ਦੇਸ਼ ਵਿਆਪੀ ਹੜਤਾਲ ਦੇ ਸੱਦੇ ’ਤੇ ਬੈਂਕ ਮੁਲਾਜ਼ਮਾਂ ਨੇ ਰੂਪਨਗਰ ’ਚ ਕੀਤਾ ਰੋਸ ਪ੍ਰਦਰਸ਼ਨ

01/31/2020 5:48:57 PM

ਰੂਪਨਗਰ (ਕੈਲਾਸ਼) - ਯੂਨਾਇਟਿਡ ਫੋਰਮ ਆਫ ਬੈਂਕ ਯੂਨੀਅਨ ਦੁਆਰਾ ਦਿੱਤੇ ਗਏ ਦੋ ਦਿਨਾਂ ਦੇਸ਼ ਵਿਆਪੀ ਹੜਤਾਲ ਦੇ ਸੱਦੇ ’ਤੇ ਦੇਸ਼ ਭਰ ’ਚ ਸਾਰੇ ਸਰਕਾਰੀ ਬੈਂਕਾਂ ਦੇ ਮੁਲਾਜ਼ਮ ਤੇ ਅਧਿਕਾਰੀਆਂ ਨੇ ਮੁਕੰਮਲ ਤੌਰ ’ਤੇ ਹੜਤਾਲ ਕੀਤੀ। ਬੈਂਕ ਇੰਪਲਾਇਜ਼ ਦੀ ਰੂਪਨਗਰ ਇਕਾਈ ਦੁਆਰਾ ਹੜਤਾਲ ਦੇ ਪਹਿਲੇ ਦਿਨ ਪੰਜਾਬ ਨੈਸ਼ਨਲ ਬੈਂਕ ਰੂਪਨਗਰ ਬਰਾਂਚ ਦੇ ਸਾਹਮਣੇ ਸਰਕਾਰ ਦੇ ਅੜੀਅਲ ਰਵੱਈਏ ਦੇ ਵਿਰੋਧ ’ਚ ਰੋਸ ਮੁਜ਼ਾਹਰਾ ਕੀਤਾ। ਪ੍ਰਦਰਸ਼ਨ ਨੂੰ ਸੰਬੋਧਨ ਕਰਦਿਆਂ ਯੂਨੀਅਨ ਆਗੂ ਤਰਲੋਚਨ ਸਿੰਘ ਸਕੱਤਰ ਪੰਜਾਬ ਬੈਂਕ ਇੰਪਲਾਇਜ਼ ਫੈਡਰੇਸ਼ਨ ਰੂਪਨਗਰ ਯੁਨਿਟ ਨੇ ਕਿਹਾ ਕਿ ਬੈਂਕ ਮੁਲਾਜ਼ਮਾਂ ਦਾ ਵੇਤਨ ਅਤੇ ਭੱਤੇ 1 ਨਵੰਬਰ 2017 ਤੋਂ ਵਧਾਏ ਜਾਣੇ ਸਨ। ਇਸ ਬਾਰੇ ਬੈਂਕ ਦੇ ਮੁਲਾਜ਼ਮ ਸੰਗਠਨ ਅਤੇ ਇੰਡੀਅਨ ਬੈਂਕ ਐਸੋਸੀਏਸ਼ਨ ਵਿਚਕਾਰ ਗੱਲਬਾਤ ਚੱਲ ਰਹੀ ਸੀ। ਇੰਡੀਅਨ ਬੈਂਕ ਐਸੋਸੀਏਸ਼ਨ ਦੇ ਅੜੀਅਲ ਵਤੀਰੇ ਦੇ ਕਾਰਨ ਕਿਸੇ ਨਤੀਜੇ ’ਤੇ ਨਹੀਂ ਪਹੁੰਚ ਸਕੀ। 

ਉਨ੍ਹਾਂ ਕਿਹਾ ਕਿ ਜਿੱਥੇ ਰੋਜ਼ਾਨਾ ਬੈਂਕ ਮੁਲਾਜ਼ਮਾਂ ’ਤੇ ਵਰਕਲੋਡ ਵਧ ਰਿਹਾ, ਉਥੇ ਸੁਵਿਧਾਵਾਂ ਵੀ ਘੱਟ ਰਹੀਆਂ ਹਨ। ਪ੍ਰਦਰਸ਼ਨਕਾਰੀਆਂ ਨੇ ਦੱਸਿਆ ਕਿ ਵੇਤਨ ’ਚ 20 ਫੀਸਦੀ ਦਾ ਵਾਧਾ, 5 ਦਿਨ ਦਾ ਕੰਮਕਾਜ਼, ਨਵੀਂ ਪੈਨਸ਼ਨ ਸਕੀਮ ਨੂੰ ਰੱਦ ਕਰਨਾ, ਕੰਮ ਦੇ ਘੰਟਿਆਂ ਦੀ ਇਕਸਾਰ ਪਰਿਭਾਸ਼ਾ ਆਦਿ ਮੰਗਾਂ ਨੂੰ ਸਰਕਾਰ ਵਲੋਂ ਅਣਗੌਲਿਆਂ ਕੀਤਾ ਜਾ ਰਿਹਾ ਹੈ। ਇਸ ਮੌਕੇ ਪ੍ਰਦੂਮਣ ਸਿੰਘ, ਹਰਨੇਕ ਸਿੰਘ, ਮੇਹਰ ਸਿੰਘ, ਰਾਕੇਸ਼ ਅਗਰਵਾਲ, ਜੀ.ਐੱਸ ਲੌਂਗੀਆ, ਸੋਹਣ ਸਿੰਘ, ਜਸਵੰਤ ਸਿੰਘ ਭਾਟੀਆ, ਦਿਲਬਾਗ ਸਿੰਘ ਆਦਿ ਮੌਜੂਦ ਸਨ। ਬੁਲਾਰਿਆਂ ਨੇ ਕਿਹਾ ਕਿ ਜੇਕਰ ਉਨ੍ਹਾਂ ਦੀਆਂ ਮੰਗਾਂ ਪੂਰੀਆਂ ਨਾ ਕੀਤੀਆਂ ਗਈਆਂ ਤਾਂ ਆਗਾਮੀ ਦਿਨਾਂ ’ਚ ਸੰਘਰਸ਼ ਹੋਰ ਤੇਜ਼ ਕੀਤਾ ਜਾਵੇਗਾ। 


rajwinder kaur

Content Editor

Related News