ਸੜਕ ਦੀ ਖਸਤਾ ਹਾਲਤ ਕਾਰਨ ਗਈ ਡੇਅਰੀ ਮਾਲਕ ਦੀ ਜਾਨ

02/11/2020 4:00:59 PM

ਜਲੰਧਰ (ਵਰੁਣ)— ਸ਼ਹਿਰ ਦੀਆਂ ਖਸਤਾ ਹਾਲ ਸੜਕਾਂ ਕਾਰਨ ਰੋਜ਼ਾਨਾ ਹਾਦਸਿਆਂ 'ਚ ਲੋਕਾਂ ਦੀ ਜਾਨ ਜਾ ਰਹੀ ਹੈ। ਥਾਣਾ ਨੰਬਰ 8 ਤੋਂ ਕੁਝ ਦੂਰੀ 'ਤੇ ਸਥਿਤ ਗਊਸ਼ਾਲਾ ਕਰਾਸ ਕਰਦਿਆਂ ਹੀ ਬੁਲੰਦਪੁਰ ਰੋਡ 'ਤੇ ਖਰਾਬ ਸੜਕ ਕਾਰਣ ਡੇਅਰੀ ਮਾਲਕ ਦੀ ਜਾਨ ਚਲੀ ਗਈ। ਡੇਅਰੀ ਮਾਲਕ ਸਾਹਮਣੇ ਆ ਰਹੇ ਟਰੱਕ ਨੂੰ ਰਸਤਾ ਦੇਣ ਲਈ ਰੁਕਿਆ ਸੀ ਪਰ ਜਿਵੇਂ ਹੀ ਟਰੱਕ ਉਸ ਕੋਲ ਪਹੁੰਚਿਆ ਤਾਂ ਸੜਕ ਖਰਾਬ ਹੋਣ ਕਾਰਨ ਬਾਈਕ ਸਵਾਰ ਡੇਅਰੀ ਮਾਲਕ ਦਾ ਸੰਤੁਲਨ ਵਿਗੜ ਗਿਆ ਅਤੇ ਉਹ ਟਰੱਕ ਦੇ ਪਿਛਲੇ ਟਾਇਰ ਹੇਠਾਂ ਆ ਗਿਆ ਅਤੇ ਮੌਕੇ 'ਤੇ ਹੀ ਉਸ ਦੀ ਮੌਤ ਹੋ ਗਈ।

ਮ੍ਰਿਤਕ ਦੀ ਪਛਾਣ ਅਸ਼ੋਕ ਕੁਮਾਰ (60) ਪੁੱਤਰ ਪੁਰਸ਼ੋਤਮ ਲਾਲ ਵਾਸੀ ਸ਼ਸ਼ੀ ਨਗਰ ਵਜੋਂ ਹੋਈ ਹੈ। ਥਾਣਾ-8 ਦੇ ਏ. ਐੱਸ. ਆਈ. ਨਿਰਮਲ ਸਿੰਘ ਨੇ ਦੱਸਿਆ ਕਿ ਅਸ਼ੋਕ ਕੁਮਾਰ ਦੀ ਬੁਲੰਦਪੁਰ 'ਚ ਡੇਅਰੀ ਹੈ। ਸੋਮਵਾਰ ਦੁਪਹਿਰੇ ਉਹ ਆਪਣੀ ਬਾਈਕ 'ਤੇ ਡੇਅਰੀ ਵੱਲ ਜਾ ਰਿਹਾ ਸੀ। ਜਿਵੇਂ ਹੀ ਬੁਲੰਦਪੁਰ ਰੋਡ 'ਤੇ ਸਥਿਤ ਗਊਸ਼ਾਲਾ ਨੂੰ ਕਰਾਸ ਕਰ ਕੇ ਅੱਗੇ ਪਹੁੰਚਿਆ ਤਾਂ ਸਾਹਮਣਿਓ ਆ ਰਹੇ ਟਰੱਕ ਨੂੰ ਵੇਖ ਕੇ ਆਪਣਾ ਮੋਟਰ ਸਾਈਕਲ ਸਾਈਡ 'ਤੇ ਲਾ ਲਿਆ। ਜਿਸ ਤਰ੍ਹਾਂ ਹੀ ਟਰੱਕ ਨੇੜਿਓਂ ਲੰਘਿਆ ਤਾਂ ਸੜਕ 'ਤੇ ਟੋਏ ਹੋਣ ਕਾਰਨ ਉਸ ਦਾ ਪੈਰ ਸੜਕ 'ਤੇ ਨਹੀਂ ਲੱਗਾ ਅਤੇ ਉਹ ਟਰੱਕ ਦਾ ਸਹਾਰਾ ਲੈਣ ਦੇ ਚੱਕਰ 'ਚ ਮੋਟਰ ਸਾਈਕਲ ਸਮੇਤ ਹੇਠਾਂ ਡਿੱਗ ਪਿਆ ਅਤੇ ਟਰੱਕ ਦਾ ਪਿਛਲਾ ਟਾਇਰ ਉਸ ਦੀ ਲੱਤ ਉਤੋਂ ਲੰਘ ਗਿਆ।

ਅਸ਼ੋਕ ਕੁਮਾਰ ਨੂੰ ਤੁਰੰਤ ਪਠਾਨਕੋਟ ਨੇੜੇ ਹਸਪਤਾਲ 'ਚ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਟਰੱਕ ਚਾਲਕ ਟਰੱਕ ਛੱਡ ਕੇ ਮੌਕੇ ਤੋਂ ਫਰਾਰ ਹੋ ਗਿਆ। ਏ. ਐੱਸ. ਆਈ. ਨਿਰਮਲ ਸਿੰਘ ਦਾ ਕਹਿਣਾ ਹੈ ਕਿ ਹਾਦਸੇ 'ਚ ਟਰੱਕ ਚਾਲਕ ਦਾ ਕੋਈ ਕਸੂਰ ਸਾਹਮਣੇ ਨਾ ਆਉਣ ਕਾਰਨ ਅਸ਼ੋਕ ਕੁਮਾਰ ਦੇ ਘਰ ਵਾਲਿਆਂ ਨੇ ਕੋਈ ਵੀ ਕਾਰਵਾਈ ਨਹੀਂ ਕਰਵਾਈ ਹੈ। ਮ੍ਰਿਤਕ ਦੇ 2 ਲੜਕੇ ਅਤੇ 1 ਲੜਕੀ ਹੈ।

ਸ਼ਹਿਰ ਦੇ ਇਹ ਪੁਆਇੰਟ ਵੀ ਖਸਤਾ ਹਾਲਤ ਸੜਕਾਂ ਕਾਰਨ ਹੋਏ ਖਤਰਨਾਕ
ਟ੍ਰੈਫਿਕ ਪੁਲਸ ਨੇ ਹਾਲ ਵਿਚ ਹੀ ਐੱਨ. ਐੱਚ. ਏ. ਆਈ. ਨੂੰ ਪੱਤਰ ਲਿਖ ਕੇ ਕੁਝ ਪੁਆਇੰਟਸ ਦੱਸੇ ਸਨ, ਜਿੱਥੇ ਸੜਕਾਂ ਦੀ ਹਾਲਤ ਕਾਫੀ ਖਸਤਾ ਹੈ। ਟ੍ਰੈਫਿਕ ਪੁਲਸ ਵੱਲੋਂ ਜਾਰੀ ਪੱਤਰ ਨੂੰ ਵੀ ਕਾਫੀ ਸਮਾਂ ਹੋ ਚੁੱਕਾ ਹੈ, ਇਸ ਦੇ ਬਾਵਜੂਦ ਸੜਕਾਂ ਰਿਪੇਅਰ ਕਰਨ ਦਾ ਕੰਮ ਨਹੀਂ ਹੋਇਆ। ਟ੍ਰੈਫਿਕ ਪੁਲਸ ਨੇ ਲਿਖਿਆ ਸੀ ਕਿ ਚੁਗਿੱਟੀ ਚੌਕ ਤੋਂ ਲੈ ਕੇ ਨੰਗਲਸ਼ਾਮਾ ਚੌਕ ਤੱਕ ਸੜਕ ਦੀ ਹਾਲਤ ਖਸਤਾ ਹੈ। ਲੰਮਾ ਪਿੰਡ ਚੌਕ ਦੀ ਸਰਵਿਸ ਲੇਨ ਦੀ ਹਾਲਤ ਵੀ ਕਾਫੀ ਖਰਾਬ ਹੈ, ਜਿੱਥੇ ਜਗ੍ਹਾ-ਜਗ੍ਹਾ ਟੋਏ ਹਨ।

ਇਸ ਤੋਂ ਇਲਾਵਾ ਟ੍ਰੈਫਿਕ ਪੁਲਸ ਨੇ ਲੰਮਾ ਪਿੰਡ ਚੌਕ ਤੋਂ ਜੰਡੂਸਿੰਘਾ ਨੂੰ ਜਾਂਦੇ ਰੋਡ ਬਾਰੇ ਵੀ ਚਿੰਤਾ ਜ਼ਾਹਿਰ ਕੀਤੀ ਸੀ। ਟ੍ਰੈਫਿਕ ਪੁਲਸ ਨੇ ਲਿਖਿਆ ਸੀ ਕਿ ਪਠਾਨਕੋਟ ਚੌਕ ਤੋਂ ਲੈ ਕੇ ਭਗਤ ਸਿੰਘ ਕਾਲੋਨੀ ਤੱਕ ਸਰਵਿਸ ਲੇਨ ਟੁੱਟੀ ਹੋਈ ਹੈ। ਫੋਕਲ ਪੁਆਇੰਟ ਫਲਾਈਓਵਰ, ਫੋਕਲ ਪੁਆਇੰਟ ਅੰਡਰਪਾਸ 'ਤੇ ਵੀ ਜਗ੍ਹਾ-ਜਗ੍ਹਾ ਟੋਏ ਹਨ, ਜਿਨ੍ਹਾਂ ਨੂੰ ਤੁਰੰਤ ਠੀਕ ਕੀਤਾ ਜਾਵੇ। ਓਧਰ ਟ੍ਰੈਫਿਕ ਪੁਲਸ ਦੇ ਇੰਸ. ਰਮੇਸ਼ ਲਾਲ ਦਾ ਕਹਿਣਾ ਹੈ ਕਿ ਪੱਤਰ ਲਿਖਣ ਤੋਂ ਕਾਫੀ ਸਮਾਂ ਬਾਅਦ ਤੱਕ ਵੀ ਐੱਨ. ਐੱਚ. ਏ. ਆਈ. ਨੇ ਇਸ ਦੀ ਕੋਈ ਵੀ ਸੁੱਧ ਨਹੀਂ ਲਈ। ਟ੍ਰੈਫਿਕ ਪੁਲਸ ਕੰਪਨੀ ਨੂੰ ਰਿਪੇਅਰ ਨਾ ਕਰਨ 'ਤੇ ਕਾਰਣ ਦੱਸੋ ਨੋਟਿਸ ਜਾਰੀ ਕਰੇਗੀ।


shivani attri

Content Editor

Related News