ਕੱਪੜਿਆਂ ਦੀ ਦੁਕਾਨ ਨੂੰ ਲੱਗੀ ਭਿਆਨਕ ਅੱਗ, ਲੱਖਾਂ ਦਾ ਨੁਕਸਾਨ
Monday, Mar 10, 2025 - 03:54 PM (IST)

ਅਬੋਹਰ (ਸੁਨੀਲ) : ਸਥਾਨਕ ਬਾਜ਼ਾਰ ਨੰਬਰ-11 ’ਚ ਸੋਮਵਾਰ ਇਕ ਸਵੀਟ ਹਾਊਸ ਦੇ ਬਾਹਰ ਚੱਲਣ ਵਾਲੀ ਭੱਠੀ ਕਾਰਨ ਲੱਗੀ ਅੱਗ ਕਾਰਨ ਨੇੜੇ ਹੀ ਸਥਿਤ ਕੱਪੜਿਆਂ ਦੀ ਵੱਡੀ ਦੁਕਾਨ ’ਚ ਭਿਆਨਕ ਅੱਗ ਲੱਗ ਗਈ। ਇਸ ਕਾਰਨ ਉਨ੍ਹਾਂ ਦਾ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ। ਫਾਇਰ ਬ੍ਰਿਗੇਡ ਨੇ ਮੌਕੇ ’ਤੇ ਪਹੁੰਚ ਕੇ ਅੱਗ ’ਤੇ ਕਾਬੂ ਪਾਇਆ। ਜਾਣਕਾਰੀ ਅਨੁਸਾਰ ਆਂਚਲ ਕਲੈਕਸ਼ਨ ਦੇ ਮਾਲਕ ਰਾਮ ਚੰਦਰ ਅਤੇ ਰਮੇਸ਼ ਕੁਮਾਰ ਨੇ ਦੱਸਿਆ ਕਿ ਇਕ ਸਵੀਟ ਹਾਊਸ ਦੇ ਬਾਹਰ ਰੱਖੀ ਭੱਠੀ ’ਤੇ ਲੱਗੇ ਸਿਲੰਡਰ ਦੀ ਪਾਈਪ ਬਾਹਰ ਆ ਗਈ।
ਜਦੋਂ ਉਨ੍ਹਾਂ ਨੇ ਇਹ ਦੇਖਿਆ ਅਤੇ ਉਨ੍ਹਾਂ ਦੇ ਕਰਮਚਾਰੀਆਂ ਨੂੰ ਸੂਚਿਤ ਕੀਤਾ ਤਾਂ ਉਹ ਭੱਠੀ ਨੂੰ ਚੱਲਦਾ ਛੱਡ ਕੇ ਉੱਥੋਂ ਭੱਜ ਗਏ। ਇਸ ਕਾਰਨ ਅੱਗ ਨੇ ਭਿਆਨਕ ਰੂਪ ਧਾਰਨ ਕਰ ਲਿਆ ਅਤੇ ਉਨ੍ਹਾਂ ਦੀ ਕੱਪੜਿਆਂ ਦੀ ਦੁਕਾਨ ’ਚ ਅੱਗ ਫੈਲ ਗਈ। ਆਸ-ਪਾਸ ਦੇ ਦੁਕਾਨਦਾਰ ਦੁਕਾਨਾਂ ਤੋਂ ਬਾਹਰ ਆ ਗਏ ’ਤੇ ਅੱਗ ’ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ, ਜਦੋਂ ਕਿ ਲੋਕਾਂ ਨੇ ਇਸ ਬਾਰੇ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ। ਉੱਥੇ ਫਾਇਰ ਬ੍ਰਿਗੇਡ ਦੇ ਕਰਮਚਾਰੀ ਗੱਡੀ ਲੈ ਕੇ ਪਹੁੰਚੇ ਅਤੇ ਅੱਗ ’ਤੇ ਕਾਬੂ ਪਾਇਆ।
ਦੁਕਾਨਦਾਰ ਨੇ ਦੱਸਿਆ ਕਿ ਉਨ੍ਹਾਂ ਦੀ ਦੁਕਾਨ ਦਾ ਕਰੀਬ 4-5 ਲੱਖ ਰੁਪਏ ਦਾ ਨੁਕਸਾਨ ਹੋਇਆ ਹੈ। ਸਵੀਟ ਹਾਊਸ ਦੇ ਸੰਚਾਲਕ ਰਣਬੀਰ ਯਾਦਵ ਦਾ ਕਹਿਣਾ ਹੈ ਕਿ ਉਸਦੀ ਦੁਕਾਨ ਦੇ ਬਾਹਰ ਲਾਈ ਭੱਠੀ ਕਈ ਦਹਾਕਿਆਂ ਤੋਂ ਉੱਥੇ ਹੈ ਪਰ ਗੁਆਂਢੀ ਦੁਕਾਨਦਾਰ ਆਪਣੇ ਕੱਪੜੇ 4-5 ਫੁੱਟ ਬਾਹਰ ਤੱਕ ਲੱਗਾ ਦਿੰਦੇ ਹਨ। ਇਸ ਕਾਰਨ ਇਹ ਹਾਦਸਾ ਵਾਪਰਿਆ ਹੈ।