ਈ-ਸਟੈਂਪ ਜਾਰੀ ਕਰਨ ਵਾਲੀ ਨਿੱਜੀ ਕੰਪਨੀ ਨਾਲ ਨਹੀਂ ਜੁੜਨਾ ਚਾਹੁੰਦੇ ਅਸ਼ਟਾਮ ਫਰੋਸ਼: ਕਰਨਵੀਰ ਰੇਹਾਨ

Sunday, Jun 10, 2018 - 03:20 PM (IST)

ਜਲੰਧਰ (ਅਮਿਤ)— ਪੰਜਾਬ ਸਟੈਂਪ ਪੇਪਰ ਵੈੱਲਫੇਅਰ ਐਸੋਸੀਏਸ਼ਨ ਦੀ ਇਕ ਹੰਗਾਮੀ ਮੀਟਿੰਗ ਸ਼ਨੀਵਾਰ ਨੂੰ ਸਵੇਰੇ 10 ਵਜੇ ਡਾ. ਅੰਬੇਡਕਰ ਭਵਨ ਨਕੋਦਰ ਰੋਡ ਜਲੰਧਰ ਵਿਚ ਪ੍ਰਧਾਨ ਸੁਰਜੀਤ ਕਲੇਰ ਅਤੇ ਵਾਈਸ ਪ੍ਰਧਾਨ ਕਰਨਵੀਰ ਰੇਹਾਨ ਦੀ ਪ੍ਰਧਾਨਗੀ 'ਚ ਹੋਈ। ਕਰਨਵੀਰ ਰੇਹਾਨ ਦੇ ਦੱਸਿਆ ਕਿ ਮੀਟਿੰਗ 'ਚ ਅੰਮ੍ਰਿਤਸਰ, ਲੁਧਿਆਣਾ, ਫਰੀਦਕੋਟ, ਬਠਿੰਡਾ, ਮੋਗਾ, ਕਪੂਰਥਲਾ, ਸਮਾਣਾ, ਪਟਿਆਲਾ ਸਮੇਤ ਪੂਰੇ ਪੰਜਾਬ ਤੋਂ ਵੱਡੀ ਗਿਣਤੀ 'ਚ ਅਸ਼ਟਾਮ ਫਰੋਸ਼ ਪਹੁੰਚੇ। 
ਉਨ੍ਹਾਂ ਨੇ ਦੱਸਿਆ ਕਿ ਮੀਟਿੰਗ 'ਚ ਇਸ ਗੱਲ ਨੂੰ ਲੈ ਕੇ ਜਾਣਕਾਰੀ ਦਿੱਤੀ ਗਈ ਕਿ 5 ਮੈਂਬਰੀ ਇਕ ਕਮੇਟੀ ਕੁਝ ਦਿਨ ਪਹਿਲਾਂ ਪੰਜਾਬ ਦੇ ਚੀਫ ਸੈਕਟਰੀ ਨਾਲ ਮਿਲੀ ਸੀ, ਜਿਸ 'ਚ ਉਨ੍ਹਾਂ ਅਸ਼ਟਾਮ ਫਰੋਸ਼ਾਂ ਨੂੰ ਪੇਸ਼ ਆ ਰਹੀਆਂ ਪਰੇਸ਼ਾਨੀਆਂ ਬਾਰੇ 'ਚ ਵਿਸਥਾਰਪੂਰਵਕ ਜਾਣਕਾਰੀ ਪ੍ਰਦਾਨ ਕੀਤੀ। ਇਸ ਦੌਰਾਨ ਇਹ ਵੀ ਸਪੱਸ਼ਟ ਕੀਤਾ ਗਿਆ ਕਿ ਪੰਜਾਬ ਦੇ ਸਮੂਹ ਅਸ਼ਟਾਮ ਫਰੋਸ਼ ਈ-ਸਟੈਂਪ ਜਾਰੀ ਕਰਨ ਵਾਲੀ ਨਿੱਜੀ ਕੰਪਨੀ ਨਾਲ ਕਿਸੇ ਕਿਸਮ ਨਾਲ ਜੁੜਨਾ ਨਹੀਂ ਚਾਹੁੰਦੇ ਸਗੋਂ ਉਹ ਲੋਕ ਸਿੱਧਾ ਸਰਕਾਰ ਅਧੀਨ ਪਹਿਲਾਂ ਵਰਗੀ ਸਥਿਤੀ ਨਾਲ ਹੀ ਆਪਣਾ ਕੰਮ ਕਰਨ ਦੇ ਇਛੁੱਕ ਹਨ। 
ਚੀਫ ਸੈਕਟਰੀ ਨੇ ਇਸ ਗੱਲ ਦਾ ਵਿਸ਼ਵਾਸ ਦਿੱਤਾ ਸੀ ਕਿ ਕਿਸੇ ਵੀ ਅਸ਼ਟਾਮ ਫਰੋਸ਼ ਨਾਲ ਧੱਕਾ ਨਹੀਂ ਹੋਣ ਦਿੱਤਾ ਜਾਵੇਗਾ। ਇਸਦੇ ਨਾਲ ਹੀ ਲਾਇਸੈਂਸ ਨੂੰ ਇਕੋ ਵਾਰ 5 ਸਾਲਾਂ ਲਈ ਰੀਨਿਊ ਕਰਨ ਦਾ ਪ੍ਰਬੰਧ ਕੀਤਾ ਜਾਵੇਗਾ। ਚੀਫ ਸੈਕਟਰੀ ਨੇ ਕਮੇਟੀ ਨੂੰ ਕਿਹਾ ਕਿ ਉਹ ਆਪਣੀ ਸਾਰੀਆਂ ਮੰਗਾਂ ਲਿਖਤੀ ਰੂਪ ਵਿਚ ਉਨ੍ਹਾਂ ਕੋਲ ਪਹੁੰਚਾਏ ਤਾਂ ਜੋ ਉਨ੍ਹਾਂ ਦਾ ਜਲਦੀ ਤੋਂ ਜਲਦੀ ਹੱਲ ਕੀਤਾ ਜਾ ਸਕੇ। ਮੀਟਿੰਗ 'ਚ ਸਰਬਸੰਮਤੀ ਨਾਲ ਤੈਅ ਕੀਤਾ ਗਿਆ ਕਿ ਚੀਫ ਸੈਕਟਰੀ ਨਾਲ ਮਿਲਣ ਲਈ ਤਰੀਕ ਤੈਅ ਕਰ ਕੇ ਉਨ੍ਹਾਂ ਨੂੰ ਸਾਰੀਆਂ ਮੰਗਾਂ ਦਿੱਤੀਆਂ ਜਾਣ। ਇਸ ਮੌਕੇ ਵਰਿੰਦਰ ਕੁਮਾਰ, ਨਰਿੰਦਰ ਕੁਮਾਰ, ਮਹਾਵੀਰ ਸਿੰਘ, ਪੰਕਜ ਬਹਿਰ, ਦੀਪਕ ਸ਼ਰਮਾ, ਸੰਜੀਵ ਕੁਮਾਰ, ਅਸ਼ਵਨੀ ਕੁਮਾਰ, ਸਤੀਸ਼ ਕੁਮਾਰ, ਨਰੇਸ਼ ਕੁਮਾਰ, ਸੰਨੀ ਅਰੋੜਾ, ਤਜਿੰਦਰ, ਹਰਬੰਸ ਸਿੰਘ, ਕਮਲਜੀਤ ਸ਼ਰਮਾ, ਭੂਸ਼ਨ ਕੁਮਾਰ, ਹਰਦੇਵ ਗੁਰੂ, ਰੁਲਦੂ ਰਾਮ ਤੇ ਸਤੀਸ਼ ਸਰੋਆ ਆਦਿ ਹਾਜ਼ਰ ਸਨ।


Related News