ਨਿੱਜੀ ਸਕੂਲ ਅਤੇ ਪੀ. ਆਰ. ਟੀ. ਸੀ. ਬੱਸ ਦੀ ਟੱਕਰ

07/23/2019 5:48:35 AM

ਕਪੂਰਥਲਾ, (ਮਹਾਜਨ)- ਜਲੰਧਰ ਮਾਰਗ ’ਤੇ ਸਥਿਤ ਸੈਫਰਨ ਕਾਲੋਨੀ ਨੇਡ਼ੇ ਪੀ. ਆਰ. ਟੀ. ਸੀ. ਦੀ ਬੱਸ ਤੇ ਨਿਜੀ ਸਕੂਲ ਦੀ ਬੱਸ ਦੀ ਅਚਾਨਕ ਟੱਕਰ ਹੋ ਜਾਣ ਨਾਲ ਸਵਾਰੀਆਂ ਤੇ ਸਕੂਲੀ ਬੱਚੇ ਵਾਲ-ਵਾਲ ਬਚ ਗਏ। ਇਸ ਦੁਰਘਟਨਾ ਨਾਲ ਇਲਾਕੇ ’ਚ ਦਹਿਸ਼ਤ ਫੈਲ ਗਈ ਤੇ ਨਾਲ ਲੱਗਦੇ ਪਿੰਡਾਂ ਦੇ ਲੋਕ ਆਪਣੇ ਬੱਚਿਆਂ ਦਾ ਹਾਲ ਜਾਣਨ ਲਈ ਮੌਕੇ ’ਤੇ ਪੁੱਜੇ। ਜਦੋਂ ਬੱਚਿਆਂ ਨੂੰ ਸੁਰੱਖਿਤ ਦੇਖਿਆ ਤਾਂ ਉਨ੍ਹਾਂ ਨੇ ਸੁੱਖ ਦਾ ਸਾਹ ਲਿਆ। ਜ਼ਿਕਰਯੋਗ ਹੈ ਕਿ ਸ਼ਹਿਰ ਦੇ ਨਿਜੀ ਸਕੂਲ ਦੀ ਬੱਸ ਸਵੇਰੇ 7.15 ਵਜੇ ਜਦੋਂ ਸੈਫਰਨ ਕਾਲੋਨੀ ਵੱਲ ਮੁਡ਼ਨ ਲੱਗੀ ਤਾਂ ਕਪੂਰਥਲਾ ਤੋਂ ਜਲੰਧਰ ਵੱਲ ਜਾ ਰਹੀ ਪੀ. ਆਰ. ਟੀ. ਸੀ. ਦੀ ਬੱਸ ਨਾਲ ਅਚਾਨਕ ਟੱਕਰ ਹੋ ਗਈ। ਦੋਵੇਂ ਬੱਸਾਂ ਦੀ ਟੱਕਰ ਨਾਲ ਆਵਾਜ਼ ਇੰਨੀ ਆਈ ਕਿ ਨਾਲ ਲੱਗਦੇ ਖੇਤਰ ਦੇ ਲੋਕਾਂ ’ਚ ਇਕ ਦਮ ਦਹਿਸ਼ਤ ਫੈਲ ਗਈ ਤਾਂ ਖੇਤਰ ਦੇ ਲੋਕ ਆਪਣੇ ਘਰਾਂ ਤੇ ਖੇਤਾਂ ’ਚੋਂ ਭੱਜ ਕੇ ਬੱਚਿਆਂ ਤੇ ਸਵਾਰੀਆਂ ਦੀ ਮਦਦ ਲਈ ਪਹੁੰਚੇ ਤੇ ਭਗਵਾਨ ਦੀ ਕ੍ਰਿਪਾ ਨਾਲ ਸਭ ਯਾਤਰੀ ਤੇ ਬੱਚੇ ਸੁਰੱਖਿਅਤ ਸਨ ਤੇ ਇਕ-ਦੋ ਬੱਚਿਆਂ ਨੂੰ ਮਾਮੂਲੀ ਸੱਟਾਂ ਲੱਗੀਆਂ ਜਿਨ੍ਹਾਂ ਨੂੰ ਇਲਾਜ ਤੋਂ ਬਾਅਦ ਘਰ ਭੇਜ ਦਿੱਤਾ। ਬਾਅਦ ’ਚ ਬੱਚਿਆਂ ਦੇ ਪਰਿਵਾਰਕ ਮੈਂਬਰਾਂ ਨੇ ਆਪਣਾ ਨਾਂ ਨਾ ਛਾਪਣ ਦੀ ਸ਼ਰਤ ’ਤੇ ਦੱਸਿਆ ਕਿ ਇਸ ਨਿਜੀ ਸਕੂਲ ਦੀ ਬੱਸ ਦਾ ਡਰਾਈਵਰ ਅਕਸਰ ਗਲਤ ਤਰੀਕੇ ਨਾਲ ਡਰਾਈਵਿੰਗ ਕਰਦਾ ਸੀ, ਜਿਸ ਸਬੰਧੀ ਪਹਿਲਾਂ ਵੀ ਸਕੂਲ ਪ੍ਰਬੰਧਕਾਂ ਨੂੰ ਕਿਹਾ ਗਿਆ ਸੀ ਪਰ ਪ੍ਰਬੰਧਕਾਂ ਨੇ ਇਸ ਵੱਲ ਧਿਆਨ ਨਹੀਂ ਦਿੱਤਾ। ਸੋਮਵਾਰ ਨੂੰ ਤਾਂ ਭਗਵਾਨ ਨੇ ਉਨ੍ਹਾਂ ਦੇ ਬੱਚਿਆ ਨੂੰ ਸਰੁੱਖਿਅਤ ਰੱਖਿਆ। ਉਥੇ ਇਸ ਸਬੰਧੀ ਨਿਜੀ ਸਕੂਲ ਦੇ ਪ੍ਰਿੰਸੀਪਲ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਤਾ ਸਕੂਲੀ ਸਟਾਫ ਨੇ ਮੀਟਿੰਗ ਦਾ ਬਹਾਨਾ ਬਣਾ ਕੇ ਪ੍ਰਿੰਸੀਪਲ ਨਾਲ ਗੱਲ ਨਹੀਂ ਕਰਵਾਈ।

ਇਸ ਸਬੰਧੀ ਚੌਕੀ ਸਾਇੰਸ ਸਿਟੀ ਇੰਚਾਰਜ ਅਰਜੁਨ ਸਿੰਘ ਨੇ ਸੰਪਰਕ ਕਰਨ ’ਤੇ ਦੱਸਿਆ ਕਿ ਨਿਜੀ ਸਕੂਲ ਦੇ ਬੱਚੇ ਤੇ ਬੱਸ ਯਾਤਰੀ ਬਿਲਕੁੱਲ ਸੁਰੱਖਿਅਤ ਹਨ ਤੇ ਦੋਵਾਂ ਦਾ ਆਪਸੀ ਸਮਝੌਤਾ ਹੋ ਗਿਆ ਹੈ।


Bharat Thapa

Content Editor

Related News