ ਬੀਮਾਰੀ ਤੋਂ ਡਰਨ ਦੀ ਲੋੜ ਨਹੀਂ ਹੈ। ਇਸ ਦਾ ਇਲਾਜ ਹੈ ਅਤੇ ਦਵਾਈ ਖਾਣ ਨਾਲ ਮਰੀਜ਼ ਬਿਲਕੁਲ ਤੰਦਰੁਸਤ ਹੋ ਸਕਦਾ ਹੈ। ਇਸ ਮੌਕੇ ਜ਼ਿਲ੍ਹਾ ਸਿਹਤ ਅਫ਼ਸਰ ਡਾ. ਪੁਨੀਤ ਸਿੱਧੂ, ਜ਼ਿਲ੍ਹਾ ਟੀ. ਬੀ. ਅਫ਼ਸਰ ਡਾ. ਮੁਨੀਰ ਮੁਹੰਮਦ, ਬਲਾਕ ਪੰਜਗਰਾਈਆਂ ਦੇ ਟੀ. ਬੀ. ਕੰਟਰੋਲ ਪ੍ਰੋਗਰਾਮ ਇੰਚਾਰਜ ਰਾਜੇਸ਼ ਰਿਖੀ, ਐੱਸ. ਟੀ. ਐੱਸ. ਕੁਲਦੀਪ ਸਿੰਘ, ਐੱਲ. ਟੀ. ਪ੍ਰਵੀਨ ਖਾਤੂੰਨ, ਹਰਜੀਤ ਕੌਰ ਅਤੇ ਮੁਹੰਮਦ ਸਿਰਾਜ ਵੀ ਹਾਜ਼ਰ ਸਨ।
 


author

Babita

Content Editor

Related News