ਪੰਜਾਬ ਬੋਰਡ 10ਵੀਂ ਦੇ ਪੰਜਾਬੀ ਦੇ ਪੇਪਰ ਦੌਰਾਨ 17 ਟੀਮਾਂ ਨੇ ਚੈੱਕ ਕੀਤੇ 47 ਪ੍ਰੀਖਿਆ ਕੇਂਦਰ

03/18/2020 10:21:55 AM

ਜਲੰਧਰ (ਸੁਮਿਤ)— ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਲਈ ਜਾ ਰਹੀ 10ਵੀਂ ਜਮਾਤ ਦੀ ਬੋਰਡ ਪ੍ਰੀਖਿਆ ਮੰਗਲਵਾਰ ਤੋਂ ਸ਼ੁਰੂ ਹੋ ਗਈ ਹੈ। ਇਸ ਦੇ ਤਹਿਤ ਬੀਤੇ ਦਿਨ ਜ਼ਿਲੇ ਭਰ 'ਚ ਬਣਾਏ ਗਏ ਕੁੱਲ 164 ਪ੍ਰੀਖਿਆ ਕੇਂਦਰਾਂ 'ਤੇ ਪੰਜਾਬੀ 'ਏ' ਦਾ ਪੇਪਰ ਹੋਇਆ। ਇਨ੍ਹਾਂ ਪ੍ਰੀਖਿਆ ਕੇਂਦਰਾਂ 'ਚ 26892 ਵਿਦਿਆਰਥੀ ਪੇਪਰ ਦੇ ਰਹੇ ਹਨ। ਸਵੇਰੇ 10 ਵਜੇ ਸ਼ੁਰੂ ਹੋਈ ਪ੍ਰੀਖਿਆ ਤੋਂ ਪਹਿਲਾਂ ਹੀ ਬੱਚੇ ਪ੍ਰੀਖਿਆ ਕੇਂਦਰਾਂ 'ਤੇ ਪਹੁੰਚ ਗਏ ਸਨ।

ਬੀਤੇ ਦਿਨ ਹੋਈ ਪ੍ਰੀਖਿਆ 'ਚ 17 ਫਲਾਇੰਗ ਟੀਮਾਂ ਵੱਲੋਂ ਕੁਲ 47 ਪ੍ਰੀਖਿਆ ਕੇਂਦਰਾਂ ਦੀ ਚੈਕਿੰਗ ਕੀਤੀ ਗਈ ਪਰ ਕਿਸੇ ਵੀ ਪ੍ਰੀਖਿਆ ਕੇਂਦਰ 'ਤੇ ਕੋਈ ਵੀ ਨਕਲ ਕਰਦਾ ਨਹੀਂ ਮਿਲਿਆ। ਟੀਮਾਂ ਤੋਂ ਇਲਾਵਾ ਪ੍ਰੀਖਿਆ ਕੇਂਦਰਾਂ 'ਤੇ ਆਬਜ਼ਰਵਰਾਂ ਦੀ ਵੀ ਡਿਊਟੀ ਲਾਈ ਗਈ ਸੀ। ਜਿੱਥੇ ਵੀ ਪ੍ਰੀਖਿਆ ਕੇਂਦਰਾਂ 'ਤੇ ਕੋਈ ਖਾਮੀ ਦੇਖਣ ਨੂੰ ਮਿਲੀ ਇਸ ਬਾਰੇ 'ਚ ਕੰਟਰੋਲਰ ਨੂੰ ਨਿਰਦੇਸ਼ ਦਿੱਤੇ ਗਏ। ਜੋ ਬੱਚੇ ਪ੍ਰੀਖਿਆ ਦੇਣ ਲਈ ਜਾਣ ਵਾਲੇ ਸਨ ਉਦੋਂ ਉਨ੍ਹਾਂ ਦੇ ਮਨਾਂ 'ਚ ਥੋੜ੍ਹਾ ਡਰ ਦਿਸ ਰਿਹਾ ਸੀ ਪਰ ਜਦੋਂ ਪੇਪਰ ਖਤਮ ਹੋਣ ਤੋਂ ਬਾਅਦ ਬੱਚੇ ਬਾਹਰ ਨਿਕਲੇ ਤਾਂ ਸਾਰਿਆਂ ਦੇ ਚਿਹਰੇ ਖਿੜੇ ਹੋਏ ਸਨ।

ਦੂਜੇ ਪਾਸੇ ਕੋਰੋਨਾ ਵਾਇਰਸ ਦਾ ਡਰ ਬੱਚਿਆਂ 'ਚ ਵੀ ਦਿਖਾਈ ਦਿੱਤਾ ਪਰ ਪ੍ਰੀਖਿਆ ਕੇਂਦਰਾਂ 'ਚ ਕੋਰੋਨਾ ਨੂੰ ਲੈ ਕੇ ਕੋਈ ਇੰਤਜ਼ਾਮ ਨਾ ਦਿਸਿਆ। ਪ੍ਰੀਖਿਆ ਕੇਂਦਰਾਂ 'ਤੇ ਆਉਣ ਵਾਲੇ ਕੁਝ ਬੱਚਿਆਂ ਨੂੰ ਹੀ ਮਾਸਕ ਲਗਾ ਕੇ ਦੇਖਿਆ ਗਿਆ। ਇਸ ਦੇ ਨਾਲ ਹੀ ਜੋ ਮਾਤਾ-ਪਿਤਾ ਆਪਣੇ ਬੱਚਿਆਂ ਨੂੰ ਛੱਡਣ ਲਈ ਆਏ ਸਨ, ਉਨ੍ਹਾਂ 'ਚੋਂ ਵੀ ਜ਼ਿਆਦਾਤਰ ਮਾਸਕ ਦੇ ਬਿਨਾਂ ਦੇਖੇ ਗਏÎ। ਹੁਣ ਅਗਲਾ ਪੇਪਰ ਅਗਰੇਜ਼ੀ ਦਾ 20 ਮਾਰਚ ਨੂੰ ਹੋਵੇਗਾ।


shivani attri

Content Editor

Related News