ਰੁੱਖ ਨਾਲ ਲਟਕਦੀ ਮਿਲੀ ਮਾਲਖਾਨੇ ਤੋਂ ਗਾਇਬ ਹੋਈ 32 ਬੋਰ ਦੀ ਰਿਵਾਲਵਰ

05/29/2019 3:52:45 PM

ਜਲੰਧਰ (ਮਹੇਸ਼)— ਦਿਹਾਤੀ ਪੁਲਸ ਦੇ ਥਾਣਾ ਪਤਾਰਾ ਦੇ ਮਾਲਖਾਨੇ ਦਾ ਜਿੰਦਰਾ ਤੋੜ ਕੇ ਕੱਢਿਆ ਗਿਆ 32 ਬੋਰ ਦੀ ਰਿਵਾਲਵਰ ਬੀਤੇ ਦਿਨ ਥਾਣੇ ਦੇ ਬਾਹਰ ਹੀ ਲੱਗੇ ਇਕ ਰੁੱਖ ਦੇ ਨਾਲ ਲਟਕ ਰਹੇ ਪੀਲੇ ਰੰਗ ਦੇ ਲਿਫਾਫੇ 'ਚ ਮਿਲਿਆ। ਰਿਵਾਲਵਰ ਮਿਲਣ ਦੀ ਪੁਸ਼ਟੀ ਐੱਸ. ਐੱਚ. ਓ. ਪਤਾਰਾ ਅਰਸ਼ਦੀਪ ਕੌਰ ਗਰੇਵਾਲ ਨੇ ਕੀਤੀ ਹੈ।
ਉਨ੍ਹਾਂ ਦੱਸਿਆ ਕਿ ਉਨ੍ਹਾਂ ਨੂੰ ਬੀਤੇ ਦਿਨ ਸਵੇਰੇ ਕਿਸੇ ਰਾਹਗੀਰ ਨੇ ਦੱਸਿਆ ਕਿ ਉਨ੍ਹਾਂ ਦੇ ਥਾਣੇ ਬਾਹਰ ਹੀ ਰੁੱਖ 'ਤੇ ਲਟਕ ਰਹੇ ਲਿਫਾਫੇ 'ਚ ਰਿਵਾਲਵਰ ਦਿਖਾਈ ਦੇ ਰਹੀ ਸੀ, ਜਿਸ ਤੋਂ ਬਾਅਦ ਉਨ੍ਹਾਂ ਨੇ ਉਥੇ ਜਾ ਕੇ ਚੈੱਕ ਕੀਤਾ ਤਾਂ ਇਹ ਉਹੀ ਰਿਵਾਲਵਰ ਸੀ ਜੋ ਕਿ ਸਾਲ 2013 'ਚ ਕਪੂਰ ਪਿੰਡ ਵਾਸੀ ਹਰਲੀਨ ਵਾਟਰ ਪਾਰਕ ਦੇ ਮਾਲਕ ਗੁਰਪ੍ਰੀਤ ਸਿੰਘ ਹੈਪੀ ਤੋਂ ਪੁਲਸ ਨੇ ਫਾਇਰਿੰਗ ਕਰਨ ਦੇ ਮਾਮਲੇ 'ਚ ਬਰਾਮਦ ਕੀਤਾ ਸੀ, ਜਿਸ ਤੋਂ ਬਾਅਦ ਇਹ ਰਿਵਾਲਵਰ ਥਾਣਾ ਪਤਾਰਾ 'ਚ ਬਣੇ ਮਾਲਖਾਨੇ 'ਚ ਰੱਖ ਦਿੱਤੀ ਗਈ। ਗੁਰਪ੍ਰੀਤ ਸਿੰਘ ਹੈਪੀ 'ਤੇ ਫਾਇਰਿੰਗ ਕਰਨ ਦੇ ਮਾਮਲੇ 'ਚ ਕੇਸ ਵੀ ਦਰਜ ਕੀਤਾ ਗਿਆ, ਜਿਸ ਵਿਚ ਉਹ ਬਰੀ ਹੋ ਗਿਆ।

ਐੱਸ. ਐੱਚ. ਓ. ਅਰਸ਼ਦੀਪ ਕੌਰ ਗਰੇਵਾਲ ਨੇ ਦੱਸਿਆ ਕਿ ਪੁਲਸ ਇਸ ਗੱਲ ਦੀ ਜਾਂਚ ਕਰ ਰਹੀ ਹੈ ਕਿ ਏ. ਐੱਸ. ਆਈ. ਦਲਜੀਤ ਕੁਮਾਰ ਖਿਲਾਫ ਕੇਸ ਦਰਜ ਕੀਤੇ ਜਾਣ ਦੇ 4 ਦਿਨਾਂ ਬਾਅਦ ਹੀ ਇਹ ਰਿਵਾਲਵਰ ਥਾਣੇ ਕੋਲ ਕਿਵੇਂ ਪਹੁੰਚ ਗਈ। ਉਨ੍ਹਾਂ ਕਿਹਾ ਕਿ ਪੁਲਸ ਥਾਣਾ ਪਤਾਰਾ ਦੇ ਆਸ-ਪਾਸ ਪੈਂਦੇ ਦੇ ਖੇਤਰਾਂ ਦਾ ਮੋਬਾਇਲ ਡੰਪ ਵੀ ਉਠਾਇਆ ਜਾ ਰਿਹਾ ਹੈ, ਜਿਸ 'ਚ ਪੁਲਸ ਟੈਕਨੀਕਲ ਮਾਹਿਰਾਂ ਦੀ ਸਪੋਰਟ ਲੈ ਕੇ ਵੱਖ-ਵੱਖ ਪਹਿਲੂਆਂ ਤੋਂ ਜਾਂਚ ਕਰੇਗੀ। ਰਿਵਾਲਵਰ ਮਾਲਖਾਨੇ 'ਚ ਰੱਖਣ ਦਾ ਚਾਰਜ ਉਸ ਸਮੇਂ ਮੁਨਸ਼ੀ ਰਾਮ ਪ੍ਰਕਾਸ਼ ਦੇ ਕੋਲ ਸੀ ਪਰ ਉਨ੍ਹਾਂ ਦਾ ਤਬਾਦਲਾ ਥਾਣਾ ਆਦਮਪੁਰ 'ਚ ਹੋ ਜਾਣ ਕਾਰਨ ਪਤਾਰਾ ਥਾਣੇ 'ਚ ਦਲਜੀਤ ਕੁਮਾਰ ਨੂੰ ਤਾਇਨਾਤ ਕਰ ਦਿੱਤਾ ਗਿਆ।

ਦਲਜੀਤ ਕੁਮਾਰ 'ਤੇ ਦੋਸ਼ ਸੀ ਕਿ ਉਸ ਨੇ ਹੀ ਮਾਲਖਾਨੇ 'ਚੋਂ ਰਿਵਾਲਵਰ ਕੱਢੀ ਅਤੇ ਦੁਬਾਰਾ ਉਥੇ ਨਹੀਂ ਰੱਖੀਜਦਕਿ ਦਲਜੀਤ ਕੁਮਾਰ ਨੇ ਕਿਹਾ ਸੀ ਕਿ ਉਸ ਨੂੰ ਇਸ ਰਿਵਾਲਵਰ ਬਾਰੇ ਕੋਈ ਜਾਣਕਾਰੀ ਨਹੀਂ ਹੈ। ਇਸ ਦੇ ਬਾਵਜੂਦ ਵੀ ਦਿਹਾਤੀ ਪੁਲਸ ਨੇ ਲੰਬੀ ਜਾਂਚ ਤੋਂ ਬਾਅਦ 24 ਮਈ ਦੀ ਰਾਤ ਨੂੰ ਦਲਜੀਤ ਕੁਮਾਰ ਖਿਲਾਫ ਥਾਣਾ ਪਤਾਰਾ ਵਿਚ ਕੇਸ ਦਰਜ ਕਰ ਲਿਆ ਅਤੇ ਉਸੇ ਦਿਨ ਤੋਂ ਦਲਜੀਤ ਕੁਮਾਰ ਅਲਾਵਲਪੁਰ ਪੁਲਸ ਚੌਕੀ ਤੋਂ ਫਰਾਰ ਹੋ ਗਿਆ। ਪੁਲਸ ਨੂੰ ਸ਼ੱਕ ਹੀ ਨਹੀਂ ਸਗੋਂ ਪੂਰਾ ਯਕੀਨ ਸੀ ਕਿ ਦਲਜੀਤ ਕੁਮਾਰ ਨੇ ਹੀ ਮਾਲਖਾਨੇ ਤੋਂ ਰਿਵਾਲਵਰ ਗਾਇਬ ਕੀਤੀ ਹੈ ਕਿਉਂਕਿ ਉਹ ਜਾਂਚ ਦਾ ਸਾਹਮਣਾ ਕਰਨ ਦੀ ਬਜਾਏ ਚੌਕੀ ਤੋਂ ਤਾਂ ਗਾਇਬ ਹੋਇਆ ਹੀ, ਨਾਲ ਹੀ ਘਰੋਂ ਵੀ ਫਰਾਰ ਹੋ ਗਿਆ। ਰਿਵਾਲਵਰ ਮਿਲ ਜਾਣ 'ਤੇ ਇਸ ਗੱਲ ਦੀ ਕਾਫੀ ਚਰਚਾ ਹੋ ਰਹੀ ਹੈ ਕਿ ਦਲਜੀਤ ਕੁਮਾਰ 'ਤੇ ਦਰਜ ਕੀਤਾ ਗਿਆ ਕੇਸ ਜਲਦਬਾਜ਼ੀ ਸੀ ਜਾਂ ਫਿਰ ਕੁਝ ਹੋਰ।

PunjabKesari
ਦਲਜੀਤ ਨੇ ਹੀ ਕਿਹਾ ਕਿ ਰਿਵਾਲਵਰ ਮਿਲ ਗਈ
ਏ. ਐੱਸ. ਆਈ. ਦਲਜੀਤ ਕੁਮਾਰ ਨੇ ਹੀ ਮੰਗਲਵਾਰ ਸਵੇਰੇ ਆਪਣੇ ਮੋਬਾਇਲ 'ਤੇ ਵਟਸਐਪ ਕਾਲ ਕਰਦੇ ਹੋਏ ਕਿਹਾ ਕਿ ਥਾਣਾ ਪਤਾਰਾ ਦੀ ਪੁਲਸ ਨੂੰ ਮਾਲਖਾਨੇ ਤੋਂ ਹੀ ਰਿਵਾਲਵਰ ਬਰਾਮਦ ਹੋ ਗਈ ਹੈ, ਜਿਸ ਨੂੰ ਗਾਇਬ ਕਰਨ ਦਾ ਦੋਸ਼ ਉਸ 'ਤੇ ਲਗਾਇਆ ਗਿਆ ਸੀ। ਉਸ ਨੇ ਕਿਹਾ ਕਿ ਉਸ 'ਤੇ ਝੂਠਾ ਕੇਸ ਦਰਜ ਹੋਣ ਕਾਰਨ ਉਸ ਦੀ ਸਾਖ ਖਰਾਬ ਹੋਈ ਹੈ, ਜਦਕਿ ਉਹ ਪਹਿਲੇ ਦਿਨ ਤੋਂ ਕਹਿੰਦਾ ਆ ਰਿਹਾ ਸੀ ਕਿ ਉਸ ਨੂੰ ਰਿਵਾਲਵਰ ਬਾਰੇ ਕੋਈ ਜਾਣਕਾਰੀ ਨਹੀਂ ਹੈ। ਉਸ ਨੇ ਕਿਹਾ ਕਿ ਰਿਵਾਲਵਰ ਮਿਲ ਜਾਣ ਨਾਲ ਉਸ ਨੂੰ ਸੁੱਖ ਦਾ ਸਾਹ ਆਇਆ ਹੈ।
ਏ. ਐੱਸ. ਆਈ. ਨੇ ਲਗਵਾਈ ਇਨਕੁਆਰੀ
ਐੱਸ. ਐੱਸ. ਪੀ. ਨਵਜੋਤ ਸਿੰਘ ਮਾਹਲ ਵੱਲੋਂ ਸਸਪੈਂਡ ਕੀਤੇ ਗਏ ਏ. ਐੱਸ. ਆਈ. ਦਲਜੀਤ ਕੁਮਾਰ ਨੇ ਉਸ 'ਤੇ ਦਰਜ ਕੀਤੇ ਗਏ ਕੇਸ ਕਾਰਨ ਇਨਕੁਆਰੀ ਵੀ ਲਗਵਾਈ ਹੋਈ, ਜਿਸ ਦੀ ਜਾਂਚ ਚੱਲ ਰਹੀ ਹੈ। ਉਹ ਖੁਦ ਨੂੰ ਪੂਰੀ ਤਰ੍ਹਾਂ ਬੇਗੁਨਾਹ ਦੱਸ ਰਿਹਾ ਹੈ। ਉਸ ਵੱਲੋਂ ਇਨਕੁਆਰੀ ਲਾਏ ਜਾਣ ਦੀ ਪੁਸ਼ਟੀ ਵੀ ਥਾਣਾ ਪਤਾਰਾ ਦੀ ਮੁਖੀ ਅਰਸ਼ਦੀਪ ਕੌਰ ਗਰੇਵਾਲ ਨੇ ਕੀਤੀ ਹੈ।
ਰੁੱਖ 'ਤੇ ਕਿਵੇਂ ਪਹੁੰਚੀ ਰਿਵਾਲਵਰ
ਇਸ ਗੱਲ ਕਾਰਨ ਹਰ ਕੋਈ ਹੈਰਾਨ ਹੈ ਕਿ ਤਿੰਨ ਸਾਲ ਪਹਿਲਾਂ ਮਾਲਖਾਨੇ ਤੋਂ ਗਾਇਬ ਕੀਤਾ ਗਿਆ ਰਿਵਾਲਵਰ ਥਾਣੇ ਦੇ ਬਾਹਰ ਰੁੱਖ 'ਤੇ ਕਿਵੇਂ ਪਹੁੰਚੀ। ਇਸ ਦੇ ਪਿੱਛੇ ਦੀ ਕਹਾਣੀ ਕੀ ਹੋ ਸਕਦੀ ਹੈ, ਇਸ ਗੱਲ ਦਾ ਖੁਲਾਸਾ ਤਾਂ ਆਉਣ ਵਾਲੇ ਦਿਨਾਂ 'ਚ ਦਿਹਾਤੀ ਪੁਲਸ ਹੀ ਕਰੇਗੀ। ਇਸ ਗੱਲ ਦੀ ਵੀ ਚਰਚਾ ਹੈ ਕਿ ਰਾਤੋ-ਰਾਤ ਹੀ ਰਿਵਾਲਵਰ ਨੂੰ ਰੁੱਖ 'ਤੇ ਆ ਕੇ ਲਟਕਾ ਦਿੱਤਾ ਗਿਆ ਤਾਂ ਕਿ ਕਾਨੂੰਨੀ ਸ਼ਿਕੰਜੇ 'ਚ ਫਸਣ ਤੋਂ ਪਹਿਲਾਂ ਹੀ ਆਪਣਾ ਬਚਾਅ ਕਰ ਲਿਆ ਜਾਵੇ।
ਮੁਨਸ਼ੀ ਰਾਮ ਪ੍ਰਕਾਸ਼ ਨੂੰ ਵੀ ਕੀਤਾ ਜਾ ਸਕਦਾ ਹੈ ਜਾਂਚ ਵਿਚ ਸ਼ਾਮਲ
ਥਾਣਾ ਪਤਾਰਾ 'ਚ ਕਾਫੀ ਦੇਰ ਤੱਕ ਤਾਇਨਾਤ ਰਹੇ ਮੁਨਸ਼ੀ ਅਤੇ ਉਥੋਂ ਹੀ ਪ੍ਰਮੋਟ ਹੋ ਕੇ ਏ. ਐੱਸ. ਆਈ. ਬਣੇ ਰਾਮ ਪ੍ਰਕਾਸ਼ ਨੂੰ ਵੀ ਮਾਲਖਾਨੇ ਤੋਂ ਗਾਇਬ ਹੋਣ ਤੋਂ ਬਾਅਦ ਰੁੱਖ 'ਤੇ ਲਟਕਦੇ ਮਿਲੇ ਰਿਵਾਲਵਰ ਕਾਰਨ ਚੱਲ ਰਹੀ ਜਾਂਚ ਵਿਚ ਸ਼ਾਮਲ ਕੀਤਾ ਜਾ ਸਕਦਾ ਹੈ ਕਿਉਂਕਿ ਦਲਜੀਤ ਤੋਂ ਪਹਿਲਾਂ ਮਾਲਖਾਨੇ ਦੇ ਚਾਰਜ ਉਸ ਦੇ ਕੋਲ ਹੀ ਸੀ।


shivani attri

Content Editor

Related News