ਤਹਿਸੀਲਦਾਰ ਤਹਿਸੀਲ ਦਫ਼ਤਰ ’ਚ ਘੱਟ ਆਉਂਣ ਨਾਲ ਸੁਲਤਾਨਪੁਰ ਲੋਧੀ ਵਾਸੀ ਪਰੇਸ਼ਾਨ
Saturday, Jan 07, 2023 - 02:09 PM (IST)
ਸੁਲਤਾਨਪੁਰ ਲੋਧੀ (ਧੀਰ)-ਇਤਿਹਾਸਕ ਨਗਰ ਸੁਲਤਾਨਪੁਰ ਲੋਧੀ ਦੀ ਤਹਿਸੀਲ ’ਚ ਨਾਇਬ ਤਹਿਸੀਲਦਾਰ ਨਾ ਹੋਣ ਕਾਰਨ ਅਤੇ ਤਹਿਸੀਲਦਾਰ ਦੀਆ ਸਰਕਾਰੀ ਮੀਟਿੰਗਾਂ ਹੋਣ ਕਾਰਨ ਕੰਮ ਕਰਵਾਉਣ ਆਉਣ ਵਾਲੇ ਲੋਕਾਂ ਨੂੰ ਭਰ ਠੰਡ ’ਚ ਖੱਜਲ-ਖੁਆਰ ਹੋਣਾ ਪੈ ਰਿਹਾ ਹੈ। ਹਾਲਾਂਕਿ ਨਾਇਬ ਤਹਿਸੀਲਦਾਰ ਦੇ ਜਾਣ ਤੋਂ ਬਾਅਦ ਇਸ ਤਹਿਸੀਲ ਵਿਚ ਤਹਿਸੀਲਦਾਰ ਗੁਰਲੀਨ ਕੌਰ ਨੂੰ ਪੱਕੇ ਤੌਰ 'ਤੇ ਚਾਰਜ ਦਿੱਤਾ ਹੋਣ ਕਰਕੇ ਵੀ ਲੋਕ ਖੱਜਲ-ਖੁਆਰ ਹੋ ਰਹੇ ਹਨ। ਪਰ ਪਿਛਲੇ ਇਕ ਹਫ਼ਤੇ ਤੋਂ ਤਹਿਸੀਲਦਾਰ ਸਰਕਾਰੀ ਮੀਟਿੰਗਾਂ ਆਦਿ ਤੇ ਹੋਣ ਕਾਰਨ ਤਹਿਸੀਲ ਕੰਪਲੈਕਸ ’ਚ ਇਕ ਦੋ ਵਾਰ ਹੀ ਆਉਣ ਅਤੇ ਤਹਿਸੀਲ ਦਫ਼ਤਰ ਦਾ ਕੰਮਕਾਰ ਠੱਪ ਪਿਆ ਹੈ। ਜਿਸ ਕਾਰਨ ਇਸ ਤਹਿਸੀਲ ਨਾਲ ਜੁੜੇ ਸਾਰੇ ਪਿੰਡਾਂ ਦੇ ਲੋਕਾਂ ਨੂੰ ਭਾਰੀ ਖੱਜਲ-ਖੁਆਰੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਰਜਿਸਟਰੀਆਂ, ਇੰਤਕਾਲ, ਇਕਰਾਰਨਾਮੇ, ਮੁਖ਼ਤਾਰ ਨਾਮੇ, ਵਿਆਹ ਸਰਟੀਫਿਕੇਟ, ਜਨਮ ਸਰਟੀਫਿਕੇਟ ਆਦਿ ਨਾਲ ਜੁੜੇ ਜ਼ਰੂਰੀ ਦਸਤਾਵੇਜ਼ ਤਿਆਰ ਕਰਵਾਉਣ ਲਈ ਕੜਾਕੇ ਦੀ ਠੰਡ ’ਚ ਰੋਜ਼ਾਨਾ ਤਹਿਸੀਲ ਕੰਪਲੈਕਸ ਆਏ ਲੋਕਾਂ ਨੂੰ ਦਿਨ ਭਰ ਦੀ ਉਡੀਕ ਤੋਂ ਬਾਅਦ ਤਹਿਸੀਲਦਾਰ ਦੇ ਨਾ ਆਉਣ ਕਾਰਨ ਨਿਰਾਸ਼ ਮੁੜਨਾ ਪੈਂਦਾ ਹੈ।
ਇਹ ਵੀ ਪੜ੍ਹੋ : ਪੰਜਾਬ ਕੈਬਨਿਟ 'ਚ ਅੱਜ ਹੋ ਸਕਦੈ ਵੱਡਾ ਫੇਰਬਦਲ, ਨਵੇਂ ਚਿਹਰਿਆਂ ਦੀ ਹੋਵੇਗੀ ਐਂਟਰੀ
ਗੌਰਤਲਬ ਹੈ ਕਿ ਪੰਜਾਬ ਸਰਕਾਰ ਦੇ ਜਿਨ੍ਹਾਂ ਮਹਿਕਮਿਆਂ ਤੋਂ ਆਮਦਨੀ ਇੱਕਠੀ ਕਰਕੇ ਪੰਜਾਬ ਸਰਕਾਰ ਦਾ ਖਾਲੀ ਖਜਾਨਾ ਭਰਨਾ ਹੁੰਦਾ ਹੈ। ਉਨ੍ਹਾਂ 'ਤੇ ਵੀ ਮੁਲਾਜਮਾਂ ਦੀ ਘਾਟ ਕਾਰਨ ਲੋਕ ਤਾਂ ਪ੍ਰੇਸਾਨ ਹੁੰਦੇ ਈ ਆ ਪਰ ਸਰਕਾਰ ਨੂੰ ਵੀ ਨੁਕਸਾਨ ਹੁੰਦਾ ਹੈ। ਇਸ ਦੇ ਨਾਲ ਹੀ ਸੁਵਿਧਾ ਕੇਂਦਰ ਦਾ ਕੰਮਕਾਰ ਵੀ ਪ੍ਰਭਾਵਿਤ ਹੋ ਰਿਹਾ ਹੈ ਕਿਉਂਕਿ ਹਲਫੀਆ ਬਿਆਨ ਤਸਦੀਕ ਕਰਵਾਉਣ ਲਈ ਲੋਕਾਂ ਨੂੰ ਭਾਰੀ ਖੱਜਲ ਖੁਆਰੀ ਦਾ ਸਾਹਮਣਾ ਕਰਨਾ ਪੈਂਦਾ ਹੈ। ਕਈ ਲੋਕਾਂ ਵੱਲੋਂ ਕੀਤੇ ਇਕਰਾਰਨਾਮੇ ਮਿਆਦ ਲੰਘਣ ਕਾਰਨ ਰੱਦ ਹੋਣ ਕਿਨਾਰੇ ਹਨ ਜਿਸ ਕਾਰਨ ਉਨ੍ਹਾਂ ਲੋਕਾਂ ਨੂੰ ਮਾਨਸਿਕ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਾਮਰੇਡ ਚਰਨ ਸਿੰਘ ਹੈਬਤਪੁਰ ਅਤੇ ਸਰਬਣ ਸਿੰਘ ਕਰਮਜੀਤ ਪੁਰ ਨੇ ਪੰਜਾਬ ਸਰਕਾਰ ਕੋਲੋਂ ਮੰਗ ਕੀਤੀ ਹੈ।ਲੋਕਾਂ ਦੀ ਖੱਜਲ ਖੁਆਰੀ ਨੂੰ ਰੋਕਣ ਲਈ ਤਹਿਸੀਲ ਸੁਲਤਾਨਪੁਰ ਲੋਧੀ ਤਹਿਸੀਲਦਾਰ ਦੇ ਨਾਲ ਨਾਲ ਨਾਇਬ ਤਹਿਸੀਲਦਾਰ ਦੀ ਨਿਯੁਕਤੀ ਜਲਦ ਕੀਤੀ ਜਾਵੇ।
ਜਲਦ ਹੋਵੇਗੀ ਨਾਇਬ ਤਹਿਸੀਲਦਾਰ ਦੀ ਨਿਯੁਕਤੀ
ਐਸ.ਡੀ.ਐਮ ਚੰਦਰਾ ਜੋਤੀ ਸਿੰਘ ਨੇ ਕਿਹਾ ਕਿ ਸੁਲਤਾਨਪੁਰ ਲੋਧੀ ਦੀ ਤਹਿਸੀਲ ਵਿਚ ਤਹਿਸੀਲਦਾਰ ਗੁਰਲੀਨ ਕੌਰ ਪੱਕੇ ਤੌਰ ਤੇ ਡਿਊਟੀ ਕਰਦੇ ਹਨ ਪਰ ਉਹਨਾਂ ਨੂੰ ਕਈ ਵਾਰ ਹਾਈਕੋਰਟ ਜਾ ਕਿਤੇ ਹੋਰ ਡਿਊਟੀ ਜਾਣਾਂ ਪੈਂਦਾ ਹੈ ਜਿਸ ਕਾਰਨ ਥੋਡ਼ੀ ਜਿਹੀ ਕੰਮ ਕਾਜ ਵਿਚ ਦਿੱਕਤ ਆਉਂਦੀ ਹੈ । ਉਹਨਾਂ ਤਹਿਸੀਲ ਵਿਖੇ ਨਾਇਬ ਤਹਿਸੀਲਦਾਰ ਦੀ ਪੱਕੀ ਨਿਯੁਕਤੀ ਦੇ ਸਵਾਲ ’ਚ ਕਿਹਾ ਕਿ ਇਸ ਨਿਯੁਕਤੀ ਸਬੰਧੀ ਸਰਕਾਰ ਨੂੰ ਲਿਖ ਕੇ ਭੇਜਿਆ ਜਾਵੇਗਾ ਅਤੇ ਜਲਦ ਹੀ ਨਾਇਬ ਤਹਿਸੀਲਦਾਰ ਦੀ ਨਿਯੁਕਤੀ ਹੋ ਜਾਵੇਗੀ ਤਾਂ ਜੋ ਲੋਕਾਂ ਦੇ ਕੰਮ ਕਾਜ ਆਸਾਨੀ ਨਾਲ ਹੋ ਸਕਣ।
ਇਹ ਵੀ ਪੜ੍ਹੋ : ਅਹਿਮ ਖ਼ਬਰ: 17 ਜਨਵਰੀ ਨੂੰ ਜਲੰਧਰ ਤੋਂ ਨਿਕਲੇਗੀ 'ਭਾਰਤ ਜੋੜੋ ਯਾਤਰਾ', ਇਹ ਰਸਤੇ ਰਹਿਣਗੇ ਬੰਦ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ
