ਕੱਚੇ ਮੁਲਾਜ਼ਮਾਂ ਨੂੰ ਰੈਗੂਲਰ ਕਰਨ ਦੀ ਮੰਗ ਨੂੰ ਲੈ ਕੇ ਪਨਬੱਸ ਮੁਲਾਜ਼ਮਾਂ ਨੇ ਕੀਤਾ ਚੱਕਾ ਜਾਮ, ਯਾਤਰੀ ਹੋਏ ਪਰੇਸ਼ਾਨ
Thursday, Apr 03, 2025 - 04:41 PM (IST)

ਨਵਾਂਸ਼ਹਿਰ (ਤ੍ਰਿਪਾਠੀ)- ਪੰਜਾਬ ਰੋਡਵੇਜ਼, ਪਨਬੱਸ ਅਤੇ ਪੀ.ਆਰ.ਟੀ.ਸੀ. ਕੱਚੇ ਮੁਲਾਜ਼ਮਾਂ ਨੇ ਅੱਜ 2 ਘੰਟੇ ਬੱਸਾਂ ਦਾ ਚੱਕਾ ਜਾਮ ਕਰ ਕੇ ਬੱਸ ਸਟੈਂਡ ਬੰਦ ਰੱਖਿਆ, ਜਿਸ ਕਾਰਨ ਸਵਾਰੀਆਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਤੇ ਉਨ੍ਹਾਂ ਕੋਲ ਪ੍ਰਾਈਵੇਟ ਬੱਸਾਂ 'ਚ ਸਫ਼ਰ ਕਰਨ ਦਾ ਹੀ ਵਿਕਲਪ ਰਹਿ ਗਿਆ।
ਪਨਬੱਸ ਦੇ ਠੇਕੇਦਾਰ ਮੁਲਾਜ਼ਮਾਂ ਨੇ ਨਵਾਂਸ਼ਹਿਰ ਦੇ ਬੱਸ ਸਟੈਂਡ ’ਤੇ ਧਰਨਾ ਦਿੱਤਾ ਅਤੇ ਨਾਅਰੇਬਾਜ਼ੀ ਕੀਤੀ। ਕੰਟਰੈਕਟ ਵਰਕਰਜ਼ ਯੂਨੀਅਨ ਦੇ ਪ੍ਰਧਾਨ ਨਰਿੰਦਰ ਪੰਡੋਰੀ, ਸਕੱਤਰ ਮਹੇਸ਼ ਕੁਮਾਰ, ਸੀਨੀਅਰ ਮੀਤ ਪ੍ਰਧਾਨ ਸੁਲੱਖਣ ਸਿੰਘ, ਕੁਲਵਿੰਦਰ ਸਿੰਘ ਅਤੇ ਬਲਵਿੰਦਰ ਸਿੰਘ ਨੇ ਦੱਸਿਆ ਕਿ ਪਿਛਲੇ ਦਿਨੀਂ ਜਲੰਧਰ ਵਿਖੇ ਪੰਜਾਬ ਸਰਕਾਰ ਨਾਲ ਮੀਟਿੰਗ ਹੋਈ ਸੀ, ਜਿਸ ਵਿਚ ਸਰਕਾਰ ਨੇ ਕਿਹਾ ਸੀ ਕਿ ਪਨਬਸ ਤੇ ਪੀ.ਆਰ.ਟੀ.ਸੀ. ਦੇ ਕੱਚੇ ਮੁਲਾਜ਼ਮਾਂ ਨੂੰ ਰੈਗੂਲਰ ਕਰਨ ਲਈ ਵੱਖਰੀ ਨੀਤੀ ਲਿਆ ਕੇ ਪੱਕਾ ਕੀਤਾ ਜਾਵੇਗਾ ਪਰ ਹੁਣ ਤੱਕ ਇਸ ਸਬੰਧੀ ਕੋਈ ਕਦਮ ਨਹੀਂ ਚੁੱਕਿਆ ਗਿਆ।
ਇਹ ਵੀ ਪੜ੍ਹੋ- ਨੌਜਵਾਨ ਨੇ ਆਪਣੇ ਹੱਥੀਂ ਖ਼ਤਮ ਕਰ ਦਿੱਤੀ ਆਪਣੀ ਦੁਨੀਆ, ਪਹਿਲਾਂ ਮਾਰੀ ਘਰਵਾਲੀ, ਫ਼ਿਰ ਆਪੇ...
ਉਨ੍ਹਾਂ ਕਿਹਾ ਕਿ ਜੋ ਮੰਗਾਂ ਸਰਕਾਰ ਨੇ ਗੱਲਬਾਤ ਵਿਚ ਮੰਨ ਲਈਆਂ ਹਨ, ਉਨ੍ਹਾਂ ਨੂੰ ਵੀ ਲਾਗੂ ਨਹੀਂ ਕੀਤਾ ਜਾ ਰਿਹਾ। ਉਨ੍ਹਾਂ ਕਿਹਾ ਕਿ ਸਰਕਾਰ ਆਪਣੇ ਚਹੇਤਿਆਂ ਨੂੰ ਲਾਭ ਦੇਣ ਲਈ ਕਿਲੋਮੀਟਰ ਸਕੀਮ ਤਹਿਤ 200 ਬੱਸਾਂ ਪਾਉਣ ਜਾ ਰਹੀ ਹੈ, ਜਿਸ ਦਾ ਉਨ੍ਹਾਂ ਦੀ ਯੂਨੀਅਨ ਸਖ਼ਤ ਵਿਰੋਧ ਕਰਦੀ ਹੈ ਅਤੇ ਸਰਕਾਰ ਤੋਂ ਮੰਗ ਕਰਦੀ ਹੈ ਕਿ ਪਨਬੱਸ ਅਤੇ ਪੰਜਾਬ ਰੋਡਵੇਜ਼ ਵਿਚ 2 ਹਜ਼ਾਰ ਬੱਸਾਂ ਪਾਈਆਂ ਜਾਣ, ਨਿੱਜੀਕਰਨ ਦੀਆਂ ਨੀਤੀਆਂ ਬੰਦ ਕੀਤੀਆਂ ਜਾਣ ਅਤੇ ਠੇਕਾ ਮੁਲਾਜ਼ਮਾਂ ਨੂੰ ਜਲਦੀ ਰੈਗੂਲਰ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਸੰਘਰਸ਼ ਦੇ ਹਿੱਸੇ ਵਜੋਂ ਉਨ੍ਹਾਂ ਦੀ ਯੂਨੀਅਨ ਵੱਲੋਂ 6 ਅਪ੍ਰੈਲ ਦੀ ਅੱਧੀ ਰਾਤ ਤੋਂ ਹੜਤਾਲ ਕੀਤੀ ਜਾ ਰਹੀ ਹੈ ਅਤੇ 7-8 ਅਪ੍ਰੈਲ ਤੱਕ ਰੋਡਵੇਜ਼ ਦੇ ਸਮੂਹ ਡਿਪੂਆਂ ਵਿਚ ਬੱਸਾਂ ਦਾ ਚੱਕਾ ਜਾਮ ਕੀਤਾ ਜਾਵੇਗਾ।
ਬੱਸਾਂ ਦੇ 2 ਘੰਟੇ ਦੇ ਜਾਮ ਕਾਰਨ ਯਾਤਰੀ ਹੋ ਗਏ ਖੱਜਲ-ਖੁਆਰ
ਆਪਣੀਆਂ ਮੰਗਾਂ ਨੂੰ ਲੈ ਕੇ ਪਨਬੱਸ ਦੇ ਠੇਕਾ ਮੁਲਾਜ਼ਮਾਂ ਵੱਲੋਂ ਅੱਜ ਸਵੇਰੇ 10 ਤੋਂ ਦੁਪਹਿਰ 12 ਵਜੇ ਤੱਕ ਬੱਸਾਂ ਦੇ ਜਾਮ ਕੀਤੇ ਜਾਣ ਕਾਰਨ ਸਵਾਰੀਆਂ ਨੂੰ ਨਾ ਸਿਰਫ਼ ਖੱਜਲ-ਖੁਆਰ ਹੋਣਾ ਪਿਆ, ਸਗੋਂ ਉਨ੍ਹਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਵੀ ਕਰਨਾ ਪਿਆ। ਮਨਜੀਤ ਕੌਰ ਨੇ ਦੱਸਿਆ ਕਿ ਅੱਜ ਹੁਸ਼ਿਆਰਪੁਰ ਵਿਖੇ ਉਨ੍ਹਾਂ ਦਾ ਸ਼ੂਟ ਸੀ, ਪਰ ਬੱਸਾਂ ਦੀ ਹੜਤਾਲ ਕਾਰਨ ਉਨ੍ਹਾਂ ਨੂੰ ਕੋਈ ਸਾਧਨ ਨਹੀਂ ਮਿਲ ਰਿਹਾ।
ਇਹ ਵੀ ਪੜ੍ਹੋ- ਮਾਂ ਨਾਲ ਨਾਨਕੇ ਪਿੰਡ ਆਇਆ ਸੀ ਮੁੰਡਾ, ਖੇਡਦੇ-ਖੇਡਦੇ ਅਚਾਨਕ ਹੋ ਗਿਆ ਗ਼ਾਇਬ, ਫ਼ਿਰ ਜੋ ਹੋਇਆ...
ਪਰਮਜੀਤ ਸਿੰਘ ਨੇ ਦੱਸਿਆ ਕਿ ਉਸ ਨੇ ਆਪਣੇ ਪਰਿਵਾਰ ਸਮੇਤ ਲੁਧਿਆਣਾ ਜਾਣਾ ਸੀ ਪਰ ਬੱਸ ਅੱਡਾ ਬੰਦ ਹੈ ਅਤੇ ਉਸ ਨੂੰ ਕੋਈ ਬੱਸ ਨਹੀਂ ਮਿਲ ਰਹੀ। ਉਸ ਨੇ ਦੱਸਿਆ ਕਿ ਉਸ ਨੂੰ ਬੱਚਿਆਂ ਨਾਲ ਖੱਜਲ ਖ਼ੁਆਰ ਹੋਣ ਲਈ ਮਜ਼ਬੂਰ ਕੀਤਾ ਜਾ ਰਿਹਾ ਹੈ। ਇਸੇ ਤਰ੍ਹਾਂ ਵੱਖ-ਵੱਖ ਮੰਜ਼ਿਲਾਂ ਵੱਲ ਜਾਣ ਵਾਲੇ ਯਾਤਰੀਆਂ ਨੂੰ ਵੀ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e