ਤੇਜਸ, ਉਦੇ ਤੇ ਹਮਸਫਰ ਵਰਗੀਆਂ ਪ੍ਰੀਮੀਅਮ ਟਰੇਨਾਂ ਦੀ ਗਿਣਤੀ ਵਧਾਏਗਾ ਰੇਲਵੇ

06/24/2018 2:27:06 PM

ਜਲੰਧਰ (ਗੁਲਸ਼ਨ)— ਰੇਲਵੇ ਵਿਭਾਗ ਤੇਜਸ, ਉਦੇ ਅਤੇ ਹਮਸਫਰ ਵਰਗੀਆਂ ਪ੍ਰੀਮੀਅਮ ਟਰੇਨਾਂ ਚਲਾ ਕੇ ਆਪਣੀ ਕਮਾਈ ਵਧਾਉਣ ਦੀ ਤਿਆਰੀ ਕਰ ਰਿਹਾ ਹੈ। ਇਸ ਦੇ ਨਾਲ ਹੀ ਆਮ ਮੁਸਾਫਿਰਾਂ ਲਈ ਅੰਤੋਦਿਆ ਐਕਸਪ੍ਰੈੱਸ ਟਰੇਨਾਂ ਦੀ ਗਿਣਤੀ ਵੀ ਵਧਾਈ ਜਾਵੇਗੀ। ਰੇਲਵੇ ਦੇ ਸੂਤਰਾਂ ਮੁਤਾਬਕ ਇਸ ਵਿੱਤੀ ਸਾਲ 'ਚ 40 ਨਵੀਆਂ ਪ੍ਰੀਮੀਅਮ ਟਰੇਨਾਂ ਚਲਾਏ ਜਾਣ ਦੀ ਯੋਜਨਾ ਹੈ। ਦੱਸਣਯੋਗ ਹੈ ਕਿ ਰੇਲਵੇ ਵਿਭਾਗ ਨੇ ਰੇਲ ਮੁਸਾਫਿਰਾਂ ਦੀ ਸਹੂਲਤ ਲਈ ਪ੍ਰੀਮੀਅਮ ਟਰੇਨਾਂ ਚਲਾਈਆਂ ਸਨ। ਇਨ੍ਹਾਂ ਟਰੇਨਾਂ ਦੇ ਚਲਾਏ ਜਾਣ ਨਾਲ ਰੇਲਵੇ ਦੀ ਆਮਦਨ ਵੀ ਵਧੀ ਅਤੇ ਮੁਸਾਫਿਰਾਂ ਨੂੰ ਹੋਰ ਸਹੂਲਤਾਂ ਮਿਲੀਆਂ। ਆਮ ਟਰੇਨਾਂ ਦੇ ਮੁਕਾਬਲੇ ਪ੍ਰੀਮੀਅਮ ਟਰੇਨਾਂ ਦਾ ਕਿਰਾਇਆ 10 ਤੋਂ 15 ਫੀਸਦੀ ਵੱਧ ਹੋਣ ਦੇ ਬਾਵਜੂਦ ਮੁਸਾਫਿਰਾਂ ਨੇ ਇਨ੍ਹਾਂ ਟਰੇਨਾਂ ਨੂੰ ਪਹਿਲ ਦਿੱਤੀ ਕਿਉਂਕਿ ਉਨ੍ਹਾਂ ਨੂੰ ਬਦਲੇ 'ਚ ਕਨਫਰਮ ਸੀਟ ਮਿਲ ਜਾਂਦੀ ਹੈ। 
ਹੁਣ ਰੇਲਵੇ ਵੱਲੋਂ ਭਵਿੱਖ 'ਚ ਤੇਜਸ, ਉਦੇ, ਹਮਸਫਰ ਅਤੇ ਅੰਤੋਦਿਆ ਐਕਸਪ੍ਰੈੱਸ ਟਰੇਨਾਂ ਚਲਾਉਣ 'ਚ ਦਿਲਚਸਪੀ ਦਿਖਾਈ ਜਾ ਰਹੀ ਹੈ। ਇਨ੍ਹਾਂ ਟਰੇਨਾਂ ਦੇ ਚੱਲਣ ਨਾਲ ਜਿੱਥੇ ਮੁਸਾਫਿਰਾਂ ਨੂੰ ਸਹੂਲਤਾਂ ਮਿਲਣਗੀਆਂ, ਉਥੇ ਰੇਲਵੇ ਦੇ ਮਾਲੀਏ ਵਿਚ ਵੀ ਵਾਧਾ ਹੋਵੇਗਾ। ਰੇਲਵੇ ਨੇ ਪਿਛਲੇ ਸਾਲ 24 ਹਮਸਫਰ, ਤੇਜਸ, ਉਦੇ ਅਤੇ ਅੰਤੋਦਿਆ ਟਰੇਨਾਂ ਚਲਾਈਆਂ ਸਨ। ਰੇਲਵੇ ਵਿਚ ਸ਼ਤਾਬਦੀ, ਰਾਜਧਾਨੀ, ਦੁਰੰਤੋ ਵਰਗੀਆਂ ਟਰੇਨਾਂ 'ਚ ਫਲੈਕਸੀ ਕਿਰਾਇਆ ਪ੍ਰਣਾਲੀ ਲਾਗੂ ਹੈ। ਇਸੇ ਤਰ੍ਹਾਂ ਪ੍ਰੀਮੀਅਮ ਟਰੇਨਾਂ 'ਚ ਵੀ ਇਹ ਪ੍ਰਣਾਲੀ ਲਾਗੂ ਹੋਵੇਗੀ। 
ਦੂਜੇ ਪਾਸੇ ਰੇਲਵੇ ਨੇ ਥਰਡ ਏ. ਸੀ. ਕੋਚਾਂ ਦੀ ਉਤਪਾਦਨ ਗਿਣਤੀ ਨੂੰ ਵਧਾਉਣ ਦਾ ਫੈਸਲਾ ਕੀਤਾ ਹੈ ਕਿਉਂਕਿ ਰੇਲਵੇ ਨੂੰ ਸੈਕਿੰਡ ਏ. ਸੀ. ਦੇ ਮੁਕਾਬਲੇ ਥਰਡ ਏ. ਸੀ. ਤੋਂ ਵੱਧ ਮੁਨਾਫਾ ਹੋ ਰਿਹਾ ਹੈ। ਆਮ ਲੋਕ ਜਿਹੜੇ ਏ. ਸੀ. ਕੋਚ ਵਿਚ ਸਫਰ ਕਰਨਾ ਪਸੰਦ ਕਰਦੇ ਹਨ, ਉਹ ਥਰਡ ਏ. ਸੀ. ਵਿਚ ਰਿਜ਼ਰਵੇਸ਼ਨ ਨੂੰ ਪਹਿਲ ਦਿੰਦੇ ਹਨ, ਇਸ ਲਈ ਹੁਣ ਰੇਲਵੇ ਵਲੋਂ ਟਰੇਨਾਂ ਵਿਚ ਥਰਡ ਏ. ਸੀ. ਕੋਚਾਂ ਦੀ ਗਿਣਤੀ ਵਧਾਈ ਜਾ ਰਹੀ ਹੈ। ਕੁਲ ਮਿਲਾ ਕੇ ਰੇਲਵੇ ਵਲੋਂ ਵੱਖ-ਵੱਖ ਤਰੀਕੇ ਅਪਣਾ ਕੇ ਆਪਣੀ ਆਮਦਨ ਵਧਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।


Related News