ਹੁਣ ਧੜੱਲੇ ਨਾਲ ਕੱਟੇ ਜਾਣਗੇ ਡਿਫਾਲਟਰਾਂ ਦੇ ਬਿਜਲੀ ਕੁਨੈਕਸ਼ਨ

12/30/2019 11:26:38 AM

ਜਲੰਧਰ (ਜ. ਬ.)— ਬਿਜਲੀ ਖਪਤਕਾਰ ਨੂੰ ਰਾਹਤ ਦੇਣ ਲਈ ਪਾਵਰ ਨਿਗਮ ਵੱਲੋਂ ਵਿਆਜ/ਸਰਚਾਰਜ ਆਦਿ ਘੱਟ ਕਰਕੇ ਬਿੱਲ ਅਦਾ ਕਰਨ ਲਈ ਸ਼ੁਰੂ ਕੀਤੀ ਗਈ ਓ. ਟੀ. ਐੱਸ. (ਵਨ ਟਾਈਮ ਸੈਟਲਮੈਂਟ) ਸਕੀਮ ਖਤਮ ਹੋ ਚੁੱਕੀ ਹੈ, ਜਿਸ ਕਾਰਨ ਹੁਣ ਖਪਤਕਾਰਾਂ ਨੂੰ ਬਿਜਲੀ ਦਾ ਬਿੱਲ ਪੂਰਾ ਬਿਨਾਂ ਰਿਆਇਤ ਦੇ ਅਦਾ ਕਰਨਾ ਪਏਗਾ। ਸਕੀਮ ਖਤਮ ਹੋਣ ਦੇ ਨਾਲ ਹੀ ਪਾਵਰ ਨਿਗਮ ਵੱਲੋਂ ਡਿਫਾਲਟਰ ਬਿਜਲੀ ਕੁਨੈਕਸ਼ਨ ਧੜੱਲੇ ਨਾਲ ਕੱਟੇ ਜਾਣਗੇ, ਜਿਸ ਲਈ ਪਾਵਰ ਨਿਗਮ ਵੱਲੋਂ ਕਮਰ ਕੱਸ ਲਈ ਗਈ ਹੈ।

ਪਾਵਰ ਨਿਗਮ ਵੱਲੋਂ ਸ਼ੁਰੂ ਕੀਤੀ ਗਈ ਓ. ਟੀ. ਐੱਸ. ਸਕੀਮ ਦਾ ਫਾਇਦਾ ਵੱਡੇ ਪੱਧਰ 'ਤੇ ਖਪਤਕਾਰਾਂ ਵੱਲੋਂ ਉਠਾਇਆ ਗਿਆ ਪਰ ਵੱਡੀ ਗਿਣਤੀ 'ਚ ਡਿਫਾਲਟਰ ਖਪਤਕਾਰ ਇਸ ਸਕੀਮ ਦਾ ਫਾਇਦਾ ਨਹੀਂ ਉਠਾ ਸਕੇ। ਦੱਸਿਆ ਜਾਂਦਾ ਹੈ ਕਿ ਕਈ ਖਪਤਕਾਰ ਅਜਿਹੀ ਆਸ ਲਾਈ ਬੈਠੇ ਸਨ ਕਿ ਵਨ ਟਾਈਮ ਸੈਟਲਮੈਂਟ ਸਕੀਮ ਦੀ ਸਮਾਂ ਹੱਦ ਨੂੰ ਵਧਾਇਆ ਜਾ ਸਕਦਾ ਹੈ ਪਰ ਸਾਲ ਖਤਮ ਹੋਣ ਤੱਕ ਇਸ ਸਕੀਮ ਨੂੰ ਅੱਗੇ ਨਹੀਂ ਵਧਾਇਆ ਗਿਆ ਅਤੇ ਬੀਤੇ ਹਫਤੇ ਉਕਤ ਸਕੀਮ ਖਤਮ ਹੋ ਗਈ। ਪਾਵਰ ਨਿਗਮ ਦੇ ਅਧਿਕਾਰੀਆਂ 'ਤੇ ਰਿਕਵਰੀ ਕਰਨ ਲਈ ਪਟਿਆਲਾ ਤੋਂ ਪ੍ਰੈਸ਼ਰ ਹੈ, ਜਿਸ ਕਾਰਨ ਉਹ ਦਿਨ-ਰਾਤ ਇਕ ਕਰਕੇ ਆਪਣੇ ਟਾਰਗੈੱਟ ਨੂੰ ਪੂਰਾ ਕਰਨਗੇ। ਦੱਸਿਆ ਜਾਂਦਾ ਹੈ ਕਿ ਪਾਵਰ ਦੇ ਹੈੱਡ ਆਫਿਸ ਪਟਿਆਲਾ ਤੋਂ ਰਿਕਵਰੀ ਦੇ ਮੁੱਦੇ 'ਤੇ ਪੂਰੀ ਨਜ਼ਰ ਰੱਖੀ ਜਾ ਰਹੀ ਹੈ ਅਤੇ ਰੋਜ਼ਾਨਾ ਰਿਪੋਰਟ ਚੈੱਕ ਕੀਤੀ ਜਾਂਦੀ ਹੈ, ਅਜਿਹੇ 'ਚ ਕਾਰਵਾਈ ਹੋਣਾ ਤੈਅ ਹੈ।

ਜਿਹੜੇ ਖਪਤਕਾਰ ਵਨ ਟਾਈਮ ਸੈਟਲਮੈਂਟ ਸਕੀਮ ਦਾ ਲਾਭ ਨਹੀਂ ਉਠਾ ਸਕੇ ਉਨ੍ਹਾਂ ਕੋਲ ਕਿਸ਼ਤਾਂ ਕਰਵਾ ਕੇ ਕਾਰਵਾਈ ਤੋਂ ਬਚਣ ਦੀ ਵਿਵਸਥਾ ਹੈ। ਬਿਜਲੀ ਖਪਤਕਾਰਾਂ ਦੇ ਬਿੱਲਾਂ ਦੀਆਂ 3 ਲੜੀਆਂ 'ਚ ਕਿਸ਼ਤਾਂ ਕੀਤੀਆਂ ਜਾ ਸਕਦੀਆਂ ਹਨ। ਇਨ੍ਹਾਂ 'ਚ 3, 6 ਅਤੇ 9 ਕਿਸ਼ਤਾਂ ਹੋਣਾ ਸ਼ਾਮਲ ਹੈ। ਜਾਣਕਾਰੀ ਮੁਤਾਬਕ ਐੱਸ. ਡੀ. ਓ. ਦੇ ਕੋਲ 3 ਕਿਸ਼ਤਾਂ, ਐਕਸੀਅਨ ਕੋਲ 6 ਕਿਸ਼ਤਾਂ ਜਦਕਿ ਸੁਪਰਡੈਂਟ ਇੰਜੀਨੀਅਰ ਕੋਲ 9 ਕਿਸ਼ਤਾਂ ਕਰਨ ਦੀ ਵਿਵਸਥਾ ਹੈ। ਜੇਕਰ ਖਪਤਕਾਰ ਕਿਸ਼ਤਾਂ ਕਰਵਾਉਣ ਤੋਂ ਬਾਅਦ ਵੀ ਬਿੱਲ ਦੀ ਅਦਾਇਗੀ ਨਹੀਂ ਕਰਦਾ ਤਾਂ ਉਸ ਨੂੰ ਰੈੱਡ ਲਿਸਟ 'ਚ ਪਾ ਦਿੱਤਾ ਜਾਂਦਾ ਹੈ। ਇਸ ਤੋਂ ਬਾਅਦ ਕਿਸ਼ਤਾਂ ਕਰਵਾਉਣ ਦਾ ਬਦਲ ਬੰਦ ਵੀ ਹੋ ਸਕਦਾ ਹੈ।

ਡਿਫਾਲਟਰਾਂ 'ਤੇ ਕਾਰਵਾਈ ਲਈ ਹਦਾਇਤਾਂ ਜਾਰੀ : ਇੰਜੀ. ਬਾਂਸਲ
ਪਾਵਰ ਨਿਗਮ ਦੇ ਸੁਪਰਡੈਂਟ ਇੰਜੀਨੀਅਰ/ਡਿਪਟੀ ਚੀਫ ਇੰਜੀਨੀਅਰ ਹਰਜਿੰਦਰ ਸਿੰਘ ਬਾਂਸਲ ਦਾ ਕਹਿਣਾ ਹੈ ਕਿ ਪਾਵਰ ਨਿਗਮ ਵੱਲੋਂ ਸਮੇਂ-ਸਮੇਂ 'ਤੇ ਖਪਤਕਾਰਾਂ ਨੂੰ ਕਈ ਤਰ੍ਹਾਂ ਦੀਆਂ ਸਕੀਮਾਂ ਦਿੱਤੀਆਂ ਗਈਆਂ ਪਰ ਇਸ ਦੇ ਬਾਵਜੂਦ ਡਿਫਾਲਟਰਾਂ ਨੇ ਰਕਮ ਦੀ ਅਦਾਇਗੀ ਨਹੀਂ ਕੀਤੀ। ਇੰਜੀ. ਬਾਂਸਲ ਨੇ ਕਿਹਾ ਕਿ ਡਿਫਾਲਟਰ ਬਿਜਲੀ ਖਪਤਕਾਰਾਂ ਦੀਆਂ ਲਿਸਟਾਂ ਪਾਵਰ ਨਿਗਮ ਵੱਲੋਂ ਅਪਡੇਟ ਕਰ ਲਈਆਂ ਗਈਆਂ ਹਨ। ਇਨ੍ਹਾਂ 'ਤੇ ਕਾਰਵਾਈ ਲਈ ਅਧਿਕਾਰੀਆਂ ਨੂੰ ਹਦਾਇਤਾਂ ਵੀ ਜਾਰੀ ਕਰ ਦਿੱਤੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਬੀਤੇ ਸਮੇਂ ਦੌਰਾਨ ਹੋਈ ਕਾਰਵਾਈ 'ਚ ਕਰੋੜਾਂ ਰੁਪਏ ਦੀ ਰਿਕਵਰੀ ਹੋਈ ਹੈ, ਛੇਤੀ ਹੀ ਵੱਡੇ ਪੱਧਰ 'ਤੇ ਕੁਨੈਕਸ਼ਨ ਕੱਟ ਕੇ ਰਿਕਵਰੀ ਕਰਨਗੇ।


shivani attri

Edited By shivani attri