ਲੋਕਾਂ ਦੀਆਂ ਉਮੀਦਾਂ ਦਾ ਆਹਲੀ ਬੰਨ੍ਹ ਵੀ ਟੁੱਟਿਆ! ਹਜ਼ਾਰਾਂ ਏਕੜ ਝੋਨੇ ਦੀ ਫਸਲ ਡੁੱਬੀ
Tuesday, Aug 26, 2025 - 07:09 PM (IST)

ਸੁਲਤਾਨਪੁਰ ਲੋਧੀ (ਧੀਰ) : ਆਖਰ ਕੁਦਰਤ ਦੀ ਕਰੋਪੀ ਦੇ ਅੱਗੇ ਆਦਮੀ ਹਾਰ ਗਿਆ। ਦਰਿਆ ਬਿਆਸ ਵਿੱਚ ਲਗਾਤਾਰ ਵੱਧ ਰਹੇ ਪਾਣੀ ਦੇ ਪੱਧਰ ਤੇ ਮੰਡ ਖੇਤਰ ਵਿੱਚ ਆਏ ਹੜ੍ਹ ਤੋਂ ਬਾਅਦ ਅੱਜ ਆਹਲੀ ਬੰਨ੍ਹ ਟੁੱਟਣ ਦੇ ਨਾਲ ਵੀ ਕਿਸਾਨਾਂ ਦੀਆਂ ਉਮੀਦਾਂ 'ਤੇ ਪਾਣੀ ਫਿਰ ਗਿਆ। 20-25 ਦਿਨਾਂ ਤੋਂ ਆਹਲੀ ਬੰਨ੍ਹ ਨੂੰ ਮਜ਼ਬੂਤ ਕਰਨ ਅਤੇ ਪਾਣੀ ਦੀ ਢਾਅ ਤੋਂ ਬਚਾਉਣ ਲਈ ਸੰਗਤ ਅਤੇ ਸੰਤਾਂ ਮਹਾਂਪੁਰਸ਼ਾਂ ਵੱਲੋਂ ਕੀਤੀ ਮਿਹਨਤ ਫੇਲ੍ਹ ਹੋ ਗਈ ਜਦੋਂ ਬੰਨ੍ਹ ਟੁੱਟਣ ਕਾਰਨ ਕਿਸਾਨ ਆਪਣੀਆਂ ਅੱਖਾਂ ਦੇ ਸਾਹਮਣੇ ਹੋ ਰਹੀ ਇਹ ਬਰਬਾਦੀ ਵੇਖ ਕੇ ਭੁੱਬਾ ਮਾਰ ਕੇ ਰੋਣ ਲੱਗ ਪਏ ਅਤੇ ਉੱਚੀ ਉੱਚੀ ਆਵਾਜ਼ਾਂ ਵਿੱਚ ਚਿਲਾਉਣ ਲੱਗੇ ਹਾਏ ਓਏ ਰੱਬਾ, ਇਹ ਤੂੰ ਕੀ ਕੀਤਾ, ਸਾਰਾ ਕੁਝ ਬਰਬਾਦ ਹੋ ਗਿਆ।
ਬੀਤੇ 48 ਘੰਟਿਆਂ ਤੋਂ ਵੀ ਲਗਾਤਾਰ ਪੈ ਰਹੀ ਬਾਰਿਸ਼ ਤੇ ਹਿਮਾਚਲ ਪ੍ਰਦੇਸ਼ ਵਿੱਚ ਫਟ ਰਹੇ ਬੱਦਲ ਤੋਂ ਪੌਂਗ ਡੈਮ ਤੋਂ ਵੱਡੀ ਮਾਤਰਾ ਵਿੱਚ ਛੱਡੇ ਗਏ ਪਾਣੀ ਨੇ ਦਰਿਆ ਬਿਆਸ ਵਿੱਚ ਆਪਣਾ ਪੂਰਾ ਤਾਂਡਵ ਵਿਖਾਇਆ ਅਤੇ ਹੁਣ ਪਾਣੀ ਦਾ ਪੱਧਰ 1988 ਵਿੱਚ ਆਏ ਸਭ ਤੋਂ ਭਿਆਨਕ ਹੜ੍ਹ ਦੇ ਨਾਲ ਪਹੁੰਚਣ ਤੇ ਵੱਡੀ ਗਿਣਤੀ ਵਿੱਚ ਹੋਰ ਹੀ ਬਰਬਾਦੀ ਦੀ ਕਹਾਣੀ ਲਿਖ ਰਿਹਾ ਹੈ। ਜ਼ਿਕਰਯੋਗ ਹੈ ਕਿ ਬੀਤੇ 20 ਦਿਨਾਂ ਤੋਂ ਦਰਿਆ ਬਿਆਸ ਵਿੱਚ ਪਾਣੀ ਦਾ ਪੱਧਰ ਵਧਣ ਕਾਰਨ ਮੰਡ ਬਾਊਪੁਰ ਜਦੀਦ, ਮਹੀਵਾਲ ,ਭੈਣੀ ਕਾਦਰ ਆਦਿ ਕਈ ਪਿੰਡਾਂ ਵਿੱਚ ਆਰਜੀ ਬੰਨ੍ਹ ਟੁੱਟਣ ਕਾਰਨ ਮੰਡ ਖੇਤਰ ਦੇ 16 ਪਿੰਡਾਂ ਵਿੱਚ ਹੜ੍ਹ ਨੇ ਪਹਿਲਾਂ ਹੀ ਕਹਿਰ ਮਚਾਇਆ ਹੋਇਆ ਸੀ ਜਿਸ ਕਾਰਨ ਹੁਣ ਸਿਰਫ ਆਹਲੀ ਵਾਲਾ ਬੰਨ੍ਹ ਹੀ ਹਲਕੇ ਦੇ ਲੋਕਾਂ ਦੀਆਂ ਉਮੀਦਾਂ 'ਤੇ ਟਿਕਿਆ ਸੀ ਜਿਸ ਉੱਪਰ ਕਿਸਾਨਾਂ ਸੰਪਰਦਾਇ ਕਾਰ ਸੇਵਾ ਸਰਹਾਲੀ ਸਾਹਿਬ ਸੰਤ ਮਹਾਂਪੁਰਸ਼ ਬਾਬਾ ਸੁੱਖਾ ਸਿੰਘ ਦੀ ਸੰਗਤ, ਸੰਤ ਬਾਬਾ ਬਲਬੀਰ ਸਿੰਘ ਸੀਚੇਵਾਲ ,ਬਿਧੀ ਚੰਦ ਸੰਪਰਦਾਇ ਸੰਤ ਬਾਬਾ ਅਵਤਾਰ ਸਿੰਘ ਤੇ ਹੋਰ ਬਹੁਤ ਵੱਡੀ ਗਿਣਤੀ ਵਿੱਚ ਪਿੰਡ ਆਹਲੀ ਕਲਾਂ, ਆਹਲੀ ਖੁਰਦ, ਸ਼ੇਖ ਮਾਂਗਾ ,ਸਰੂਪਵਾਲ ਤੋਂ ਇਲਾਵਾ ਹੋਰ ਵੀ ਕਈ ਪਿੰਡਾਂ ਦੀ ਸੰਗਤ ਨੇ ਦਿਨ ਰਾਤ ਸੇਵਾ ਕਰਕੇ ਮਿੱਟੀ ਦੇ ਭਰੇ ਬੋਰਿਆ ਦੇ ਕ੍ਰੀਏਟ ਬੰਨ੍ਹ ਉੱਪਰ ਮਿੱਟੀ ਪਾ ਕੇ ਮਜਬੂਤ ਕੀਤਾ ਪ੍ਰੰਤੂ ਅਖੀਰ ਦੋ ਦਿਨਾਂ ਤੋਂ ਪੈ ਰਹੇ ਲਗਾਤਾਰ ਮੀਂਹ ਤੇ ਰਾਵੀ ਤੇ ਬਿਆਸ ਵਿੱਚ ਛੱਡੇ ਪਾਣੀ ਦੇ ਤੇਜ਼ ਵਹਾਅ ਨੇ ਆਹਲੀ ਬੰਨ੍ਹ ਨੂੰ ਵੀ ਆਪਣੀ ਲਪੇਟ ਵਿੱਚ ਲੈ ਲਿਆ ਜਿਸ ਨਾਲ ਹੁਣ 25-30 ਹੋਰ ਪਿੰਡਾਂ ਵਿੱਚ ਕਰੀਬ 6 ਤੋਂ 7 ਹਜ਼ਾਰ ਏਕੜ ਝੋਨੇ ਦੀ ਫਸਲ ਵੀ ਲਪੇਟ ਵਿੱਚ ਆਉਣ ਦੀ ਸੰਭਾਵਨਾ ਹੈ। ਅਡਵਾਂਸ ਬੰਨ੍ਹ ਟੁੱਟਣ ਤੋਂ ਬਾਅਦ ਪਾਣੀ ਹੁਣ ਧੁੱਸੀ ਬੰਨ੍ਹ ਨਾਲ ਜਾ ਲੱਗਿਆ ਹੈ ਜਿਸ ਕਾਰਨ ਹੁਣ ਧੁੱਸੀਂ ਬੰਨ੍ਹ ਨੂੰ ਵੀ ਖਤਰਾ ਪੈਦਾ ਹੋ ਗਿਆ। ਲੋਕਾਂ ਦਾ ਕਹਿਣਾ ਹੈ ਕਿ ਜੇ ਪਰਮਾਤਮਾ ਨਾ ਕਰੇ ਧੁੱਸੀਂ ਬੰਨ੍ਹ ਨੂੰ ਕੁਝ ਹੋ ਗਿਆ ਤਾਂ ਵੱਡੇ ਪੱਧਰ ਤੇ ਹਲਕੇ ਦੀ ਬਰਬਾਦੀ ਹੋ ਜਾਵੇਗੀ ਜਿਸ ਤੋਂ ਸੰਭਲ ਪਾਉਣਾ ਬਹੁਤ ਮੁਸ਼ਕਿਲ ਹੋ ਜਾਵੇਗਾ।
ਸਾਡੀ ਮਿਹਨਤ ਵਿਅਰਥ ਗਈ : ਕਿਸਾਨ ਆਗੂ
ਕਿਸਾਨ ਆਗੂ ਸਰਪੰਚ ਸ਼ਮਿੰਦਰ ਸਿੰਘ ਸੰਧੂ, ਕਿਸਾਨ ਆਗੂ ਰਸ਼ਪਾਲ ਸਿੰਘ ਸੰਧੂ ਨੇ ਆਹਲੀ ਬੰਨ੍ਹ ਟੁੱਟਣ ਤੇ ਬੇਹਦ ਭਾਵਕ ਹੁੰਦੇ ਕਿਹਾ ਕਿ ਅਖੀਰ ਸਾਡੀਆਂ ਆਸਾਂ ਉਮੀਦਾਂ 'ਤੇ ਪਾਣੀ ਫਿਰ ਗਿਆ। ਬੰਨ੍ਹ ਨੂੰ ਬਚਾਉਣ ਲਈ ਦਿਨ ਰਾਤ ਕੀਤੀ ਮਿਹਨਤ ਸਾਡੀ ਵਿਅਰਥ ਗਈ ਹੈ। ਉਨ੍ਹਾਂ ਕਿਹਾ ਕਿ ਸੰਗਤਾਂ ਨੇ ਬੰਨ੍ਹ ਨੂੰ ਬਚਾਉਣ ਲਈ ਕੋਈ ਕਸਰ ਨਹੀਂ ਛੱਡੀ ਸੀ। ਬੀਤੇ ਕਈ ਦਿਨਾਂ ਤੋਂ ਬੰਨ੍ਹ ਦੀ ਮਜ਼ਬੂਤੀ ਲਈ ਜਿਥੇ ਲਗਾਤਾਰ ਇਲਾਕਾ ਨਿਵਾਸੀ ਦਿਨ ਰਾਤ ਬੰਨ੍ਹ ਨੂੰ ਬਚਾਉਣ ਲਈ ਜੁਟੇ ਹੋਏ ਸਨ, ਉਥੇ ਪ੍ਰਸ਼ਾਸਨ ਨੇ ਕਿਸਾਨਾਂ ਦੀ ਕੋਈ ਸਾਰ ਨਹੀਂ ਲਈ। ਇਹ ਸਰਕਾਰ ਅਤੇ ਪ੍ਰਸ਼ਾਸਨ ਦੀ ਵੱਡੀ ਨਲਾਇਕੀ ਹੈ ਕਿ ਜਿਨ੍ਹਾਂ ਵੱਲੋਂ ਦਰਿਆ ਬਿਆਸ ਕਿਨਾਰੇ ਵਸਦੇ ਕਿਸਾਨਾਂ ਨੂੰ ਰੱਬ ਆਸਰੇ ਛੱਡਿਆ। ਸਰਕਾਰ ਤੇ ਪ੍ਰਸ਼ਾਸਨ ਨੇ ਇਸ ਸਬੰਧੀ ਕੋਈ ਪੁਖਤਾ ਪ੍ਰਬੰਧ ਨਾ ਕੀਤੇ ਜਿਸਦਾ ਨਤੀਜਾ ਅੱਜ ਸਭ ਦੇ ਸਾਹਮਣੇ ਹੈ। ਉਨ੍ਹਾਂ ਕਿਹਾ ਕਿ 2023 ਵਿੱਚ ਆਏ ਹੜ੍ਹ ਉਪਰੰਤ ਹਲਕੇ ਦੇ ਕਿਸਾਨ ਪੂਰੀ ਤਰ੍ਹਾਂ ਉਭਰ ਨਹੀਂ ਪਾਏ ਸਨ ਕਿ ਹੁਣ 2025 ਵਿੱਚ ਭਾਰੀ ਤਬਾਹੀ ਨੇ ਉਨ੍ਹਾਂ ਦਾ ਲੱਕ ਤੋੜ ਦਿੱਤਾ ਹੈ, ਹੁਣ ਮਜਬੂਰ ਹੋਏ ਕਿਸਾਨ ਕੀ ਕਰਨ। ਉਨ੍ਹਾਂ ਕਿਹਾ ਕਿ ਹੁਣ ਤਾਂ ਕਿਸਾਨਾਂ ਨੂੰ ਸਰਕਾਰ ਦਾ ਹੀ ਸਿਰਫ ਆਸਰਾ ਵਿਖਾਈ ਦੇ ਰਿਹਾ ਹੈ ਕਿ ਸਰਕਾਰ ਗਿਰਦਾਵਰੀ ਕਰਵਾ ਕੇ ਜਲਦ ਤੋਂ ਜਲਦ ਮੁਆਵਜ਼ਾ ਦੇਣ ਦਾ ਐਲਾਨ ਕਰੇ।
ਬਾਰਿਸ਼ ਕਾਰਨ ਆਟਾ ਚੱਕੀ ਦੀ ਛੱਤ ਡਿੱਗੀ
48 ਘੰਟਿਆਂ ਤੋਂ ਵੀ ਲਗਾਤਾਰ ਪੈ ਰਹੀ ਬਾਰਿਸ਼ ਕਾਰਨ ਅੱਜ ਪਿੰਡ ਕਬੀਰਪੁਰ ਵਿਖੇ ਇਕ ਆਰਾ ਤੇ ਆਟਾ ਚੱਕੀ ਦੀ ਛੱਤ ਅਚਾਨਕ ਡਿੱਗ ਪਈ ਜਿਸ ਵਿੱਚ ਬੈਠੇ ਮਾਂ ਪੁੱਤਰ ਦੋਵੇਂ ਮਲਬੇ ਵਿੱਚ ਦੱਬ ਗਏ। ਰੌਲਾ ਪਾਉਣ ਤੇ ਪਿੰਡ ਵਾਸੀ ਤੁਰੰਤ ਇਕੱਠੇ ਹੋ ਗਏ ਅਤੇ ਉਨ੍ਹਾਂ ਨੇ ਬਹੁਤ ਮੁਸ਼ਕਿਲ ਨਾਲ ਮਲਬੇ ਵਿੱਚ ਦੱਬੇ ਹਰਮੇਲ ਸਿੰਘ ਪੁੱਤਰ ਜਗਦੇਵ ਸਿੰਘ ਅਤੇ ਬਜ਼ੁਰਗ ਮਾਤਾ ਪ੍ਰਕਾਸ਼ ਕੌਰ ਨੂੰ ਜਿੰਦਾ ਬਾਹਰ ਕੱਢਿਆ ਜਿਨ੍ਹਾਂ ਦੇ ਸਰੀਰ ਤੇ ਕਾਫੀ ਸੱਟਾਂ ਲੱਗੀਆਂ ਹੋਈਆਂ ਸਨ। ਜ਼ਖਮੀ ਹੋਏ ਦੋਵੇਂ ਮਾਂ ਪੁੱਤਰ ਨੂੰ ਤੁਰੰਤ ਐਮਬੂਲੈਂਸ ਬੁਲਾ ਕੇ ਸਿਵਿਲ ਹਸਪਤਾਲ ਵਿੱਚ ਜ਼ੇਰੇ ਇਲਾਜ ਭੇਜ ਦਿੱਤਾ ਹੈ। ਦੱਸਿਆ ਜਾਂਦਾ ਹੈ ਕਿ ਆਰਾ ਤੇ ਆਟਾ ਚੱਕੀ ਦੀ ਇੱਕ ਛੱਤ ਕੱਚੀ ਸੀ ਅਤੇ ਕਾਹਨਿਆਂ ਨਾਲ ਬਣੀ ਹੋਈ ਸੀ। ਬੀਤੇ 48 ਘੰਟੇ ਤੋਂ ਵੀ ਜ਼ਿਆਦਾ ਸਮੇਂ ਤੋਂ ਪੈ ਰਹੀ ਬਾਰਿਸ਼ ਕਾਰਨ ਮਿੱਟੀ ਦੱਬ ਗਈ ਤੇ ਛੱਤ ਟੁੱਟ ਗਈ। ਜ਼ਖਮੀ ਮਾਂ ਪੁੱਤਰ ਦੋਵੇਂ ਬਹੁਤ ਗਰੀਬ ਪਰਿਵਾਰ ਨਾਲ ਸਬੰਧ ਰੱਖਦੇ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e