ਸਰਵੋਦਿਆ ਹਸਪਤਾਲ ''ਚ ਤਾਇਨਾਤ ਡਾ. ਪੰਕਜ ਤ੍ਰਿਵੇਦੀ ਖਿਲਾਫ ਕੇਸ ਦਰਜ

09/24/2019 11:00:17 AM

ਜਲੰਧਰ (ਸ਼ੋਰੀ)— ਖਾਲਸਾ ਕਾਲਜ ਕੋਲ ਪੈਂਦੇ ਸਰਵੋਦਿਆ ਹਸਪਤਾਲ ਵਿਚ ਬੀਤੇ ਦਿਨੀਂ 2 ਡਾਕਟਰਾਂ ਵਿਚ ਕਿਸੇ ਗੱਲ ਨੂੰ ਲੈ ਕੇ ਹੋਏ ਵਿਵਾਦ ਤੋਂ ਬਾਅਦ ਗੱਲ ਹੱਥੋਪਾਈ ਤੱਕ ਪਹੁੰਚ ਗਈ ਸੀ। ਇਸ ਮਾਮਲੇ ਵਿਚ ਡਾ. ਰਾਜੇਸ਼ ਅਗਰਵਾਲ ਅਤੇ ਡਾ. ਪੰਕਜ ਤ੍ਰਿਵੇਦੀ ਨੇ ਸਿਵਲ ਹਸਪਤਾਲ ਤੋਂ ਆਪਣੀ ਐੱਮ. ਐੱਲ. ਆਰ. ਕਟਵਾ ਕੇ ਪੁਲਸ ਨੂੰ ਸ਼ਿਕਾਇਤ ਦਿੱਤੀ ਸੀ।
ਇਸ ਮਾਮਲੇ 'ਚ ਥਾਣਾ ਨਿਊ ਬਾਰਾਦਰੀ ਦੀ ਪੁਲਸ ਨੇ ਮਾਮਲੇ ਦੀ ਜਾਂਚ ਤੋਂ ਬਾਅਦ ਡਾ. ਪੰਕਜ ਤ੍ਰਿਵੇਦੀ ਦੇ ਖਿਲਾਫ ਕੁੱਟਮਾਰ ਅਤੇ ਗਾਲੀ-ਗਲੋਚ ਕਰਨ 'ਤੇ ਐੱਫ. ਆਈ. ਆਰ. ਨੰਬਰ 127 ਧਾਰਾ 323, 341, 506 ਆਈ. ਪੀ. ਸੀ. ਦੇ ਤਹਿਤ ਕੇਸ ਦਰਜ ਕੀਤਾ ਹੈ। ਐੱਸ. ਐੱਚ. ਓ. ਸੁਲੱਖਣ ਸਿੰਘ ਦਾ ਕਹਿਣਾ ਹੈ ਕਿ ਪੁਲਸ ਜਲਦੀ ਹੀ ਡਾ. ਪੰਕਜ ਤ੍ਰਿਵੇਦੀ ਨੂੰ ਗ੍ਰਿਫਤਾਰ ਕਰ ਲਵੇਗੀ। ਭਾਵੇਂ ਕਿ ਪੁਲਸ ਨੇ ਡਾ. ਤ੍ਰਿਵੇਦੀ ਦੀ ਐੱਮ. ਐੱਲ. ਆਰ. 'ਤੇ 323 ਦੀ ਰਿਪੋਰਟ ਦਰਜ ਕਰ ਲਈ ਹੈ।

ਪੁਲਸ ਨੂੰ ਦਰਜ ਕਰਵਾਏ ਬਿਆਨਾਂ ਵਿਚ ਡਾ. ਰਾਜੇਸ਼ ਅਗਰਵਾਲ ਵਾਸੀ ਮਕਾਨ ਨੰਬਰ 103 ਛੋਟੀ ਬਾਰਾਦਰੀ ਪਾਰਟ-1 ਨੇ ਕਿਹਾ ਹੈ ਕਿ ਉਹ ਹਸਪਤਾਲ 'ਚ ਯੂ. ਆਰ. ਓ. ਵਿਭਾਗ ਵਿਚ ਡਾਕਟਰ ਹੈ ਅਤੇ ਹਸਪਤਾਲ 'ਚ ਕਰੀਬ 10 ਪਾਰਟਨਰ ਹਨ। 20 ਸਤੰਬਰ ਰਾਤ ਕਰੀਬ 8.30 ਵਜੇ ਉਹ ਆਪਣੇ ਹਸਪਤਾਲ ਵਿਚ ਓ. ਪੀ. ਡੀ. ਕਮਰੇ ਵਿਚ ਡਿਊਟੀ 'ਤੇ ਮੌਜੂਦ ਸੀ। ਇਸ ਦੌਰਾਨ ਡਾ. ਪੰਕਜ ਤ੍ਰਿਵੇਦੀ ਜੋ ਕਿ ਹਸਪਤਾਲ ਵਿਚ ਪਾਰਟਨਰ ਹੈ ਅਤੇ ਨਿਊਰੋ ਵਿਭਾਗ 'ਚ ਡਾਕਟਰ ਹੈ, ਉਹ ਕਮਰੇ ਵਿਚ ਆਏ ਅਤੇ ਝਗੜਾ ਕਰਨ ਲੱਗੇ। ਇਸ ਦੌਰਾਨ ਡਾ. ਤ੍ਰਿਵੇਦੀ ਨੇ ਦੋਵਾਂ ਹੱਥਾਂ ਨਾਲ ਉਨ੍ਹਾਂ ਦਾ ਗਲਾ ਘੁੱਟ ਕੇ ਜਾਨ ਤੋਂ ਮਾਰਨ ਦੀ ਕੋਸ਼ਿਸ਼ ਕੀਤੀ।

ਡਾ. ਰਾਜੇਸ਼ ਮੁਤਾਬਕ ਰੌਲਾ ਸੁਣ ਕੇ ਉਨ੍ਹਾਂ ਦੇ ਓ. ਪੀ. ਡੀ. ਵਿਚ ਕੰਮ ਕਰਨ ਵਾਲਾ ਲੜਕਾ ਅਮਿਤ ਕੁਮਾਰ ਜੋ ਕਿ ਹੈਂਡੀਕੈਪਡ ਹੈ, ਨੇ ਵੀ ਉਨ੍ਹਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਸਫਲ ਨਹੀਂ ਰਿਹਾ। ਡਾ. ਤ੍ਰਿਵੇਦੀ ਨੇ ਕਮਰੇ ਦੀ ਕੁੰਡੀ ਲਾ ਕੇ ਕੁੱਟ-ਮਾਰ ਕਰਨੀ ਸ਼ੁਰੂ ਕਰ ਦਿੱਤੀ। ਬੜੀ ਮੁਸ਼ਕਲ ਨਾਲ ਉਨ੍ਹਾਂ ਆਪਣੀ ਜਾਨ ਬਚਾਈ ਅਤੇ ਬਾਕੀ ਸਟਾਫ ਨੇ ਉਨ੍ਹਾਂ ਨੂੰ ਛੁਡਵਾਇਆ। ਦੂਜੇ ਪਾਸੇ ਡਾ. ਪੰਕਜ ਤ੍ਰਿਵੇਦੀ ਦਾ ਪੱਖ ਜਾਣਨ ਲਈ ਉਨ੍ਹਾਂ ਨੂੰ ਕਾਲ ਕੀਤੀ ਗਈ ਤਾਂ ਉਨ੍ਹਾਂ ਦਾ ਕਹਿਣਾ ਸੀ ਕਿ ਉਨ੍ਹਾਂ ਨੂੰ ਨਹੀਂ ਪਤਾ ਕਿ ਉਨ੍ਹਾਂ ਖਿਲਾਫ ਕੇਸ ਦਰਜ ਹੋਇਆ ਹੈ। ਉਨ੍ਹਾਂ ਨੇ ਵੀ ਹਸਪਤਾਲ ਤੋਂ ਆਪਣੀ ਐੱਮ. ਐੱਲ. ਆਰ. ਕਟਵਾਈ ਸੀ। ਉਨ੍ਹਾਂ ਦਾ ਕਹਿਣਾ ਸੀ ਕਿ ਕੁੱਟ-ਮਾਰ ਉਨ੍ਹਾਂ ਨਾਲ ਵੀ ਹੋਈ ਹੈ।


shivani attri

Content Editor

Related News