ਪੋਸਟ ਮੈਟ੍ਰਿਕ ਸਕਾਲਰਸ਼ਿਪ ਦੇ ਮਾਮਲੇ ''ਚ ਦਲਿਤ ਵਿਦਿਆਰਥੀਆਂ ਨੇ ਘੇਰਿਆ ਪ੍ਰਸ਼ਾਸਕੀ ਕੰਪਲੈਕਸ

02/27/2020 10:15:36 AM

ਜਲੰਧਰ (ਚੋਪੜਾ)— ਪੋਸਟ ਮੈਟ੍ਰਿਕ ਸਕਾਲਰਸ਼ਿਪ ਨੂੰ ਲੈ ਕੇ ਬੀਤੇ ਦਿਨ ਵੱਖ-ਵੱਖ ਕਾਲਜਾਂ ਨਾਲ ਸਬੰਧਿਤ ਵਿਦਿਆਰਥੀਆਂ ਨੇ ਪ੍ਰਸ਼ਾਸਕੀ ਕੰਪਲੈਕਸ ਦਾ ਘਿਰਾਓ ਕਰਦਿਆਂ ਚੱਕਾ ਜਾਮ ਕੀਤਾ। ਇਸ ਦੌਰਾਨ ਵਿਦਿਆਰਥੀਆਂ ਨੇ ਮੁੱਖ ਗੇਟ ਨੂੰ ਬੰਦ ਕਰ ਦਿੱਤਾ ਅਤੇ ਸੜਕ ਵਿਚਕਾਰ ਧਰਨਾ ਲਾ ਦਿੱਤਾ। ਸੜਕ ਬੰਦ ਹੋ ਜਾਣ ਨਾਲ ਆਵਾਜਾਈ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ। ਮੌਕੇ 'ਤੇ ਪਹੁੰਚੀ ਭਾਰੀ ਪੁਲਸ ਫੋਰਸ ਨੂੰ ਧਰਨੇ ਕਾਰਨ ਰੂਟ ਬਦਲਣਾ ਪਿਆ। ਇਸ ਦੌਰਾਨ ਵਿਦਿਆਰਥੀਆਂ ਨੇ ਕੇਂਦਰ ਅਤੇ ਪੰਜਾਬ ਸਰਕਾਰ ਖਿਲਾਫ ਜ਼ਬਰਦਸਤ ਨਾਅਰੇਬਾਜ਼ੀ ਕੀਤੀ।
ਪ੍ਰਦਰਸ਼ਨਕਾਰੀਆਂ ਵਿਚ ਸ਼ਾਮਲ ਸੰਦੀਪ ਕੁਮਾਰ, ਦੀਪਕ ਕੁਮਾਰ, ਕਮਲਜੀਤ, ਸੋਮ ਪ੍ਰਕਾਸ਼, ਪ੍ਰੀਤ ਜੱਸਲ ਅਤੇ ਹੋਰਨਾਂ ਦਾ ਕਹਿਣਾ ਸੀ ਕਿ ਪੋਸਟ ਮੈਟ੍ਰਿਕ ਸਕਾਲਰਸ਼ਿਪ ਦੇ ਫੰਡ ਜਾਰੀ ਨਾ ਹੋਣ ਕਾਰਨ ਕਾਲਜ ਪ੍ਰਬੰਧਕ ਫੀਸ ਦੀ ਵਸੂਲੀ ਨੂੰ ਲੈ ਕੇ ਉਨ੍ਹਾਂ ਨਾਲ ਮਾੜਾ ਵਤੀਰਾ ਕਰ ਰਹੇ ਹਨ। ਵਿਦਿਆਰਥੀਆਂ ਨੇ ਦੱਸਿਆ ਕਿ ਉਨ੍ਹਾਂ ਦੀ ਹਾਜ਼ਰੀ ਨਹੀਂ ਲਾਈ ਜਾ ਰਹੀ, ਉਨ੍ਹਾਂ ਦੀ ਰਜਿਸਟ੍ਰੇਸ਼ਨ, ਡਿਗਰੀਆਂ ਤੇ ਰੋਲ ਨੰਬਰ ਜਾਣ ਬੁੱਝ ਕੇ ਰੋਕੇ ਜਾ ਰਹੇ ਹਨ। ਪ੍ਰਦਰਸ਼ਨਕਾਰੀਆਂ ਨੇ ਦੱਸਿਆ ਕਿ ਪਿਛਲੇ ਕਈ ਦਿਨਾਂ ਤੋਂ ਉਹ ਸਕਾਲਰਸ਼ਿਪ ਫੰਡ ਜਾਰੀ ਕਰਨ ਦੀ ਮੰਗ ਨੂੰ ਲੈ ਕੇ ਸੰਘਰਸ਼ ਕਰ ਰਹੇ ਹਨ ਪਰ ਉਨ੍ਹਾਂ ਨੂੰ ਸਿਰਫ ਲਾਰੇ ਲਾਏ ਜਾ ਰਹੇ ਹਨ। ਵਿਦਿਆਰਥੀਆਂ ਨ ੇ 5 ਘੰਟੇ ਤੱਕ ਪ੍ਰਦਰਸ਼ਨ ਜਾਰੀ ਰੱਖਿਆ।

PunjabKesari

ਏ. ਡੀ. ਸੀ. ਨੇ ਹਾਜ਼ਰੀ ਨਾ ਲਾਉਣ ਦੀ ਜਾਂਚ ਐੱਸ. ਡੀ. ਐੱਮ.-1 ਨੂੰ ਸੌਂਪੀ
1 ਹਫਤੇ ਵਿਚ ਡਿਗਰੀਆਂ ਅਤੇ ਹੋਰ ਮਾਮਲਿਆਂ ਨੂੰ ਹੱਲ ਕਰਵਾਉਣ ਦਾ ਦਿੱਤਾ ਭਰੋਸਾ

5 ਘੰਟੇ ਪ੍ਰਦਰਸ਼ਨ ਕਰਨ ਤੋਂ ਬਾਅਦ ਪ੍ਰਦਰਸ਼ਨਕਾਰੀ ਵਿਦਿਆਰਥੀਆਂ ਨੇ ਅਡੀਸ਼ਨਲ ਡਿਪਟੀ ਕਮਿਸ਼ਨਰ ਜਸਬੀਰ ਸਿੰਘ ਨਾਲ ਮੀਟਿੰਗ ਕਰਕੇ ਉਨ੍ਹਾਂ ਨੂੰ ਆਪਣੀਆਂ ਮੁਸ਼ਕਲਾਂ ਬਾਰੇ ਦੱਸਿਆ। ਏ. ਡੀ. ਸੀ. ਨੇ ਹਾਜ਼ਰੀ ਨਾ ਲਾਉਣ ਦੇ ਸਬੰਧ ਿਵਚ ਮਿਲੀਆਂ ਸ਼ਿਕਾਇਤਾਂ ਦੀ ਜਾਂਚ ਏ. ਡੀ. ਸੀ.-1 ਜੈਇੰਦਰ ਸਿੰਘ ਨੂੰ ਸੌਂਪੀ, ਹੁਣ ਜੈਇੰਦਰ ਸਿੰਘ ਸਬੰਧਿਤ ਕਾਲਜਾਂ ਦਾ ਦੌਰਾ ਕਰ ਕੇ ਉਥੋਂ ਦੇ ਹਾਜ਼ਰੀ ਰਜਿਸਟਰ ਚੈੱਕ ਕਰਨਗੇ। ਜਸਬੀਰ ਸਿੰਘ ਨੇ ਵਿਦਿਆਰਥੀਆਂ ਨੂੰ ਭਰੋਸਾ ਦਿਵਾਇਆ ਕਿ ਡਿਗਰੀਆਂ ਤੇ ਹੋਰ ਸ਼ਿਕਾਇਤਾਂ ਦਾ ਉਹ 1 ਹਫਤੇ ਵਿਚ ਹੱਲ ਕਰਵਾਉਣਗੇ। ਉਨ੍ਹਾਂ ਪੋਸਟ ਮੈਟ੍ਰਿਕ ਸਕਾਲਰਸ਼ਿਪ ਮਾਮਲੇ ਵਿਚ ਵਿਦਿਆਰਥੀਆਂ ਨੂੰ ਪ੍ਰੇਸ਼ਾਨ ਕਰਨ ਵਾਲੇ ਕਾਲਜ ਪ੍ਰਬੰਧਕਾਂ ਨੂੰ ਸਖਤ ਚਿਤਾਵਨੀ ਦਿੱਤੀ।

ਪ੍ਰਸ਼ਾਸਕੀ ਕੰਪਲੈਕਸ ਆਉਣ ਵਾਲੇ ਲੋਕਾਂ ਨੂੰ ਕਰਨਾ ਪਿਆ ਭਾਰੀ ਮੁਸ਼ਕਲਾਂ ਦਾ ਸਾਹਮਣਾ
ਪ੍ਰਸ਼ਾਸਕੀ ਕੰਪਲੈਕਸ ਦਾ ਮੁੱਖ ਗੇਟ ਬੰਦ ਕਰਨ ਤੇ ਸੜਕ 'ਤੇ ਧਰਨਾ ਲਾਉਣ ਦੇ ਕਾਰਨ ਪ੍ਰਸ਼ਾਸਕੀ ਕੰਪਲੈਕਸ ਵਿਚ ਵੱਖ-ਵੱਖ ਕੰਮ ਕਰਵਾਉਣ ਆਏ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਭਾਵੇਂ ਪੁਲਸ ਪ੍ਰਸ਼ਾਸਨ ਨੇ ਮਾਹੌਲ ਨੂੰ ਦਰੁਸਤ ਬਣਾਈ ਰੱਖਣ ਲਈ ਕਾਫੀ ਮਸ਼ੱਕਤ ਕੀਤੀ ਤੇ ਟ੍ਰੈਫਿਕ ਨੂੰ ਪੂਰੀ ਤਰ੍ਹਾਂ ਬੰਦ ਕਰੀ ਰੱਖਿਆ ਪਰ ਕੰਪਲੈਕਸ ਵਿਚ ਆਉਣ ਵਾਲੇ ਲੋਕਾਂ ਨੂੰ ਆਪਣੇ ਵਾਹਨ ਦੂਰ-ਦਰਾਜ ਖੜ੍ਹੇ ਕਰਨੇ ਪਏ ਤੇ ਕੰਪਲੈਕਸ ਦੇ ਐਂਟਰੀ ਗੇਟਾਂ ਰਾਹੀਂ ਅੰਦਰ ਜਾਣਾ ਪਿਆ। ਧਰਨੇ ਕਾਰਨ ਕੰਪਲੈਕਸ ਦੇ ਆਲੇ-ਦੁਆਲੇ ਦੀਆਂ ਸੜਕਾਂ 'ਤੇ ਆਵਾਜਾਈ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ। ਕਈ ਵਾਹਨ ਚਾਲਕ ਤਾਂ ਪੁਲਸ ਨਾਲ ਉਲਝਦੇ ਵੀ ਦਿਸੇ।


shivani attri

Content Editor

Related News