ਗੋਰਾਇਆ: ਨੈਸ਼ਨਲ ਹਾਈਵੇਅ ''ਤੇ ਵਾਪਰਿਆ ਹਾਦਸਾ, ਵਾਲ-ਵਾਲ ਬਚਿਆ ਪਰਿਵਾਰ
Thursday, Dec 26, 2019 - 05:28 PM (IST)

ਗੋਰਾਇਆ (ਮੁਨੀਸ਼)— 'ਜਾਕੋ ਰਾਖੇ ਸਾਈਆਂ ਮਾਰ ਸਕੇ ਨਾ ਕੋਈ' ਇਹ ਕਹਾਵਤ ਅੱਜ ਉਸ ਸਮੇਂ ਸਹੀ ਸਾਬਤ ਹੋਈ ਜਦੋਂ ਗੋਰਾਇਆ ਨੈਸ਼ਨਲ ਹਾਈਵੇਅ 'ਤੇ ਭਿਆਨਕ ਸੜਕ ਹਾਦਸਾ ਵਾਪਰਨ ਤੋਂ ਬਾਅਦ ਪੂਰਾ ਪਰਿਵਾਰ ਵਾਲ-ਵਾਲ ਬਚ ਗਿਆ। ਮਿਲੀ ਜਾਣਕਾਰੀ ਮੁਤਾਬਕ ਗੋਰਾਇਆ ਨੈਸ਼ਨਲ ਹਾਈਵੇਅ 'ਤੇ ਬਾਅਦ ਦੁਪਹਿਰ ਤੇਜ਼ ਰਫਤਾਰ ਕਾਰ ਜੀ. ਟੀ. ਰੋਡ ਨੂੰ ਕ੍ਰਾਸ ਕਰ ਰਹੀ ਮਹਿਲਾ ਨੂੰ ਬਚਾਉਣ ਦੇ ਚੱਕਰ 'ਚ ਕੰਟੋਰਲ ਤੋਂ ਬਾਹਰ ਹੋ ਕੇ ਜੀ. ਟੀ. ਰੋਡ ਤੋਂ ਹੇਠਾਂ ਰੇਲਿੰਗ ਨੂੰ ਤੋੜ ਕੇ ਆ ਪਲਟ ਗਈ। ਕਾਰ 'ਚ ਇਕ ਪਰਿਵਾਰ ਦੇ ਦੋ ਬੱਚਿਆਂ ਸਮੇਤ ਚਾਰ ਲੋਕ ਸਵਾਰ ਸਨ। ਕਾਰ ਪਲਟਣ ਦੇ ਤੁਰੰਤ ਬਾਅਦ ਮੌਕੇ 'ਤੇ ਲੋਕਾਂ ਨੇ ਜਦੋਜ਼ਹਿਦ ਨਾਲ ਕਾਰ ਨੂੰ ਸਿੱਧਾ ਕੀਤਾ ਅਤੇ ਕਾਰ 'ਚ ਸਵਾਰ ਦੋ ਬੱਚਿਆਂ ਸਣੇ ਪਤੀ-ਪਤਨੀ ਨੂੰ ਬਾਹਰ ਕੱਢਿਆ।
ਗਨੀਮਤ ਇਹ ਰਹੀ ਕਿ ਇਸ ਹਾਦਸੇ 'ਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹੈ ਪਰ ਕਾਰ ਸਵਾਰ ਚਾਰੋਂ ਲੋਕਾਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ। ਜ਼ਖਮੀਆਂ ਦੀ ਪਛਾਣ ਵਿਜੇ ਸਚਦੇਵਾ, ਸੀਮਾ, ਮੰਣਨ, ਮਾਧਵੀ ਦੇ ਰੂਪ 'ਚ ਹੋਈ ਹੈ। ਕਾਰ ਦੀ ਹਾਲਤ ਦੇਖ ਕੇ ਇਹ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਹਾਦਸਾ ਕਿੰਨਾ ਖਤਰਨਾਕ ਸੀ। ਮੌਕੇ 'ਤੇ ਪਹੁੰਚੀ ਪੁਲਸ ਨੇ ਮਾਮਲੇ ਦੀ ਜਾਂਚ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।