ਅੰਦਾਜ਼ੇ ਨਾਲ ਹੀ ਸੀਲਿੰਗ ਕਰ ਰਿਹਾ ਪ੍ਰਾਪਰਟੀ ਟੈਕਸ ਵਿਭਾਗ

01/23/2020 1:23:08 PM

ਜਲੰਧਰ (ਖੁਰਾਣਾ)— ਜਿਵੇਂ-ਜਿਵੇਂ 31 ਮਾਰਚ ਦਾ ਸਮਾਂ ਨੇੜੇ ਆਉਂਦਾ ਜਾ ਰਿਹਾ ਹੈ, ਵਸੂਲੀ ਦੇ ਟੀਚਿਆਂ ਨੂੰ ਪੂਰਾ ਕਰਨ ਲਈ ਨਗਰ ਨਿਗਮ ਦੇ ਵੱਖ-ਵੱਖ ਵਿਭਾਗਾਂ ਨੇ ਫੀਲਡ 'ਚ ਨਿਕਲਣਾ ਸ਼ੁਰੂ ਕਰ ਦਿੱਤਾ ਹੈ। ਇਸ ਦੇ ਤਹਿਤ ਨਿਗਮ ਦੇ ਪ੍ਰਾਪਰਟੀ ਟੈਕਸ ਵਿਭਾਗ ਨੇ ਵੀ ਡਿਫਾਲਟਰਾਂ 'ਤੇ ਸਖਤੀ ਸ਼ੁਰੂ ਕੀਤੀ ਹੋਈ ਹੈ ਅਤੇ ਤਕਰਬੀਨ ਰੋਜ਼ ਹੀ ਇਹ ਵਿਭਾਗ ਕਰੀਬ ਅੱਧਾ ਦਰਜਨ ਪ੍ਰਾਪਰਟੀਆਂ ਨੂੰ ਸੀਲ ਕਰਕੇ ਟੈਕਸ ਦੀ ਉਗਰਾਹੀ ਕਰਨ ਵਿਚ ਲੱਗਾ ਹੈ। ਪਰ ਬੀਤੇ ਦਿਨ ਵਾਪਰੇ ਇਕ ਘਟਨਾਚੱਕਰ ਤੋਂ ਪਤਾ ਲੱਗਦਾ ਹੈ ਕਿ ਨਿਗਮ ਦਾ ਪ੍ਰਾਪਰਟੀ ਟੈਕਸ ਿਵਭਾਗ ਸ਼ਹਿਰ 'ਚ ਅੰਦਾਜ਼ੇ ਨਾਲ ਹੀ ਕਮਰਸ਼ੀਅਲ ਪ੍ਰਾਪਰਟੀਜ਼ ਨੂੰ ਸੀਲ ਕਰੀ ਜਾ ਰਿਹਾ ਹੈ। ਅਜਿਹਾ ਇਸ ਲਈ ਹੋ ਰਿਹਾ ਹੈ ਕਿ ਨਿਗਮ ਕੋਲ ਪ੍ਰਾਪਰਟੀ ਟੈਕਸ ਿਡਫਾਲਟਰਾਂ ਦਾ ਕੋਈ ਰਿਕਾਰਡ ਨਹੀਂ ਹੈ। ਨਿਗਮ ਨੇ ਪਿਛਲੇ ਕੁਝ ਸਾਲਾਂ ਤੋਂ ਰਿਕਾਰਡ ਆਨਲਾਈਨ ਜ਼ਰੂਰ ਕੀਤਾ ਹੋਇਆ ਹੈ ਪਰ ਇਸ ਦੇ ਬਾਵਜੂਦ ਪ੍ਰਾਪਰਟੀ ਟੈਕਸ ਦੇ ਿਡਫਾਲਟਰ ਕਿੰਨੇ ਹਨ, ਕਿਥੇ ਹਨ ਅਤੇ ਉਨ੍ਹਾਂ ਕੋਲੋਂ ਕਿੰਨੇ ਕਰੋੜ ਦੀ ਵਸੂਲੀ ਕਰਨੀ ਹੈ, ਇਸ ਦਾ ਨਿਗਮ ਕੋਲ ਕੋਈ ਵੱਖਰਾ ਹਿਸਾਬ ਨਹੀਂ ਹੈ।
ਬੀਤੇ ਦਿਨ ਪ੍ਰਾਪਰਟੀ ਟੈਕਸ ਵਿਭਾਗ ਦੀ ਟੀਮ ਨੇ ਸਥਾਨਕ ਨਕੋਦਰ ਰੋਡ 'ਤੇ ਕਾਰਵਾਈ ਕਰਦਿਆਂ ਨਾਰੀ ਨਿਕੇਤਨ ਦੇ ਕੋਲ ਰਾਇਕੋ ਇੰਡਸਟਰੀਜ਼ ਦੇ ਸ਼ੋਅਰੂਮ ਨੂੰ ਉਸ ਸਮੇਂ ਸੀਲ ਕਰ ਦਿਤਾ ਜਦੋਂ ਅਜੇ ਸ਼ੋਅਰੂਮ ਖੁੱਲ੍ਹਾ ਵੀ ਨਹੀਂ ਸੀ ਅਤੇ ਸ਼ੋਅਰੂਮ ਮਾਲਕ ਗੌਤਮ ਰਾਏ ਆਪਣੇ ਘਰ ਬੈਠੇ ਨਾਸ਼ਤਾ ਕਰ ਰਹੇ ਸਨ।

ਸ਼ੋਅਰੂਮ ਦੇ ਬਾਹਰ ਪੁਲਸ ਖੜ੍ਹੀ ਵੇਖ ਕੇ ਲੋਕਾਂ ਨੇ ਕੀਤੇ ਫੋਨ
ਗੌਤਮ ਰਾਏ ਨੇ ਦੱਸਿਆ ਕਿ ਉਨ੍ਹਾਂ ਦਾ ਸ਼ੋਅਰੂਮ ਖੁੱਲ੍ਹਣ ਤੋਂ ਵੀ ਪਹਿਲਾਂ ਪ੍ਰਾਪਰਟੀ ਟੈਕਸ ਿਵਭਾਗ ਦੀ ਟੀਮ ਇਥੇ ਪਹੁੰਚੀ, ਜਿਨ੍ਹਾਂ ਦੇ ਨਾਲ ਪੁਲਸ ਬਲ ਵੀ ਸੀ ਕਿਉਂਕਿ ਉਨ੍ਹਾਂ ਦਾ ਸ਼ੋਅਰੂਮ ਭੀੜਭਾੜ ਵਾਲੇ ਇਲਾਕੇ ਅਤੇ ਮੇਨ ਰੋਡ 'ਤੇ ਹੈ। ਇਸ ਲਈ ਉਨ੍ਹਾਂ ਨੂੰ ਲੋਕਾਂ ਦੇ ਫੋਨ ਆਉਣੇ ਸ਼ੁਰੂ ਹੋ ਗਏ ਕਿ ਦੁਕਾਨ 'ਤੇ ਪਤਾ ਨਹੀਂ ਕੀ ਹੋ ਰਿਹਾ ਹੈ। ਜਦੋਂ ਉਨ੍ਹਾਂ ਆ ਕੇ ਵੇਖਿਆ ਤਾਂ ਸ਼ੋਅਰੂਮ ਨੂੰ ਸੀਲ ਲਾ ਕੇ ਨਿਗਮ ਟੀਮ ਜਾ ਚੁੱਕੀ ਸੀ।

ਕਮਿਸ਼ਨਰ ਨੂੰ ਦੱਸਿਆ ਸਾਰਾ ਹਾਲ
ਗੌਤਮ ਰਾਏ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਉਨ੍ਹਾਂ ਨੂੰ ਪ੍ਰਾਪਰਟੀ ਟੈਕਸ ਿਵਭਾਗ ਦੀ ਟੀਮ ਨੇ ਆ ਕੇ ਨੋਟਿਸ ਦਿੱਤਾ ਸੀ, ਜਿਸ ਨੂੰ ਰਿਸੀਵ ਕਰਦੇ ਸਮੇਂ ਉਨ੍ਹਾਂ ਨਿਗਮ ਦੀ ਕਾਪੀ 'ਤੇ ਹੀ ਲਿਖ ਦਿੱਤਾ ਸੀ ਕਿ ਉਨ੍ਹਾਂ ਪੂਰਾ ਪ੍ਰਾਪਰਟੀ ਟੈਕਸ ਦਿੱਤਾ ਹੋਇਆ ਹੈ। ਬੀਤੇ ਦਿਨ ਸੀਲ ਲਾਉਣ ਤੋਂ ਬਾਅਦ ਉਨ੍ਹਾਂ ਨਿਗਮ ਕਮਿਸ਼ਨਰ ਦੀਪਰਵ ਲਾਕੜਾ ਨੂੰ ਫੋਨ 'ਤੇ ਸਾਰੀ ਗੱਲ ਦੱਸੀ, ਜਿਨ੍ਹਾਂ ਨੇ ਸਬੰਧਤ ਅਧਿਕਾਰੀਆਂ ਨਾਲ ਗੱਲ ਕਰ ਕੇ ਮਾਮਲਾ ਸੁਲਝਾਇਆ ਅਤੇ ਦੁਪਹਿਰ 12 ਵਜੇ ਦੇ ਕਰੀਬ ਸ਼ੋਅਰੂਮ ਖੁੱਲ੍ਹ ਸਕਿਆ। ਗੌਤਮ ਰਾਏ ਨੇ ਦੱਸਿਆ ਕਿ ਪੁਲਸ ਆਉਣ ਅਤੇ ਸ਼ੋਅਰੂਮ ਨੂੰ ਸੀਲ ਲਾਉਣ ਕਾਰਣ ਉਨ੍ਹਾਂ ਨੂੰ ਬਿਨਾਂ ਕਾਰਣ ਪ੍ਰੇਸ਼ਾਨੀ ਝੱਲਣੀ ਪਈ, ਜਿਸ ਲਈ ਨਿਗਮ ਜ਼ਿੰਮੇਵਾਰ ਹੈ ਪਰ ਕਮਿਸ਼ਨਰ ਨੇ ਤੁਰੰਤ ਕਾਰਵਾਈ ਕਰਦਿਆਂ ਉਨ੍ਹਾਂ ਦੀ ਪ੍ਰੇਸ਼ਾਨੀ ਨੂੰ ਹੱਲ ਕੀਤਾ।

6 ਹੋਰ ਸ਼ੋਅਰੂਮਾਂ ਨੂੰ ਲਾਈ ਸੀਲ
ਨਿਗਮ ਦੇ ਪ੍ਰਾਪਰਟੀ ਟੈਕਸ ਿਵਭਾਗ ਨੇ ਸੁਪਰਡੈਂਟ ਮਹੀਪ ਸਰੀਨ, ਭੁਪਿੰਦਰ ਸਿੰਘ ਬੜਿੰਗ, ਰਾਜੀਵ ਰਿਸ਼ੀ ਅਤੇ ਭੁਪਿੰਦਰ ਸਿੰਘ ਟਿੰਮੀ ਦੀ ਅਗਵਾਈ 'ਚ ਕਾਰਵਾਈ ਕਰਦਿਆਂ ਨਕੋਦਰ ਰੋਡ 'ਤੇ 6 ਹੋਰ ਸ਼ੋਅਰੂਮਾਂ ਨੂੰ ਸੀਲ ਕਰ ਦਿੱਤਾ ਅਤੇ ਮੌਕੇ 'ਤੇ 2.30 ਲੱਖ ਰੁਪਏ ਵਸੂਲ ਕੀਤੇ।


shivani attri

Content Editor

Related News