ਡਾਕਘਰ ਦੀ ਖਸਤਾਹਾਲ ਇਮਾਰਤ, ਡਰ ਦੇ ਮਾਹੌਲ ’ਚ ਨੇ ਕਰਮਚਾਰੀ

Monday, Sep 03, 2018 - 12:42 AM (IST)

 ਰੂਪਨਗਰ,  (ਕੈਲਾਸ਼)- ਸਥਾਨਕ ਮੁੱਖ ਡਾਕਘਰ ਦੀ ਖਸਤਾ ਹਾਲ ਇਮਾਰਤ ਜਿਥੇ ਗਾਹਕਾਂ ’ਚ ਅਸੁਰੱਖਿਆ ਦਾ ਮਾਹੌਲ ਬਣਾਈ ਰੱਖਦੀ ਹੈ, ਉਥੇ ਡਾਕਘਰ ’ਚ ਕੰਮ ਕਰਨ ਵਾਲੇ ਕਰਮਚਾਰੀ ਵੀ ਡਰ ਦੇ ਸਾਏ ਹੇਠ ਕੰਮ ਕਰਨ ਲਈ ਮਜਬੂਰ ਹਨ। ਜਾਣਕਾਰੀ ਅਨੁਸਾਰ ਡਾਕਘਰ ਦੀ ਬਿਲਡਿੰਗ ਦੇ ਪ੍ਰਵੇਸ਼ ਦੁਆਰ ’ਤੇ ਬਣਿਆ ਛੱਜਾ ਕੁਝ ਸਮਾਂ ਪਹਿਲਾਂ ਖਸਤਾਹਾਲ  ਹੋਣ ਕਾਰਨ ਅਚਾਨਕ ਡਿੱਗ ਗਿਆ ਸੀ। ਜਿਸ ’ਚ ਕੁਝ ਦੋਪਹੀਆ ਵਾਹਨ ਵੀ ਲਪੇਟ ’ਚ ਆਉਣ ਕਾਰਨ ਹਾਦਸਾਗ੍ਰਸਤ ਹੋ ਗਏ ਸੀ। ਇਸਦੇ ਇਲਾਵਾ ਡਾਕਘਰ ਦੇ ਅੰਦਰ ਖਜ਼ਾਨਾ ਕਮਰੇ ਦੇ ਨਾਲ ਵਾਲੀਅਾਂ ਦੀਵਾਰਾਂ ’ਚ ਦਰਾਡ਼ਾਂ, ਛੱਤਾਂ ਦਾ ਡਿੱਗ ਰਿਹਾ ਪਲੱਸਤਰ ਵੀ ਆਮ ਦੇਖਣ ਨੂੰ ਮਿਲਦਾ ਹੈ।
ਪੋਸਟ ਮਾਸਟਰ ਦੀ ਰਿਹਾਇਸ਼ ਵੀ ਖੰਡਰ ਹਾਲਤ ’ਚ : ਜਦੋਂ ਉਕਤ ਮਾਮਲੇ ਦੀ ਹੋਰ ਜਾਣਕਾਰੀ ਲਈ ਡਾਕਘਰ ਦਾ ਦੌਰਾ ਕੀਤਾ ਗਿਆ ਤਾਂ ਪਹਿਲੀ ਮੰਜ਼ਿਲ ’ਤੇ ਬਣੀ ਪੋਸਟ ਮਾਸਟਰ ਦੀ ਰਿਹਾਇਸ਼ ਵੀ ਦੁਰਦਸ਼ਾ ਦਾ ਸ਼ਿਕਾਰ ਸੀ। ਥਾਂ-ਥਾਂ ਤੋਂ ਟੁੱਟੀਆਂ ਦੀਵਾਰਾਂ, ਦੀਵਾਰਾਂ ਤੋਂ ਉਖਡ਼ਿਆ ਪਲੱਸਤਰ ਖੁਦ ਆਪਣੀ ਹਾਲਤ ਬਿਆਨ ਕਰ ਰਿਹਾ ਸੀ। 
ਕੀ ਕਹਿੰਦੇ ਨੇ ਪੋਸਟ ਮਾਸਟਰ : ਇਸ ਸਬੰਧੀ ਜਦੋਂ ਪੋਸਟ ਮਾਸਟਰ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਡਾਕਘਰ ਦਾ ਬਾਹਰੀ ਛੱਜਾ ਡਿੱਗਣ ਦੇ ਬਾਅਦ ਕਰਮਚਾਰੀਆਂ ’ਚ ਬਿਲਡਿੰਗ ਨੂੰ ਲੈ ਕੇ ਡਰ ਬਣਿਆ ਰਹਿੰਦਾ ਹੈ। ਉਨ੍ਹਾਂ ਦੱਸਿਆ ਕਿ ਡਾਕਘਰ ਦੀ ਬਿਲਡਿੰਗ ਦੀ ਮੁਰੰਮਤ ਨੂੰ ਲੈ ਕੇ ਕਰੀਬ ਸਾਢੇ 6 ਲੱਖ ਦਾ ਬਜਟ ਪਾਸ ਕੀਤਾ ਜਾ ਚੁੱਕਾ ਹੈ। ਉਨ੍ਹਾਂ ਦੱਸਿਆ ਕਿ ਉਕਤ ਕੰਮ ਇੰਜੀਨੀਅਰਿੰਗ ਵਿੰਗ ਦੁਆਰਾ ਸ਼ੁਰੂ ਕੀਤਾ ਜਾਣਾ ਹੈ।
 


Related News