ਛੁੱਟੀ ਕੱਟ ਕੇ ਪਰਤ ਰਹੇ CRPF ਜਵਾਨਾਂ ਲਈ ਕੁਆਰਨਟੀਨ ਸੈਂਟਰ ਘੋਸ਼ਿਤ

05/21/2020 9:20:52 PM

ਕਪੂਰਥਲਾ, (ਮਹਾਜਨ)— ਕੋਵਿਡ-19 ਦੀ ਰੋਕਥਾਮ ਕਰਨ ਬਾਬਤ ਪੰਜਾਬ ਸਰਕਾਰ ਵੱਲੋਂ ਜਾਰੀ ਪ੍ਰੋਟੋਕੋਲ ਅਨੁਸਾਰ ਸੀ. ਆਰ. ਪੀ. ਐੱਫ ਦੇ ਛੁੱਟੀ ਕੱਟ ਕੇ ਵਾਪਸ ਆ ਰਹੇ ਕਰੀਬ 70 ਜਵਾਨਾਂ ਨੂੰ 14 ਦਿਨਾਂ ਲਈ ਕੁਆਰਨਟੀਨ ਕਰਨ ਲਈ ਸੁਪਰਡੈਂਟ ਕੇਂਦਰੀ ਜੇਲ੍ਹ ਕਪੂਰਥਲਾ ਵੱਲੋਂ ਸ਼ਨਾਖ਼ਤ ਕੀਤੇ ਗਏ ਤਿੰਨ ਸਥਾਨਾਂ ਨੂੰ ਕੁਆਰਨਟੀਨ ਸੈਂਟਰ ਘੋਸ਼ਿਤ ਕੀਤਾ ਹੈ, ਜਿਨਾਂ 'ਚ ਸੀ. ਪਾਈਟ ਸੈਂਟਰ (ਥੇਹ ਕਾਂਜਲਾ, ਕਪੂਰਥਲਾ), ਸ੍ਰੀ ਗੁਰੂ ਰਾਮਦਾਸ ਆਈ. ਟੀ. ਆਈ (ਭੀਲਾ ਮੋੜ, ਸੁਭਾਨਪੁਰ ਰੋਡ, ਕਪੂਰਥਲਾ) ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਕਾਂਜਲੀ (ਸੁਭਾਨਪੁਰ ਰੋਡ, ਕਪੂਰਥਲਾ) ਸ਼ਾਮਲ ਹਨ। ਕੇਂਦਰੀ ਜੇਲ੍ਹ ਕਪੂਰਥਲਾ ਵਿਖੇ ਸੀ. ਆਰ. ਪੀ. ਐੱਫ ਦੀ 245 ਬਟਾਲੀਅਨ ਦੀ ਬੀ ਕੰਪਨੀ ਦੇ ਜਵਾਨ ਸੁਰੱਖਿਆ ਡਿਊਟੀ ਲਈ ਤਾਇਨਾਤ ਹਨ। ਇਸ ਕੰਪਨੀ ਦੇ ਕਰੀਬ 70 ਜਵਾਨ ਆਪਣੇ-ਆਪਣੇ ਘਰਾਂ ਤੋਂ ਛੁੱਟੀ ਕੱਟ ਕੇ ਵਾਪਸ ਕੇਂਦਰੀ ਜੇਲ੍ਹ, ਕਪੂਰਥਲਾ ਵਿਖੇ ਪਹੁੰਚ ਰਹੇ ਹਨ।
ਉੱਥੇ ਹੀ ਵੀਰਵਾਰ ਨੂੰ ਜ਼ਿਲ੍ਹੇ 'ਚ ਸਿਹਤ ਵਿਭਾਗ ਦੀਆਂ ਵੱਖ-ਵੱਖ ਟੀਮਾਂ ਵੱਲੋਂ ਕੁੱਲ 62 ਸੈਂਪਲ ਲਏ ਗਏ। ਜਿਸ 'ਚ ਕਪੂਰਥਲਾ ਦੇ 5, ਸੁਲਤਾਨਪੁਰ ਲੋਧੀ ਦੇ 10, ਕਾਲਾ ਸੰਘਿਆ ਦੇ 13, ਭੁਲੱਥ ਦੇ 21, ਫੱਤੂਢੀਂਗਾ ਦੇ 4 ਤੇ ਫਗਵਾੜਾ ਦੇ 9 ਸੈਂਪਲ ਸ਼ਾਮਲ ਹਨ। ਬੁੱਧਵਾਰ ਸ਼ਾਮ ਤਕ 129 ਸੈਂਪਲਾਂ ਦੀ ਰਿਪੋਰਟ ਪੈਂਡਿੰਗ ਪਈ ਸੀ, ਜਿਸ 'ਚ ਵੀਰਵਾਰ ਨੂੰ 63 ਸੈਂਪਲਾਂ ਦੀ ਰਿਪੋਰਟ ਨੈਗੇਟਿਵ ਆਉਣ ਤੋਂ ਬਾਅਦ 66 ਸੈਂਪਲ ਪੈਂਡਿੰਗ ਚੱਲ ਰਹੇ ਹਨ ਤੇ ਨਵੇਂ 62 ਸੈਂਪਲਾਂ ਨੂੰ ਮਿਲ ਕੇ ਹੁਣ ਕੁੱਲ 128 ਸੈਂਪਲ ਪੈਂਡਿੰਗ ਪਏ ਹਨ।
ਉੱਧਰ ਬੀਤੇ ਦਿਨ ਮਹਾਰਾਸ਼ਟਰ ਤੋਂ ਪਰਤੇ ਭੁਲੱਥ ਸਬ ਡਵੀਜਨ ਦੇ ਮਨਸੂਰਵਾਲ ਬੇਟ ਦਾ ਰਹਿਣ ਵਾਲਾ 24 ਸਾਲਾ ਨੌਜਵਾਨ ਕੋਰੋਨਾ ਪੋਜ਼ੇਟਿਵ ਪਾਏ ਜਾਣ ਤੋਂ ਬਾਅਦ ਕੁੱਲ ਕੋਰੋਨਾ ਪੋਜ਼ੇਟਿਵ ਮਰੀਜ਼ਾਂ ਦੀ ਗਿਣਤੀ 35 ਤੱਕ ਪਹੁੰਚ ਚੁੱਕੀ ਹੈ, ਜਿਸ 'ਚ 6 ਮਰੀਜ਼ ਸਰਕੁਲਰ ਰੋਡ 'ਤੇ ਬਣੇ ਆਈਸੋਲੇਸ਼ਨ ਸੈਂਟਰ 'ਚ ਆਪਣਾ ਇਲਾਜ ਕਰਵਾ ਰਹੇ ਹਨ। ਜਦਕਿ 26 ਮਰੀਜ਼ ਠੀਕ ਹੋ ਕੇ ਘਰ ਚਲੇ ਗਏ ਹਨ, ਜਦਕਿ ਤਿੰਨ ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ।

ਵਿਦੇਸ਼ਾਂ ਤੇ ਹੋਰ ਸੂਬਿਆਂ 'ਚ ਆਉਣ ਵਾਲੇ ਲੋਕਾਂ ਦੀ ਕੀਤੀ ਜਾਂਦੀ ਹੈ ਸਕਰੀਨਿੰਗ : ਡਾ. ਬਾਵਾ
ਸਿਵਲ ਸਰਜਨ ਡਾ. ਜਸਮੀਤ ਕੌਰ ਬਾਵਾ ਨੇ ਦੱਸਿਆ ਕਿ 59 ਦਿਨਾਂ 'ਚ ਕੋਰੋਨਾ ਦੇ ਸ਼ੱਕੀ ਮਰੀਜ਼ਾਂ ਦੇ 1697 ਸੈਪਲ ਲਏ ਗਏ ਹਨ, ਜਿਨ੍ਹਾਂ 'ਚ 1500 ਦੀ ਰਿਪੋਰਟ ਨੈਗੇਟਿਵ ਆਈ ਹੈ। ਉਨ੍ਹਾਂ ਕਿਹਾ ਕਿ ਹੋਰ ਰਾਜਾਂ ਤੇ ਵਿਦੇਸ਼ ਤੋਂ ਆਉਣ ਵਾਲੇ ਲਾਂ ਨੂੰ ਘਰ ਜਾਣ ਤੋਂ ਪਹਿਲਾਂ ਪ੍ਰਸ਼ਾਸਨ ਵੱਲੋਂ ਬਣਾਏ ਗਏ ਕੁਆਰਨਟਾਈਨ ਸੈਂਟਰ 'ਚ 21 ਦਿਨ ਦੇ ਲਈ ਨੈਗੇਟਿਵ ਆਉਣ 'ਤੇ ਉਨ੍ਹਾਂ ਨੂੰ ਛੁੱਟੀ ਦੇ ਦਿੱਤੀ ਜਾਂਦੀ ਹੈ ਤੇ ਹੋਰ ਰਾਜਾਂ ਤੇ ਵਿਦੇਸ਼ ਤੋਂ ਆਉਣ ਵਾਲੇ ਲੋਕਾਂ ਦੀ ਸਕਰੀਨਿੰਗ ਕੀਤੀ ਜਾਂਦੀ ਹੈ ਤੇ ਸ਼ੱਕੀ ਪਾਏ ਜਾਣ ਵਾਲੇ ਲੋਕਾਂ ਦੇ ਕੋਰੋਨਾ ਟੈਸਟ ਹੀ ਕੀਤੇ ਜਾਂਦੇ ਹਨ। ਉਨ੍ਹਾਂ ਕਿਹਾ ਕਿ ਅਮਰੀਕਾ ਤੋਂ 7 ਨੌਜਵਾਨ ਆਏ ਹਨ, ਜਿਨ੍ਹਾਂ ਨੂੰ ਸੁਲਤਾਨਪੁਰ ਲੋਧੀ ਰੋਡ 'ਤੇ ਨਿੱਜੀ ਕਾਲਜ 'ਚ ਡਾਕਟਰਾਂ ਦੀ ਟੀਮ ਵੱਲੋਂ ਕੁਆਰਨਟਾਈਨ ਕੀਤਾ ਗਿਆ ਹੈ। ਇਸ ਤੋਂ ਇਲਾਵਾ ਸਿੰਗਾਪੁਰ, ਫਿਲੀਪਾਈਨਜ ਤੇ ਇੰਗਲੈਂਡ ਤੋਂ ਆਏ ਤਿੰਨ ਨੌਜਵਾਨਾਂ ਨੂੰ ਨਿੱਜੀ ਹੋਟਲ 'ਚ ਕੁਆਰਨਟਾਈਨ ਕੀਤਾ ਗਿਆ ਹੈ।


KamalJeet Singh

Content Editor

Related News