ਐੱਸ. ਆਈ. ਟੀ. ਤੋਂ ਬਦਲੇ ਦੀ ਭਾਵਨਾ ਨਾਲ ਕੰਮ ਕਰਵਾ ਰਹੀ ਐ ਸਰਕਾਰ : ਧੁੱਗਾ

02/26/2019 1:37:22 AM

ਹੁਸ਼ਿਆਰਪੁਰ, (ਘੁੰਮਣ)- ਕਾਂਗਰਸ ਸਰਕਾਰ ਵੱਲੋਂ ਐੱਸ. ਆਈ. ਟੀ. ਤੋਂ ਬਦਲੇ ਦੀ ਭਾਵਨਾ ਨਾਲ  ਕੰਮ ਕਰਵਾਇਆ ਜਾ ਰਿਹਾ ਹੈ। ਬਰਗਾਡ਼ੀ ਕਾਂਡ ਦੀ ਜਾਂਚ ਪਾਰਦਰਸ਼ਿਤਾ ਨਾਲ ਨਹੀਂ ਹੋਣ ਦਿੱਤੀ ਜਾ ਰਹੀ। ਸਭ ਕੁਝ ਸਿਆਸੀ ਦਬਾਅ ਹੇਠ ਚੱਲ ਰਿਹਾ ਹੈ। ਉਕਤ ਵਿਚਾਰਾਂ ਦਾ ਪ੍ਰਗਟਾਵਾ ਦੇਸ ਰਾਜ ਸਿੰਘ ਧੁੱਗਾ ਸਾਬਕਾ ਮੁੱਖ ਪਾਰਲੀਮਾਨੀ ਸਕੱਤਰ ਪੰਜਾਬ ਨੇ ਵਿਸ਼ੇਸ਼ ਮੁਲਾਕਾਤ ਦੌਰਾਨ ਕੀਤਾ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਜੋ ਐੱਸ. ਆਈ. ਟੀ. ਬਣਾਈ ਗਈ ਹੈ, ਅਜੇ ਤੱਕ ਉਸ ਦੀ ਜਾਂਚ ਚੱਲ ਰਹੀ ਹੈ ਪਰ ਸਰਕਾਰ ਦੇ ਮੰਤਰੀ ਅਤੇ ਮੁੱਖ ਮੰਤਰੀ ਪਹਿਲਾਂ ਹੀ ਆਪਣੀਆਂ ਸਟੇਟਮੈਂਟਾਂ ਦੇਈ  ਜਾ ਰਹੇ ਹਨ। ਇਸ ਤੋਂ ਇਹ ਸਾਫ਼ ਜ਼ਾਹਰ ਹੈ ਕਿ ਸਰਕਾਰ ਵੱਲੋਂ ਜੋ ਐੱਸ. ਆਈ. ਟੀ. ਬਣਾਈ ਗਈ ਹੈ, ੳਹ ਸਿਰਫ ਨਾਂ ਦੀ ਹੀ ਹੈ। 
ਸ. ਧੁੱਗਾ ਨੇ ਦਾਅਵਾ ਕੀਤਾ ਕਿ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਕਦੇ ਵੀ ਆਪਣੀ ਜਨਤਾ ’ਤੇ ਗੋਲੀ ਚਲਾਉਣ ਦੇ ਹੁਕਮ ਨਹੀਂ ਦੇ ਸਕਦੇ ਅਤੇ ਨਾ ਹੀ ਬੇਅਦਬੀ ਦੀਆਂ ਘਟਨਾਵਾਂ ਕਰਵਾ ਸਕਦੇ ਹਨ। ਇਹ ਸਭ ਕੁਝ ਬਾਦਲ ਪਰਿਵਾਰ ਨੂੰ ਬਦਨਾਮ ਕਰਨ ਲਈ ਕੀਤਾ ਜਾ ਰਿਹਾ ਹੈ, ਕਿਉਂਕਿ ਇਸ ਸਮੇਂ ਲੋਕ ਸਭਾ ਚੋਣਾਂ ਸਿਰ  ’ਤੇ ਹਨ ਅਤੇ ਇਨ੍ਹਾਂ ਦਾ ਸਿਆਸੀ ਫਾਇਦਾ ਲੈਣ ਲਈ ਸਰਕਾਰ ਵੱਲੋਂ ਚਾਲਾਂ ਖੇਡੀਆਂ ਜਾ ਰਹੀਆਂ ਹਨ। ਕਾਂਗਰਸ ਸਰਕਾਰ ਦੇ ਇਹੋ ਜਿਹੇ ਘਟੀਆ ਮਨਸੂਬੇ ਕਾਮਯਾਬ ਨਹੀਂ ਹੋਣਗੇ। ਪੰਜਾਬ ਤੇ ਦੇਸ਼ ਦੇ ਲੋਕ ਜਾਣਦੇ ਹਨ ਕਿ ਕਾਂਗਰਸ ਦੀ ਕਹਿਣੀ ਤੇ ਕਰਨੀ ’ਚ ਅੰਤਰ ਹੈ। ਇਨ੍ਹਾਂ ਹਮੇਸ਼ਾ  ਪਾੜੋ ਤੇ ਰਾਜ ਕਰੋ ਦੀ ਨੀਤੀ ਅਪਣਾਈ ਹੈ। ਜਦੋਂ ਤੋਂ ਦੇਸ਼ ਆਜ਼ਾਦ ਹੋਇਆ ਹੈ, ਸਭ ਤੋਂ ਵੱਧ ਸਮਾਂ ਕਾਂਗਰਸ ਨੇ ਰਾਜ ਕੀਤਾ, ਪਰ ਦੇਸ਼ ਦਾ ਕੁਝ ਨਹੀਂ ਸੰਵਾਰਿਆ। ਉਲਟਾ ਇਨ੍ਹਾਂ ਦੇ ਮੰਤਰੀ ਵੱਡੇ-ਵੱਡੇ ਘਪਲਿਆਂ ’ਚ ਜੇਲਾਂ ਦੀ ਹਵਾ ਖਾ ਰਹੇ ਹਨ। ਪਿਛਲੀ ਕਾਂਗਰਸ ਸਰਕਾਰ ਸਮੇਂ ਕੈਪ. ਅਮਰਿੰਦਰ ਸਿੰਘ ਨੇ ਬਾਦਲ ਪਰਿਵਾਰ ਨੂੰ ਝੂਠੇ ਕੇਸਾਂ ਵਿਚ ਫਸਾਇਆ ਸੀ, ਜਿਨ੍ਹਾਂ ਵਿਚੋਂ ਉਹ ਸਾਫ਼ ਬਰੀ ਹੋ ਗਏ ਸਨ ਅਤੇ ਇਸ ਵਾਰ ਵੀ ਬਦਲੇ ਦੀ ਭਾਵਨਾ ਨਾਲ  ਕੰਮ ਕਰਦਿਆਂ ਬਾਦਲ ਪਰਿਵਾਰ ਨੂੰ ਫਸਾਉਣ ਦਾ ਯਤਨ ਕੀਤਾ ਜਾ ਰਿਹਾ ਹੈ, ਪਰ ਉਨ੍ਹਾਂ ਦਾ ਕੁਝ ਵੀ ਨਹੀਂ ਵਿਗਡ਼ਨਾ। ਉਨ੍ਹਾਂ ਕਿਹਾ ਕਿ ਪੰਜਾਬ ਅੰਦਰ ਜਿੰਨਾ ਵੀ ਵਿਕਾਸ ਹੋਇਆ, ਉਹ ਹਮੇਸ਼ਾ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸਮੇਂ ਹੀ ਹੋਇਆ।  ਲੋਕਾਂ ਨੇ ਉਨ੍ਹਾਂ ਦੇ ਕੰਮਾਂ ਨੂੰ ਦੇਖਦਿਆਂ ਪ੍ਰਕਾਸ਼ ਸਿੰਘ ਬਾਦਲ ਨੂੰ 5 ਵਾਰ ਮੁੱਖ ਮੰਤਰੀ ਬਣਾਇਆ ਸੀ।
 


Bharat Thapa

Content Editor

Related News