ਸੜਕ ਹਾਦਸੇ ''ਚ ਇਕ ਪ੍ਰਵਾਸੀ ਮਜ਼ਦੂਰ ਦੀ ਮੌਤ, ਇਕ ਜ਼ਖਮੀ
Tuesday, Feb 25, 2020 - 05:00 PM (IST)
ਭੋਗਪੁਰ (ਸੂਰੀ)— ਜਲੰਧਰ-ਜੰਮੂ ਕੌਮੀ ਸ਼ਾਹ ਮਾਰਗ 'ਤੇ ਸਥਿਤ ਕਸਬਾ ਭੋਗਪੁਰ 'ਚ ਬੀਤੀ ਰਾਤ ਸੜਕ ਪਾਰ ਕਰ ਰਹੇ 2 ਪ੍ਰਵਾਸੀ ਮਜ਼ਦੂਰ ਕਿਸੇ ਅਣਪਛਾਤੇ ਵਾਹਨ ਦੀ ਲਪੇਟ 'ਚ ਆ ਗਏ। ਇਸ ਹਾਦਸੇ 'ਚ ਇਕ ਪ੍ਰਵਾਸੀ ਮਜ਼ਦੂਰ ਦੀ ਮੌਤ ਹੋ ਗਈ ਅਤੇ ਦੂਜਾ ਗੰਭੀਰ ਰੂਪ 'ਚ ਜ਼ਖਮੀ ਹੋ ਗਿਆ। ਦੱਸਿਆ ਜਾ ਰਿਹਾ ਹੈ ਕਿ ਬੀਤੀ ਰਾਤ ਭੋਗਪੁਰ ਨੇੜੇ ਸੜਕ ਉੱਤੇ ਪ੍ਰੀਮਿਕਸ ਪਾਏ ਜਾਣ ਦਾ ਕੰਮ ਚੱਲ ਰਿਹਾ ਸੀ ਅਤੇ ਕੰਮ ਕਰਨ ਵਾਲੀ ਕੰਪਨੀ ਵੱਲੋਂ ਸੜਕ ਦਾ ਇਕ ਪਾਸਾ ਬੰਦ ਕੀਤਾ ਗਿਆ ਸੀ। ਇਸ ਕਾਰਨਸੜਕ ਦੇ ਇਕ ਪਾਸੇ ਹੀ ਸਾਰੀ ਆਵਾਜਾਈ ਚੱਲ ਰਹੀ ਸੀ।
ਇਸੇ ਦੌਰਾਨ ਦੋ ਪ੍ਰਵਾਸੀ ਨੌਜਵਾਨ ਭੋਗਪੁਰ ਦੇ ਵਾਰਡ ਡੱਲੀ ਨੇੜੇ ਸੜਕ ਕਰਾਸ ਕਰਨ ਲੱਗੇ ਤਾਂ ਕਿਸੇ ਅਣਪਛਾਤੇ ਵਾਹਨ ਦੀ ਲਪੇਟ ਵਿਚ ਆ ਗਏ, ਜਿਸ ਕਾਰਨ ਇਕ ਪ੍ਰਵਾਸੀ ਮਜ਼ਦੂਰ ਦੀ ਮੌਤ ਹੋ ਗਈ ਅਤੇ ਦੂਸਰਾ ਗੰਭੀਰ ਜ਼ਖ਼ਮੀ ਹੋ ਗਿਆ। ਇਸ ਸਬੰਧੀ ਪੁਲਸ ਨੂੰ ਦਿੱਤੇ ਬਿਆਨਾਂ 'ਚ ਮ੍ਰਿਤਕ ਦੇ ਰਿਸ਼ਤੇਦਾਰ ਮੁਖੀਆ ਪੁੱਤਰ ਕੇਰੀ ਵਾਸੀ ਗੁਲੇਰੀਆ ਜ਼ਿਲਾ ਬਰੇਲੀ ਨੇ ਦੱਸਿਆ ਕਿ ਉਸ ਦੇ ਚਾਚੇ ਦਾ ਲੜਕਾ ਰਾਮ ਰਤਨ ਪੁੱਤਰ ਹੇਮ ਰਾਜ ਵਾਸੀ ਗੁਲਾਰੀਆ ਜ਼ਿਲਾ ਬਰੇਲੀ ਮੂੰਗਫਲੀ ਦੀ ਰੇਹੜੀ ਅਤੇ ਉਸ ਦਾ ਦੋਸਤ ਨਰੇਸ਼ ਕੁਮਾਰ ਪੁੱਤਰ ਪੂਰਨ ਲਾਲ ਵਾਸੀ ਡੱਲੀ ਸਬਜ਼ੀ ਦੀ ਰੇਹੜੀ ਲਾਉਂਦਾ ਸੀ।
ਸੋਮਵਾਰ ਨੂੰ ਉਸ ਦੇ ਕਿਸੇ ਜਾਣਕਾਰ ਦਾ ਫੋਨ ਆਇਆ ਕਿ ਰਤਨ ਅਤੇ ਨਰੇਸ਼ ਕੁਮਾਰ ਜੀ. ਟੀ. ਰੋਡ ਭੋਗਪੁਰ ਨੇੜੇ ਇਕ ਮੋਟਰਸਾਈਕਲ ਏਜੰਸੀ ਕੋਲ ਸੜਕ ਕਰਾਸ ਕਰਦੇ ਕਿਸੇ ਵਾਹਨ ਦੀ ਲਪੇਟ 'ਚ ਆ ਗਏ ਸਨ, ਜਿਸ ਕਾਰਨ ਰਾਮ ਰਤਨ ਦੀ ਮੌਕੇ 'ਤੇ ਹੀ ਮੌਤ ਹੋ ਗਈ ਹੈ ਅਤੇ ਨਰੇਸ਼ ਕੁਮਾਰ ਨੂੰ ਗੰਭੀਰ ਸੱਟਾਂ ਲੱਗੀਆਂ ਹਨ। ਨਰੇਸ਼ ਕੁਮਾਰ ਨੂੰ ਜਲੰਧਰ ਦੇ ਇਕ ਨਿੱਜੀ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ। ਪੁਲਸ ਵੱਲੋਂ ਮੁਖੀਆ ਦੇ ਬਿਆਨਾਂ 'ਤੇ ਅਣਪਛਾਤੇ ਵਾਹਨ ਚਾਲਕ ਦੇ ਖਿਲਾਫ ਮਾਮਲਾ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।