ਪ੍ਰਾਪਰਟੀ ਸਕੈਮ: ਫਰਜ਼ੀ ਮਾਲਕ ਬਣ ਕੇ ਕਰਵਾਈ ਰਜਿਸਟਰੀ, ਕਾਨੂੰਨੀ ਕਾਰਵਾਈ ਕਰਨ ਦੀ ਕੀਤੀ ਸਿਫ਼ਾਰਿਸ਼

10/20/2023 10:51:56 AM

ਜਲੰਧਰ (ਚੋਪੜਾ)–ਤਹਿਸੀਲ ਕੰਪਲੈਕਸ ਵਿਚ ਫਰਜ਼ੀ ਦਸਤਾਵੇਜ਼ ਲਾ ਕੇ ਰਜਿਸਟਰੀ ਕਰਵਾਉਣ ਸਬੰਧੀ ਫਰਜ਼ੀਵਾੜੇ ਦੇ ਮਾਮਲੇ ਅਕਸਰ ਸੁਰਖੀਆਂ ਬਣਦੇ ਆਏ ਹਨ ਪਰ ਹੁਣ ਸਬ-ਰਜਿਸਟਰਾਰ-2 ਦਫ਼ਤਰ ਵਿਚ ਕਥਿਤ ਤੌਰ ’ਤੇ ਜਾਅਲੀ ਆਧਾਰ ਕਾਰਡ ਲਾ ਕੇ ਰਜਿਸਟਰੀ ਕਰਵਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਸਲੇਮਪੁਰ-ਮੁਸਲਮਾਨਾਂ ਨਾਲ ਸਬੰਧਤ 15 ਮਰਲੇ ਦੀ ਰੈਜ਼ੀਡੈਂਸ਼ੀਅਲ ਜ਼ਮੀਨ ਦੀ ਰਜਿਸਟਰੀ ਕਰਵਾਉਣ ਉਪਰੰਤ ਦਫ਼ਤਰ ਵਿਚ ਸਬਮਿਟ ਹੋਣ ਵਾਲੇ ਰਜਿਸਟਰੀ ਦਸਤਾਵੇਜ਼ਾਂ ਦੀ ਆਫਿਸ ਕਾਪੀ ਵਿਚ ਪ੍ਰਾਪਰਟੀ ਵੇਚਣ ਵਾਲੇ ਵਿਅਕਤੀ ਦੇ ਆਧਾਰ ਕਾਰਡ ਦੀ ਫੋਟੋ ਨਕਲ ਦੇ ਗਾਇਬ ਹੋਣ ਦਾ ਪਤਾ ਲੱਗਣ ਨਾਲ ਸਾਰਾ ਫਰਜ਼ੀਵਾੜਾ ਸਾਹਮਣੇ ਆ ਸਕਿਆ ਹੈ।

ਅਜਿਹਾ ਮਾਮਲਾ ਵੇਖ ਕੇ ਸਬ-ਰਜਿਸਟਰਾਰ-2 ਜਸਕਰਨਜੀਤ ਸਿੰਘ ਨੇ ਤੁਰੰਤ ਰਜਿਸਟਰੀ ਦੇ ਅਸਲ ਦਸਤਾਵੇਜ਼ਾਂ ਨੂੰ ਰੋਕਦੇ ਹੋਏ ਜ਼ਮੀਨ ਵੇਚਣ ਵਾਲੇ ਨੂੰ ਉਨ੍ਹਾਂ ਦੇ ਸਾਹਮਣੇ ਲਿਆਉਣ ਅਤੇ ਆਧਾਰ ਕਾਰਡ ਪੇਸ਼ ਕਰਨ ਦੇ ਨਿਰਦੇਸ਼ ਦਿੱਤੇ ਪਰ ਲੰਮੇ ਸਮੇਂ ਤੋਂ ਜਦੋਂ ਨਾ ਤਾਂ ਖਰੀਦਦਾਰ ਸਾਹਮਣੇ ਆਇਆ ਅਤੇ ਨਾ ਹੀ ਜ਼ਮੀਨ ਦਾ ਵਿਕਰੇਤਾ ਸਥਿਤੀ ਸਪੱਸ਼ਟ ਕਰਨ ਲਈ ਸਾਹਮਣੇ ਆਇਆ। ਇਸ ਸਾਰੇ ਮਾਮਲੇ ਦੀ ਜਾਂਚ ਕਰਕੇ ਸਬ-ਰਜਿਸਟਰਾਰ-2 ਜਸਕਰਨਜੀਤ ਸਿੰਘ ਨੇ ਕਾਰਵਾਈ ਨੂੰ ਅੰਜਾਮ ਦਿੰਦੇ ਹੋਏ ਰਜਿਸਟਰੀ ਨੂੰ ਰੱਦ ਕਰ ਕੇ ਦੋਸ਼ੀਆਂ ਖ਼ਿਲਾਫ਼ ਬਣਦੀ ਕਾਨੂੰਨੀ ਕਾਰਵਾਈ ਕਰਨ ਸਬੰਧੀ ਡਿਪਟੀ ਕਮਿਸ਼ਨਰ ਅਤੇ ਪੁਲਸ ਕਮਿਸ਼ਨਰ ਨੂੰ ਚਿੱਠੀ ਲਿਖ ਕੇ ਸਿਫ਼ਾਰਿਸ਼ ਕੀਤੀ। ਹੁਣ ਪੁਲਸ ਦੀ ਜਾਂਚ ਵਿਚ ਸਾਹਮਣੇ ਆਵੇਗਾ ਕਿ ਆਖਿਰ ਪ੍ਰਾਪਰਟੀ ਦਾ ਮਾਲਕ ਬਣ ਕੇ ਰਜਿਸਟਰੀ ਕਰਵਾਉਣ ਆਇਆ ਫਰਜ਼ੀ ਜਸਵਿੰਦਰ ਸਿੰਘ ਕੌਣ ਹੈ ਅਤੇ ਅਸਲੀ ਜਸਵਿੰਦਰ ਸਿੰਘ ਕਿੱਥੇ ਹੈ।

ਇਹ ਵੀ ਪੜ੍ਹੋ: ਨਸ਼ਾ ਸਮੱਗਲਰਾਂ ਖ਼ਿਲਾਫ਼ ਪੰਜਾਬ ਪੁਲਸ ਨੇ ਜ਼ਮੀਨੀ ਪੱਧਰ ’ਤੇ ਛੇੜੀ ਜੰਗ, DGP ਨੇ ਅਧਿਕਾਰੀਆਂ ਨੂੰ ਦਿੱਤੇ ਸਖ਼ਤ ਨਿਰਦੇਸ਼

ਆਖਿਰ ਕੀ ਹੈ ਸਾਰਾ ਫਰਜ਼ੀਵਾੜਾ ਅਤੇ ਕਿਵੇਂ ਸਾਹਮਣੇ ਆਇਆ ਮਾਮਲਾ
ਸਬ-ਰਜਿਸਟਰਾਰ-2 ਦਫਤਰ ਵਿਚ 21 ਸਤੰਬਰ 2023 ਨੂੰ ਇਕ ਅਣਪਛਾਤੇ ਵਿਅਕਤੀ ਵੱਲੋਂ ਜਸਵਿੰਦਰ ਸਿੰਘ ਪੁੱਤਰ ਰਣ ਸਿੰਘ ਪੁੱਤਰ ਅਮਰ ਸਿੰਘ ਨਿਵਾਸੀ ਸਲੇਮਪੁਰ-ਮੁਸਲਮਾਨਾਂ ਤਹਿਸੀਲ ਤੇ ਜ਼ਿਲਾ ਜਲੰਧਰ ਨਾਲ ਸਬੰਧਤ 15 ਮਰਲੇ ਪ੍ਰਾਪਰਟੀ ਦੀ ਰਜਿਸਟਰੀ ਕਰਵਾਉਣ ਸਬੰਧੀ ਦਸਤਾਵੇਜ਼ ਪੇਸ਼ ਕੀਤੇ। ਉਕਤ ਵਿਅਕਤੀ ਨੇ 1070000 ਰੁਪਏ ਦੀ ਪ੍ਰਾਪਰਟੀ ਦੇ ਕੁਲੈਕਟਰ ਰੇਟ ਮੁਤਾਬਕ 42800 ਰੁਪਏ ਦੀ ਈ-ਸਟੈਂਪ ਡਿਊਟੀ, ਜਿਸ ਦਾ ਟੋਕਨ ਨੰਬਰ 202300594195 ਹੈ, ਨੂੰ ਲਾ ਕੇ ਖਰੀਦਦਾਰ ਮਿੰਨੀ ਜਾਰਜ ਪਤਨੀ ਪੀ. ਐੱਮ. ਜਾਰਜ ਨਿਵਾਸੀ ਮਕਾਨ ਨੰਬਰ 840-ਸੀ ਗਰੀਨ ਵੈਲੀ ਕਾਲੋਨੀ, ਪਿੰਡ ਫੋਲੜੀਵਾਲ, ਗੜ੍ਹਾ ਜਲੰਧਰ ਪੇਸ਼ ਕੀਤਾ।

ਟੈਕਨੀਕਲ ਆਪ੍ਰੇਟਰ ਵੱਲੋਂ ਉਕਤ ਦਸਤਾਵੇਜ਼ ਨੂੰ ਆਨਲਾਈਨ ਫੀਡ ਕਰਕੇ ਸਟੈਂਪ ਡਿਊਟੀ ਅਤੇ ਫੀਸ ਨੂੰ ਲਾਕ ਕਰ ਦਿੱਤਾ ਗਿਆ, ਜਿਸ ਤੋਂ ਬਾਅਦ ਉਕਤ ਦਸਤਾਵੇਜ਼ ਨੂੰ ਨੰਬਰ 2023-24/187/1/5788 ਮਿਤੀ 21-9-2023 ਅਲਾਟ ਹੋ ਗਿਆ, ਜਿਸ ਉਪਰੰਤ ਖੁਦ ਨੂੰ ਜਸਵਿੰਦਰ ਸਿੰਘ ਕਹਿਣ ਵਾਲਾ ਉਕਤ ਵਿਅਕਤੀ ਸਬ-ਰਜਿਸਟਰਾਰ ਦੇ ਸਾਹਮਣੇ ਪੇਸ਼ ਹੋ ਕੇ ਆਨਲਾਈਨ ਫੋਟੋ ਕਰਵਾ ਕੇ ਰਜਿਸਟਰੀ ਨੂੰ ਅਪਰੂਵਲ ਦਿਵਾਉਣ ਵਿਚ ਸਫਲ ਹੋ ਗਿਆ ਪਰ ਜਦੋਂ ਬਾਅਦ ਵਿਚ ਕਰਮਚਾਰੀਆਂ ਨੇ ਦਸਤਾਵੇਜ਼ਾਂ ਦੀ ਜਾਂਚ ਕੀਤੀ ਤਾਂ ਉਸ ਵਿਚੋਂ ਉਕਤ ਕਥਿਤ ਜਸਵਿੰਦਰ ਸਿੰਘ ਵੱਲੋਂ ਦਸਤਾਵੇਜ਼ਾਂ ਦੇ ਨਾਲ ਨੱਥੀ ਕੀਤੇ ਆਧਾਰ ਕਾਰਡ ਦੀ ਕਾਪੀ ਗਾਇਬ ਮਿਲੀ, ਜਿਸ ਦਾ ਪਤਾ ਲੱਗਦੇ ਹੀ ਸਬ-ਰਜਿਸਟਰਾਰ ਨੇ ਤੁਰੰਤ ਐਕਸ਼ਨ ਲੈਂਦਿਆਂ ਅਪਰੂਵਲ ਹੋਈ ਰਜਿਸਟਰੀ ਦਸਤਾਵੇਜ਼ਾਂ ਨੂੰ ਰੋਕ ਲਿਆ।

ਇਹ ਵੀ ਪੜ੍ਹੋ: ਜਲੰਧਰ ਜ਼ਿਲ੍ਹੇ 'ਤੇ ਮੰਡਰਾਉਣ ਲੱਗਾ ਇਹ ਖ਼ਤਰਾ, ਸਿਹਤ ਮਹਿਕਮੇ ਨੂੰ ਪਈਆਂ ਭਾਜੜਾਂ

ਸਬ-ਰਜਿਸਟਰਾਰ ਨੇ ਦਸਤਾਵੇਜ਼ਾਂ ਦੀ ਤਸਦੀਕ ਕਰਨ ਵਾਲੇ ਲੰਬੜਦਾਰ ਕੈਲਾਸ਼ ਕੁਮਾਰ ਤੋਂ ਜਦੋਂ ਸਾਰੇ ਮਾਮਲੇ ਬਾਰੇ ਪੁੱਛਿਆ ਤਾਂ ਉਸ ਨੇ ਲਿਖਤੀ ਰੂਪ ਵਿਚ ਦਿੱਤਾ ਕਿ ਦਸਤਾਵੇਜ਼ ਪੇਸ਼ ਕਰਨ ਦੇ ਸਮੇਂ ਪਹਿਲੀ ਧਿਰ ਦਾ ਆਧਾਰ ਕਾਰਡ ਨੱਥੀ ਸੀ ਅਤੇ ਦਸਤਾਵੇਜ਼ਾਂ ਵਿਚ ਆਧਾਰ ਕਾਰਡ ਦਾ ਨੰਬਰ ਵੀ ਲਿਖਿਆ ਹੋਇਆ ਸੀ ਪਰ ਰਜਿਸਟਰੀ ਹੋਣ ਤੋਂ ਬਾਅਦ ਆਧਾਰ ਕਾਰਡ ਨਾਲ ਨਹੀਂ ਸੀ ਲੱਗਾ ਹੋਇਆ।
ਲੰਬੜਦਾਰ ਨੇ ਸਲੇਮਪੁਰ-ਮੁਸਲਮਾਨਾਂ ਵਿਚ ਜਾ ਕੇ ਸਾਰੇ ਮਾਮਲੇ ਦੀ ਸੱਚਾਈ ਜਾਣਨੀ ਚਾਹੀ ਤਾਂ ਪਿੰਡੋਂ ਪਤਾ ਲੱਗਾ ਕਿ ਜਸਵਿੰਦਰ ਸਿੰਘ ਪੁੱਤਰ ਰਣ ਸਿਘ ਪੁੱਤਰ ਅਮਰ ਸਿੰਘ ਨਾਂ ਦਾ ਕੋਈ ਵਿਅਕਤੀ ਪਿੰਡ ਵਿਚ ਨਹੀਂ ਰਹਿੰਦਾ, ਜਿਸ ਕਾਰਨ ਖਦਸ਼ਾ ਪ੍ਰਗਟਾਇਆ ਜਾਂਦਾ ਹੈ ਕਿ ਜਸਵਿੰਦਰ ਸਿੰਘ ਦੇ ਨਾਂ ਦਾ ਫਰਜ਼ੀ ਆਧਾਰ ਕਾਰਡ ਵਰਤ ਕੇ ਰਜਿਸਟਰੀ ਕਰਵਾਈ ਗਈ ਹੈ। ਲੰਬੜਦਾਰ ਦੇ ਬਿਆਨ ਅਤੇ ਦਸਤਾਵੇਜ਼ਾਂ ਵਿਚ ਖਾਮੀ ਦੇਖ ਕੇ ਸਬ-ਰਜਿਸਟਰਾਰ ਨੇ ਉਕਤ ਰਜਿਸਟਰੀ ਨੂੰ ਰੱਦ ਕਰਦੇ ਹੋਏ ਦੋਸ਼ੀਆਂ ਖ਼ਿਲਾਫ਼ ਕਾਰਵਾਈ ਕਰਨ ਲਈ ਲਿਖਿਆ ਹੈ।

ਭੂ-ਮਾਫ਼ੀਆ ਪ੍ਰਾਪਰਟੀ ’ਤੇ ਕਬਜ਼ਾ ਕਰਨ ਸਬੰਧੀ ਖੇਡਦਾ ਹੈ ਸਾਰੀ ਖੇਡ
ਸ਼ਹਿਰ ਅਤੇ ਪਿੰਡਾਂ ਵਿਚ ਜਿਥੇ ਕਿਤੇ ਕੋਈ ਪ੍ਰਾਪਰਟੀ ਜਾਂ ਪਲਾਟ ਸਾਲਾਂ ਤੋਂ ਖਾਲੀ ਪਿਆ ਹੁੰਦਾ ਹੈ, ਉਸ ’ਤੇ ਭੂ-ਮਾਫ਼ੀਆ ਦੀ ਨਜ਼ਰ ਹੁੰਦੀ ਹੈ। ਜਿਸ ਵਿਅਕਤੀ ਦਾ ਪਲਾਟ ਹੁੰਦਾ ਹੈ ਜਾਂ ਤਾਂ ਉਹ ਵਿਦੇਸ਼ ਚਲਾ ਗਿਆ ਹੁੰਦਾ ਹੈ ਜਾਂ ਉਸ ਦਾ ਦਿਹਾਂਤ ਹੋ ਜਾਂਦਾ ਹੈ। ਪ੍ਰਾਪਰਟੀ ਦਾ ਕੋਈ ਵਾਲੀ-ਵਾਰਿਸ ਸਾਹਮਣੇ ਨਾ ਆਉਂਦਾ ਵੇਖ ਭੂ-ਮਾਫ਼ੀਆ ਮਿਲੀਭੁਗਤ ਕਰਕੇ ਤਹਿਸੀਲ ਵਿਚੋਂ ਪ੍ਰਾਪਰਟੀ ਦੀ ਫਰਦ ਅਤੇ ਪੁਰਾਣੀ ਰਜਿਸਟਰੀ ਦੀ ਨਕਲ ਕਢਵਾ ਲੈਂਦਾ ਹੈ, ਜਿਸ ਤੋਂ ਬਾਅਦ ਜਾਅਲੀ ਵਿਅਕਤੀ ਅਤੇ ਆਧਾਰ ਕਾਰਡ ਪੇਸ਼ ਕਰ ਕੇ ਪ੍ਰਾਪਰਟੀ ਦੀ ਰਜਿਸਟਰੀ ਕਰਵਾ ਲਈ ਜਾਂਦੀ ਹੈ ਅਤੇ ਕਿਸੇ ਨੂੰ ਕੰਨੋ-ਕੰਨ ਖਬਰ ਨਹੀਂ ਹੁੰਦੀ ਕਿ ਅਸਲ ਮਾਲਕ ਦੀ ਬਜਾਏ ਪ੍ਰਾਪਰਟੀ ਦੇ ਨਕਲੀ ਮਾਲਕ ਨੇ ਪੇਸ਼ ਹੋ ਕੇ ਰਜਿਸਟਰੀ ਕਰਵਾਈ ਹੈ।

ਇਹ ਵੀ ਪੜ੍ਹੋ: ਚੰਡੀਗੜ੍ਹ ਜਾ ਰਹੇ ASI ਨਾਲ ਵਾਪਰੀ ਅਣਹੋਣੀ, ਖੜ੍ਹੀ ਕੰਬਾਇਨ 'ਚ ਵੱਜਾ ਮੋਟਰਸਾਈਕਲ, ਹੋਈ ਦਰਦਨਾਕ ਮੌਤ

ਅਜਿਹੇ ਹੀ ਕਈ ਮਾਮਲਿਆਂ ਵਿਚ ਸਰਗਰਮ ਰਹਿਣ ਵਾਲਾ ਭੂ-ਮਾਫ਼ੀਆ ਅਰਬਾਂ ਰੁਪਿਆ ਇਕੱਠਾ ਕਰ ਚੁੱਕਾ ਹੈ ਪਰ ਅਜਿਹੇ ਘਪਲਿਆਂ ਦੇ ਮਾਮਲੇ ਉਦੋਂ ਰੌਸ਼ਨੀ ਵਿਚ ਆਉਂਦੇ ਹਨ, ਜਦੋਂ ਵਿਭਾਗ ਦੀ ਮੁਸਤੈਦੀ ਨਾਲ ਜਾਅਲੀ ਦਸਤਾਵੇਜ਼ ਜਾਂ ਗੜਬੜੀ ਸਾਹਮਣੇ ਆ ਜਾਵੇ ਜਾਂ ਫਿਰ ਰਜਿਸਟਰੀ ਹੋਣ ਤੋਂ ਬਾਅਦ ਪ੍ਰਾਪਰਟੀ ਦਾ ਕਬਜ਼ਾ ਕਿਸੇ ਹੋਰ ਵਿਅਕਤੀ ਵੱਲੋਂ ਲੈਣ ਦਾ ਪਤਾ ਲੱਗਣ ਤੋਂ ਬਾਅਦ ਕੋਈ ਅਸਲ ਮਾਲਕ ਸਾਹਮਣੇ ਆ ਜਾਵੇ।

ਪ੍ਰਾਪਰਟੀ ਵਿਕਰੇਤਾ ਦੇ ਪੇਸ਼ ਨਾ ਹੋਣ ਅਤੇ ਆਧਾਰ ਕਾਰਡ ਨਾ ਮਿਲਣ ’ਤੇ ਹੋਇਆ ਖ਼ੁਲਾਸਾ: ਜਸਕਰਨਜੀਤ ਸਿੰਘ
ਇਸ ਸਬੰਧ ਵਿਚ ਸਬ-ਰਜਿਸਟਰਾਰ-2 ਜਸਕਰਨਜੀਤ ਸਿੰਘ ਨੇ ਦੱਸਿਆ ਕਿ ਜਦੋਂ ਲੰਬੜਦਾਰ ਅਤੇ ਕਰਮਚਾਰੀਆਂ ਨੇ ਦਸਤਾਵੇਜ਼ਾਂ ਵਿਚ ਆਧਾਰ ਕਾਰਡ ਦੀ ਕਾਪੀ ਨਾ ਹੋਣ ਦਾ ਮਾਮਲਾ ਸਾਹਮਣੇ ਲਿਆਂਦਾ ਤਾਂ ਉਨ੍ਹਾਂ ਤੁਰੰਤ ਕਾਰਵਾਈ ਕਰਦਿਆਂ ਰਜਿਸਟਰੀ ਨੂੰ ਜ਼ਬਤ ਕਰ ਲਿਆ। ਜਿਸ ਉਪਰੰਤ ਲੰਬੜਦਾਰ ਦੇ ਬਿਆਨਾਂ ਅਤੇ ਜਾਂਚ ਦੇ ਆਧਾਰ ’ਤੇ ਰਜਿਸਟਰੀ ਨੂੰ ਰੱਦ ਕਰਨ ਤੋਂ ਇਲਾਵਾ ਵਿਭਾਗੀ ਤੌਰ ’ਤੇ ਪੁਲਸ ਕਮਿਸ਼ਨਰ ਨੂੰ ਕਾਰਵਾਈ ਲਈ ਲਿਖਿਆ ਹੈ।
ਸਬ-ਰਜਿਸਟਰਾਰ ਨੇ ਕਿਹਾ ਕਿ ਦਸਤਾਵੇਜ਼ਾਂ ਨਾਲ ਪਲਾਟ ਦੀ ਨਵੀਂ ਫਰਦ, ਜਿਹੜੀ ਕਿ ਜਸਵਿੰਦਰ ਸਿੰਘ ਦੇ ਨਾਂ ’ਤੇ ਸੀ, ਨਾਲ ਲੱਗੀ ਸੀ। ਸਾਰੇ ਦਸਤਾਵੇਜ਼ ਲੱਗੇ ਹੋਣ ਕਾਰਨ ਉਨ੍ਹਾਂ ਨੂੰ ਅਤੇ ਸਟਾਫ਼ ਨੂੰ ਕਿਸੇ ਵੀ ਗੜਬੜੀ ਹੋਣ ਦਾ ਸ਼ੱਕ ਨਹੀਂ ਹੋਇਆ ਪਰ ਦਫਤਰ ਵਿਚ ਰਜਿਸਟਰੀ ਦੇ ਕਾਪੀ ਦੇ ਦਸਤਾਵੇਜ਼ਾਂ ਵਿਚ ਆਧਾਰ ਕਾਰਡ ਨਾ ਲੱਗਾ ਹੋਣ ਕਾਰਨ ਸਾਰੇ ਘਪਲੇ ਦਾ ਪਰਦਾਫਾਸ਼ ਹੋਇਆ ਹੈ। ਸਬ-ਰਜਿਸਟਰਾਰ ਨੇ ਦੱਸਿਆ ਕਿ ਕਥਿਤ ਅਣਪਛਾਤੇ ਵਿਅਕਤੀ ਜਸਵਿੰਦਰ ਦੇ ਪੇਸ਼ ਨਾ ਹੋਣ ਕਾਰਨ ਰਜਿਸਟਰੀ ਨੂੰ ਰੱਦ ਕਰ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ:  ਕੇਂਦਰੀ ਮੰਤਰੀ ਗਡਕਰੀ ਵੱਲੋਂ DAK ਐਕਸਪ੍ਰੈੱਸ ਵੇਅ ਦੀ ਸਮੀਖਿਆ, CM ਮਾਨ ਨੇ ਦਵਾਇਆ ਇਹ ਭਰੋਸਾ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- 

 https://play.google.com/store/apps/details?id=com.jagbani&hl=en&pli=1

For IOS:-  

https://apps.apple.com/in/app/id538323711

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ


shivani attri

Content Editor

Related News