ਬੰਗਾ ਟੈਕਸੀ ਯੂਨੀਅਨ ਦੇ ਪ੍ਰਧਾਨ ਗੁਰਨੇਕ ਸਿੰਘ ਦਾ ਬੇਰਹਿਮੀ ਨਾਲ ਕਤਲ

09/20/2018 2:20:33 AM

ਬੰਗਾ,   (ਚਮਨ ਲਾਲ/ਰਾਕੇਸ਼ ਅਰੋਡ਼ਾ)-  ਬੰਗਾ ਨਜ਼ਦੀਕ ਪੈਂਦੇ ਪਿੰਡ ਮਜਾਰੀ ਦੇ ਕਿਸਾਨ ਤੇ ਬੰਗਾ ਟੈਕਸੀ ਯੂਨੀਅਨ ਦੇ ਪ੍ਰਧਾਨ ਦਾ ਅਣਪਛਾਤੇ ਵਿਅਕਤੀਅਾਂ ਵੱਲੋਂ ਬਡ਼ੀ ਹੀ ਬੇਰਹਿਮੀ ਨਾਲ ਕਤਲ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।  
ਜਾਣਕਾਰੀ ਦਿੰਦੇ ਹੋਏ ਮ੍ਰਿਤਕ ਗੁਰਨੇਕ ਦੇ ਭਤੀਜੇ ਨੇ ਦੱਸਿਆ ਕਿ ਗੁਰਨੇਕ ਸਿੰਘ ਪੁੱਤਰ ਕੇਹਰ ਸਿੰਘ ਵਾਸੀ ਮਜਾਰੀ ਨੇਡ਼ੇ ਬੰਗਾ ਜੋ ਕਿ ਬੀਤੀ ਦੇਰ ਰਾਤ 12 ਵਜੇ ਆਉਣ ਵਾਲੀ ਬਿਜਲੀ ਦੀ ਸਪਲਾਈ ਕਾਰਨ ਪਿੰਡ ਨੇਡ਼ੇ ਪੈਂਦੇ ਆਪਣੇ ਖੇਤਾਂ ਵਿਚ  ਝੋਨੇ ਦੀ ਫਸਲ ਨੂੰ ਪਾਣੀ ਲਾਉਣ ਲਈ ਆਪਣੇ ਮੋਟਰਸਾਈਕਲ ’ਤੇ ਸਵਾਰ ਹੋ ਕੇ  ਮੋਟਰ ਚਲਾਉਣ ਗਿਆ ਸੀ ਤਾਂ ਅਣਪਛਾਤੇ ਲੋਕਾਂ ਨੇ ਉਸ ਦਾ ਕਤਲ ਕਰ ਦਿੱਤਾ। ਉਸ ਨੇ ਦੱਸਿਆ ਕਿ ਪਿੰਡ ਦਾ ਅਮਰੀਕ ਸਿੰਘ ਨਾਮੀ ਵਿਅਕਤੀ ਜੋ ਆਪਣੇ ਖੇਤਾਂ ’ਚ ਪੱਠੇ ਲੈਣ ਗਿਆ ਸੀ ਤਾਂ  ਉਸ ਨੇ ਖੇਤਾਂ ਵਿਚ ਪਈ ਲਾਸ਼ ਵੇਖੀ ਤੇ ਇਸ ਦੀ ਸੂਚਨਾ ਪਿੰਡ ਦੇ ਮੋਹਤਬਰ ਲੋਕਾਂ ਦੇ ਨਾਲ-ਨਾਲ ਬੰਗਾ ਪੁਲਸ ਨੂੰ ਦਿੱਤੀ।  ਬੰਗਾ ਸਦਰ ਦੇ ਐੱਸ. ਐੱਚ. ਓ. ਰਾਜੀਵ ਕੁਮਾਰ ਸਮੇਤ ਪੁਲਸ ਪਾਰਟੀ ਮੌਕੇ ’ਤੇ ਪਹੁੰਚ ਗਏ ਉਥੇ ਹੀ ਡੀ. ਐੱਸ.ਪੀ. ਬੰਗਾ ਦੀਪਿਕਾ ਸਿੰਘ, ਐੱਸ. ਪੀ. (ਡੀ) ਬਲਰਾਜ ਸਿੰਘ, ਡੀ. ਐੱਸ. ਪੀ. (ਡੀ) ਸੰਦੀਪ ਵੰਡੇਰਾ, ਇੰਚਾਰਜ ਸੀ. ਏ. ਸਟਾਫ ਵੀ ਮੌਕੇ ’ਤੇ ਪਹੁੰਚ ਗਏ ਅਤੇ  ਗੁਰਨੇਕ ਸਿੰਘ ਦੀ ਲਾਸ਼ ਨੂੰ ਕਬਜ਼ੇ  ਵਿਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜਿਆ ਗਿਆ। ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਅਾਧਾਰ ’ਤੇ ਮਾਮਲਾ ਦਰਜ ਕਰ ਕੇ  ਪੁਲਸ ਅਧਿਕਾਰੀਅਾਂ ਨੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਹਲਕਾ ਵਿਧਾਇਕ ਨੇ ਕੀਤਾ  ਪਰਿਵਾਰ ਨਾਲ ਦੁੱਖ ਸਾਂਝਾ  
ਪ੍ਰਧਾਨ ਤੇ ਉੱਘੇ ਕਿਸਾਨ ਹਰਨੇਕ ਸਿੰਘ ਦੇ ਹੋਏ  ਕਤਲ ਦੀ ਖਬਰ ਸੁਣਦੇ ਹੀ ਬੰਗਾ ਹਲਕੇ ਦੇ ਵਿਧਾਇਕ ਡਾ. ਸੁਖਵਿੰਦਰ ਕੁਮਾਰ ਸੁੱਖੀ ਮੌਕੇ ’ਤੇ ਪਹੁੰਚੇ  ਤੇ ਉਨ੍ਹਾਂ ਨੇ ਪਰਿਵਾਰਕ ਮੈਂਬਰਾਂ ਨਾਲ ਦੁੱਖ ਸਾਂਝਾ ਕੀਤਾ ਉਥੇ ਹੀ ਪੁਲਸ ਨੂੰ ਜਲਦ ਤੋਂ ਜਲਦ ਕਾਤਲਾਂ ਨੂੰ ਫਡ਼ਨ ਲਈ ਕਾਰਵਾਈ ਕਰਨ ਲਈ ਕਿਹਾ। ਇਸ ਕਤਲ ਤੋਂ ਬਾਅਦ ਜਿੱਥੇ ਪੂਰੇ ਇਲਾਕੇ ਵਿਚ ਦਹਿਸ਼ਤ ਦਾ ਮਾਹੌਲ  ਹੈ, ਉੱਥੇ ਹੀ ਬੰਗਾ ਟੈਕਸੀ ਸਟੈਂਡ ’ਤੇ ਵੀ ਸੋਗ ਵੇਖਣ ਨੂੰ ਮਿਲਿਆ।  ਇਸ ਕਤਲ ਨੇ ਪੁਲਸ ਪ੍ਰਣਾਲੀ ਵੱਲੋਂ ਕੀਤੇ ਸਾਰੇ ਸੁਰੱਖਿਆ ਪ੍ਰਬੰਧਾਂ ਦੀ ਪੋਲ ਖੋਲ੍ਹ ਦਿੱਤੀ ਹੈ।
 


Related News