ਕੇਜਰੀਵਾਲ ਦੇ ਮੈਡੀਕਲ ਚੈੱਕਅਪ ਦੌਰਾਨ ਪਤਨੀ ਨੂੰ ਮੌਜੂਦ ਰਹਿਣ ਦੀ ਇਜਾਜ਼ਤ

Sunday, Jul 07, 2024 - 04:50 PM (IST)

ਕੇਜਰੀਵਾਲ ਦੇ ਮੈਡੀਕਲ ਚੈੱਕਅਪ ਦੌਰਾਨ ਪਤਨੀ ਨੂੰ ਮੌਜੂਦ ਰਹਿਣ ਦੀ ਇਜਾਜ਼ਤ

ਨਵੀਂ ਦਿੱਲੀ- ਰਾਊਜ਼ ਐਵੇਨਿਊ ਕੋਰਟ ਸਥਿਤ ਸਪੈਸ਼ਲ ਜੱਜ ਕਾਵੇਰੀ ਬਵੇਜਾ ਦੀ ਅਦਾਲਤ ਨੇ ਦਿੱਲੀ ਆਬਕਾਰੀ ਘਪਲੇ ਦੇ ਮੁਲਜ਼ਮ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਮੈਡੀਕਲ ਜਾਂਚ ਦੌਰਾਨ ਉਨ੍ਹਾਂ ਦੀ ਪਤਨੀ ਸੁਨੀਤਾ ਕੇਜਰੀਵਾਲ ਨੂੰ ਵੀਡੀਓ ਕਾਨਫਰੰਸਿੰਗ ਰਾਹੀਂ ਹਿੱਸਾ ਲੈਣ ਦੀ ਇਜਾਜ਼ਤ ਦੇ ਦਿੱਤੀ ਹੈ।

ਅਦਾਲਤ ਨੇ ਕਿਹਾ ਕਿ ਸੁਨੀਤਾ ਕੇਜਰੀਵਾਲ ਅਰਵਿੰਦ ਕੇਜਰੀਵਾਲ ਦੇ ਮੈਡੀਕਲ ਚੈੱਕਅਪ ਲਈ ਗਠਿਤ ਮੈਡੀਕਲ ਬੋਰਡ ਨੂੰ ਮਿਲ ਸਕਦੀ ਹੈ ਅਤੇ ਉਨ੍ਹਾਂ ਦੀ ਖੁਰਾਕ ’ਤੇ ਚਰਚਾ ਕਰ ਸਕਦੀ ਹੈ। ਅਦਾਲਤ ਨੇ ਹੁਕਮ ਦਿੱਤਾ ਕਿ ਸੁਨੀਤਾ ਕੇਜਰੀਵਾਲ ਨੂੰ ਅਰਵਿੰਦ ਕੇਜਰੀਵਾਲ ਦੀਆਂ ਸਾਰੀਆਂ ਮੈਡੀਕਲ ਰਿਪੋਰਟਾਂ ਮੁਹੱਈਆ ਕਰਵਾਈਆਂ ਜਾਣ। ਇਸ ਤੋਂ ਪਹਿਲਾਂ ਅਦਾਲਤ ਨੇ ਇਸ ਪਟੀਸ਼ਨ ’ਤੇ 3 ਜੁਲਾਈ ਨੂੰ ਫੈਸਲਾ ਸੁਰੱਖਿਅਤ ਰੱਖ ਲਿਆ ਸੀ।

ਸੁਣਵਾਈ ਦੌਰਾਨ ਕੇਜਰੀਵਾਲ ਵਲੋਂ ਪੇਸ਼ ਵਕੀਲ ਐੱਨ. ਹਰੀਹਰਨ ਨੇ ਕਿਹਾ ਸੀ ਕਿ ਕੇਜਰੀਵਾਲ ਦੇ ਮੈਡੀਕਲ ਚੈੱਕਅਪ ਦੌਰਾਨ ਉਨ੍ਹਾਂ ਦੀ ਪਤਨੀ ਨੂੰ ਵੀਡੀਓ ਕਾਨਫਰੰਸਿੰਗ ਦੌਰਾਨ ਜੁੜੇ ਰਹਿਣ ਦੀ ਇਜਾਜ਼ਤ ਦਿੱਤੀ ਜਾਵੇ, ਉਨ੍ਹਾਂ ਕਿਹਾ ਸੀ ਕਿ ਜਦੋਂ ਮੈਡੀਕਲ ਬੋਰਡ ਬੈਠੇ ਤਾਂ ਸੁਨੀਤਾ ਕੇਜਰੀਵਾਲ ਵੀ ਇਨਪੁਟ ਦੇਣਾ ਚਾਹੁੰਦੀ ਹੈ, ਅਰਵਿੰਦ ਕੇਜਰੀਵਾਲ ਇਸ ਮਾਮਲੇ ਵਿਚ ਨਿਆਇਕ ਹਿਰਾਸਤ ਵਿਚ ਹਨ।

ਦੱਸ ਦਈਏ ਕਿ 21 ਮਾਰਚ ਨੂੰ ਦਿੱਲੀ ਹਾਈ ਕੋਰਟ ਤੋਂ ਅਰਵਿੰਦ ਕੇਜਰੀਵਾਲ ਨੂੰ ਗ੍ਰਿਫਤਾਰੀ ਤੋਂ ਰਾਹਤ ਨਾ ਮਿਲਣ ਤੋਂ ਬਾਅਦ ਈ. ਡੀ. ਨੇ 21 ਮਾਰਚ ਨੂੰ ਹੀ ਦੇਰ ਸ਼ਾਮ ਨੂੰ ਅਰਵਿੰਦ ਕੇਜਰੀਵਾਲ ਨੂੰ ਪੁੱਛਗਿੱਛ ਤੋਂ ਬਾਅਦ ਗ੍ਰਿਫਤਾਰ ਕਰ ਲਿਆ ਸੀ। ਇਸ ਤੋਂ ਬਾਅਦ ਕੇਜਰੀਵਾਲ ਨੂੰ ਸੁਪਰੀਮ ਕੋਰਟ ਨੇ 10 ਮਈ ਨੂੰ ਅੰਤ੍ਰਿਮ ਜ਼ਮਾਨਤ ’ਤੇ ਰਿਹਾਅ ਕੀਤਾ ਸੀ। ਉਥੇ, ਇਸ ਮਾਮਲੇ ਵਿਚ ਕੇਜਰੀਵਾਲ ਨੂੰ ਸੀ. ਬੀ. ਆਈ. ਨੇ 26 ਜੂਨ ਨੂੰ ਗ੍ਰਿਫ਼ਤਾਰ ਕੀਤਾ ਸੀ। ਕੇਜਰੀਵਾਲ ਨੇ ਆਪਣੀ ਸੀ. ਬੀ. ਆਈ. ਗ੍ਰਿਫਤਾਰੀ ਨੂੰ ਦਿੱਲੀ ਹਾਈ ਕੋਰਟ ਵਿਚ ਚੁਣੌਤੀ ਦਿੱਤੀ ਹੈ।


author

Rakesh

Content Editor

Related News