ਸਿਹਤ ਨਾਲ ਖ਼ਿਲਵਾੜ: ਫੂਡ ਸੇਫ਼ਟੀ ਵਿਭਾਗ ਦੇ ਨੱਕ ਹੇਠਾਂ ਮਹਾਨਗਰ ''ਚ ਲੋਕਾਂ ਨੂੰ ਪਰੋਸਿਆ ਜਾ ਰਿਹੈ ਘਟੀਆ ਭੋਜਨ

09/04/2023 12:04:46 PM

ਜਲੰਧਰ (ਜ.ਬ.)- ਇਕ ਪਾਸੇ ਜਿੱਥੇ ਸਰਕਾਰ ਲੋਕਾਂ ਦੀ ਸਿਹਤ ਲਈ ਹਰ ਸੰਭਵ ਯਤਨ ਕਰ ਰਹੀ ਹੈ, ਉਥੇ ਹੀ ਦੂਜੇ ਪਾਸੇ ਫੂਡ ਸੇਫ਼ਟੀ ਦੇ ਮਾਮਲੇ ’ਚ ਸਰਕਾਰ ਦੇ ਦਾਅਵੇ ਫੇਲ੍ਹ ਹੁੰਦੇ ਨਜ਼ਰ ਆ ਰਹੇ ਹਨ। ਇਸ ਗੱਲ ਦਾ ਖ਼ੁਲਾਸਾ ਉਸ ਸਮੇਂ ਹੋਇਆ ਜਦੋਂ ‘ਜਗ ਬਾਣੀ’ ਦੀ ਵਿਸ਼ੇਸ਼ ਟੀਮ ਨੇ ਮਹਾਨਗਰ ਦੇ ਵੱਖ-ਵੱਖ ਥਾਵਾਂ ’ਤੇ ਫੂਡ ਆਊਟਲੈੱਟਾਂ, ਰੇਹੜੀ-ਫੜ੍ਹੀ ਵਾਲਿਆਂ ਅਤੇ ਖੋਖਿਆਂ ’ਤੇ ਵੇਚੀਆਂ ਜਾ ਰਹੀਆਂ ਖਾਣ-ਪੀਣ ਦੀਆਂ ਵਸਤੂਆਂ ਨੂੰ ਕੈਮਰੇ ’ਚ ਕੈਦ ਕੀਤਾ। ਮਹਾਨਗਰ ’ਚ ਜਿੱਥੇ ਲੋਕਾਂ ਨੂੰ ਰੈਸਟੋਰੈਂਟਾਂ, ਹੋਟਲਾਂ ਤੇ ਰੇਹੜੀ ਆਦਿ ਤੋਂ ਖਾਣ ਲਈ ਜੋ ਮੁਹੱਈਆ ਕਰਵਾਇਆ ਜਾਂਦਾ ਹੈ ਉਕਤ ਖਾਣ-ਪੀਣ ਦੀ ਗੁਣਵੱਤਾ ਦੀ ਜਾਂਚ ਦਾ ਕੰਮ ਜ਼ਿਲਾ ਸਿਹਤ ਅਫ਼ਸਰ ਤੇ ਉਨ੍ਹਾਂ ਦੀ ਟੀਮ ’ਚ ਤਾਇਨਾਤ ਫੂਡ ਸੇਫ਼ਟੀ ਅਫ਼ਸਰਾਂ ਵੱਲੋਂ ਕੀਤਾ ਜਾਂਦਾ ਹੈ।

ਮਿਸਾਲ ਦੇ ਤੌਰ ’ਤੇ ਜੇਕਰ ਕਿਸੇ ਗੰਦਗੀ ਵਾਲੀ ਥਾਂ ’ਤੇ ਭੋਜਨ ਤਿਆਰ ਕੀਤਾ ਜਾ ਰਿਹਾ ਹੈ ਜਾਂ ਫੂਡ ਸੇਫ਼ਟੀ ਨਿਯਮਾਂ ਦੀ ਉਲੰਘਣਾ ਕੀਤੀ ਜਾ ਰਹੀ ਹੈ ਤਾਂ ਸਿਹਤ ਅਧਿਕਾਰੀ ਅਤੇ ਉਨ੍ਹਾਂ ਦੀ ਟੀਮ ਉਥੇ ਚੈਕਿੰਗ ਦੇ ਨਾਲ-ਨਾਲ ਸੈਂਪਲ ਭਰ ਸਕਦੀ ਹੈ ਅਤੇ ਗੰਦਗੀ ਸਬੰਧੀ ਚਲਾਨ ਵੀ ਕੱਟ ਸਕਦੀ ਹੈ। ‘ਜਗ ਬਾਣੀ’ ਦੀ ਟੀਮ ਨੇ ਜਦੋਂ ਮਹਾਨਗਰ ਦਾ ਦੌਰਾ ਕੀਤਾ ਤਾਂ ਸ਼ਾਇਦ ਹੀ ਕੋਈ ਅਜਿਹੀ ਥਾਂ ਹੋਵੇ ਜਿੱਥੇ ਫੂਡ ਸੇਫਟੀ ਨਿਯਮਾਂ ਦੀਆਂ ਧੱਜੀਆਂ ਨਾ ਉਡਾਈਆਂ ਜਾਂਦੀਆਂ ਹੋਣ। ਮੁੱਖ ਮਾਰਗਾਂ ’ਤੇ ਲੱਗਣ ਵਾਲੀਆਂ ਰੇਹੜੀਆਂ ਤਾਂ ਸ਼ਰੇਆਮ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਖੁੱਲ੍ਹੀ ਚੁਣੌਤੀ ਦੇ ਰਹੀਆਂ ਹਨ ਅਤੇ ਗੰਦਗੀ ਭਰੇ ਮਾਹੌਲ ’ਚ ਰੇਹੜੀਆਂ ’ਤੇ ਖਾਣ-ਪੀਣ ਦੀਆਂ ਵਸਤੂਆਂ ਤਿਆਰ ਕੀਤੀਆਂ ਜਾ ਰਹੀਆਂ ਹਨ। ਗੰਦੇ ਤੇਲ ’ਚ ਚਿਕਨ ਫਰਾਈ, ਸਮੋਸੇ, ਪਕੌੜੇ ਆਦਿ ਤਿਆਰ ਕੀਤੇ ਜਾ ਰਹੇ ਹਨ, ਜੋਕਿ ਸਿੱਧਾ ਇਸ ਦਾ ਸੇਵਨ ਕਰਨ ਵਾਲੇ ਲੋਕਾਂ ਨੂੰ ਬੀਮਾਰੀਆਂ ਨੂੰ ਸੱਦਾ ਦੇਣ ਦਾ ਕੰਮ ਕਰ ਰਹੇ ਹਨ।

PunjabKesari

ਇਹ ਵੀ ਪੜ੍ਹੋ- ਦਰਿਆ 'ਚੋਂ ਮਿਲੀ ਜਸ਼ਨਬੀਰ ਦੀ ਲਾਸ਼ ਵੇਖ ਭੁੱਬਾਂ ਮਾਰ ਰੋਇਆ ਪਿਤਾ, ਕਿਹਾ-ਨਹੀਂ ਕਰਾਂਗੇ ਸਸਕਾਰ, ਰੱਖੀ ਇਹ ਮੰਗ

ਕੁਝ ਸਾਲ ਪਹਿਲਾਂ ਡੀ.ਸੀ. ਦੇ ਹੁਕਮਾਂ ’ਤੇ ਪੁਲਸ ਨੇ ਦਰਜ ਕੀਤੇ ਸਨ ਕੇਸ
ਜ਼ਿਕਰਯੋਗ ਹੈ ਕਿ ਕੁਝ ਸਾਲ ਪਹਿਲਾਂ ਜਲੰਧਰ ਦੇ ਡੀ. ਸੀ. ਦੇ ਹੁਕਮਾਂ ’ਤੇ ਤਤਕਾਲੀਨ ਪੁਲਸ ਕਮਿਸ਼ਨਰ ਕੁੰਵਰ ਵਿਜੇ ਪ੍ਰਤਾਪ ਨੇ ਮਹਾਨਗਰ 'ਚ ਅਜਿਹੇ ਰੇਹੜੀਆਂ-ਫੜ੍ਹੀਆਂ ਵਾਲਿਆਂ ਖ਼ਿਲਾਫ਼ ਵੱਡੇ ਪੱਧਰ ’ਤੇ ਕਾਨੂੰਨੀ ਕਾਰਵਾਈ ਕੀਤੀ ਸੀ। ਦਰਅਸਲ, ਕੁਝ ਰੇਹੜੀ ਵਾਲੇ ਖਾਣਾ ਬਣਾਉਂਦੇ ਸਮੇਂ ਸਿਰ ’ਤੇ ਟੋਪੀਆਂ ਤੇ ਹੱਥਾਂ’ਵਿਚ ਦਸਤਾਨੇ ਪਹਿਨ ਕੇ ਕੰਮ ਨਹੀਂ ਕਰਦੇ ਸਨ। ਕੁੰਨਰ ਵਿਜੇ ਪ੍ਰਤਾਪ ਨੇ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਅਜਿਹੇ ਸਟ੍ਰੀਟ ਵੈਂਡਰਾਂ ਵਿਰੁੱਧ ਕਾਨੂੰਨੀ ਕਾਰਵਾਈ ਕਰਨ ਦੇ ਹੁਕਮ ਜਾਰੀ ਕੀਤੇ ਸਨ, ਜਿਸ ਤੋਂ ਬਾਅਦ ਥਾਣਾ ਪੱਧਰ ’ਤੇ ਹੀ ਕਈ ਰੇਹੜੀ ਵਾਲਿਆਂ ਖਿਲਾਫ ਧਾਰਾ 188 ਤਹਿਤ ਕਾਰਵਾਈ ਸ਼ੁਰੂ ਕਰ ਦਿੱਤੀ ਗਈ, ਜਿਸ ਦਾ ਨਤੀਜਾ ਇਹ ਨਿਕਲਿਆ ਕਿ ਸਾਰੇ ਰੇਹੜੀ ਵਾਲਿਆਂ ਨੇ ਸਿਰਾਂ 'ਤੇ ਟੋਪੀਆਂ ਅਤੇ ਹੱਥਾਂ ’ਤੇ ਦਸਤਾਨੇ ਪਹਿਨਣੇ ਸ਼ੁਰੂ ਕਰ ਦਿੱਤੇ ਸਨ।

ਜ਼ਿਆਦਾਤਰ ਰੇਹੜੀਆਂ ਵਾਲੇ ਹਨ ਫੂਡ ਹਾਈਜ਼ੀਨ ਦੇ ਨਿਯਮਾਂ ਤੋਂ ਅਣਜਾਣ
ਦੁਕਾਨਦਾਰਾਂ ਲਈ ਤਾਂ ਗਾਹਕ ਰੱਬ ਦਾ ਰੂਪ ਹੈ ਪਰ ਕੁਝ ਫਲਾਂ ਦੇ ਜੂਸ ਦੀਆਂ ਦੁਕਾਨਾਂ ਤੇ ਰੇਹੜੀਆਂ ਵਾਲਿਆਂ ਵੱਲੋਂ ਇਸ ਨੂੰ ਨਜ਼ਰਅੰਦਾਜ਼ ਕਰਦਿਆਂ ਗਲੇ-ਸੜੇ ਪੁਰਾਣੇ ਫਲਾਂ ਦਾ ਜੂਸ ਸ਼ਰੇਆਮ ਵੇਚਿਆ ਜਾ ਰਿਹਾ ਹੈ ਤੇ ਗਾਹਕਾਂ ਦੀ ਸਿਹਤ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ, ਜਦੋਂ ‘ਜਗ ਬਾਣੀ’ ਦੀ ਟੀਮ ਨੇ ਫਲਾਂ ਦੇ ਜੂਸ ਦੀਆਂ ਦੁਕਾਨਾਂ ਤੇ ਰੇਹੜੀਆਂ ਦਾ ਦੌਰਾ ਕੀਤਾ ਤਾਂ ਬਹੁਤ ਘੱਟ ਥਾਵਾਂ 'ਤੇ ਪਾਇਆ ਗਿਆ ਕਿ ਜੂਸ ਕੱਢਣ ਵਾਲੇ ਨੇ ਹੱਥ ’ਚ ਦਸਤਾਨੇ ਤੇ ਸਿਰ ’ਤੇ ਕੈਪ ਪਾਈ ਸੀ। ਕੁਝ ਦੁਕਾਨਦਾਰ ਅਤੇ ਰੇਹੜੀ ਵਾਲੇ ਪੈਸੇ ਬਚਾਉਣ ਲਈ ਟੋਪੀ ਤੇ ਦਸਤਾਨੇ ਨਹੀਂ ਖ਼ਰੀਦ ਰਹੇ ਹਨ। ਜੂਸ ਬਣਾਉਣ ਸਮੇਂ ਸਿਰ ’ਤੇ ਟੋਪੀ ਪਾਉਣ ਨਾਲ ਜੂਸ ਬਣਾਉਣ ਵਾਲੇ ਦੇ ਵਾਲ ਵੀ ਜੂਸ ’ਚ ਨਹੀਂ ਡਿੱਗਦੇ। ਉੱਥੇ ਹੀ ਜੂਸ ਦੀ ਰੇਹੜੀ ਲਾਉਣ ਵਾਲੇ ਨਾਲ ਗੱਲ ਕੀਤੀ ਗਈ ਤਾਂ ਪਤਾ ਲੱਗਾ ਕਿ ਜ਼ਿਆਦਾਤਰ ਰੇਹੜੀਆਂ ਵਾਲੇ ਫੂਡ ਹਾਈਜ਼ੀਨ ਬਾਰੇ ਕੁਝ ਵੀ ਨਹੀਂ ਜਾਣਦੇ। ਜ਼ਿਲ੍ਹਾ ਸਿਹਤ ਅਫ਼ਸਰ ਨੂੰ ਇਸ ਪਾਸੇ ਵਿਸ਼ੇਸ਼ ਧਿਆਨ ਦੇਣ ਦੀ ਲੋੜ ਹੈ ਤੇ ਅਜਿਹੇ ਰੇਹੜੀ-ਫੜ੍ਹੀ ਵਾਲਿਆਂ ਨਾਲ ਮੀਟਿੰਗ ਕਰ ਕੇ ਉਨ੍ਹਾਂ ਨੂੰ ਵੀ ਜਾਗਰੂਕ ਕੀਤਾ ਜਾਵੇ।

ਇਹ ਵੀ ਪੜ੍ਹੋ- ਜਲੰਧਰ 'ਚ 7 ਸਾਲਾ ਬੱਚੇ ਨੂੰ 100 ਮੀਟਰ ਤੱਕ ਘੜੀਸਦੀ ਲੈ ਗਈ 'ਥਾਰ', ਪਿਓ ਦੀਆਂ ਅੱਖਾਂ ਸਾਹਮਣੇ ਤੜਫ਼-ਤੜਫ਼ ਕੇ ਨਿਕਲੀ ਜਾਨ

PunjabKesari

ਖ਼ਰਾਬ ਭੋਜਨ ਖਾਣ ਕਾਰਨ ਸਿਵਲ ਹਸਪਤਾਲ ’ਚ ਵਧੀ ਬੀਮਾਰਾਂ ਦੀ ਗਿਣਤੀ: ਡਾ. ਈਸ਼ੂ ਸਿੰਘ
ਸਿਵਲ ਹਸਪਤਾਲ ’ਚ ਤਾਇਨਾਤ ਮੈਡੀਕਲ ਸਪੈਸ਼ਲਿਸਟ ਡਾ. ਈਸ਼ੂ ਸਿੰਘ ਦਾ ਕਹਿਣਾ ਹੈ ਕਿ ਇਨ੍ਹਾਂ ਦਿਨਾਂ ’ਚ ਬਹੁਤ ਸਾਰੇ ਮਰੀਜ਼ ਹਸਪਤਾਲ ’ਚ ਆ ਰਹੇ ਹਨਸ ਜਿਨ੍ਹਾਂ ਨੂੰ ਦਸਤ, ਉਲਟੀਆਂ, ਐਸਿਡ, ਪੀਲੀਆ, ਟਾਈਫਾਈਡ ਆਦਿ ਦੀਆਂ ਸ਼ਿਕਾਇਤਾਂ ਹਨ। ਦਰਅਸਲ ਇਨ੍ਹਾਂ ਦਿਨਾਂ ਦੌਰਾਨ ਬਾਹਰ ਦਾ ਖਾਣਾ ਖਾਣ ਤੋਂ ਪ੍ਰਹੇਜ਼ ਕਰਨਾ ਚਾਹੀਦਾ ਹੈ। ਖਾਸ ਕਰ ਕੇ ਰੇਹੜੀ ਆਦਿ ਤੋਂ ਭੋਜਨ ਕਰਨ ਤੋਂ ਪ੍ਰਹੇਜ਼ ਕਰਨਾ ਚਾਹੀਦਾ ਹੈ, ਕਿਉਂਕਿ ਖਾਣ-ਪੀਣ ਦੀਆਂ ਵਸਤੂਆਂ ਬਣਾਉਣ ਦੌਰਾਨ ਸਾਫ਼-ਸਫ਼ਾਈ ਠੀਕ ਨਾ ਹੋਣ ਕਾਰਨ ਲੋਕ ਬੀਮਾਰ ਹੋ ਰਹੇ ਹਨ।
ਰੇਹੜੀਆਂ ਕੋਲ ਮੱਛਰ-ਮੱਖੀਆਂ ਆਦਿ ਵੀ ਭਿੰਨਭਿਨਾਉਣ ਦੇ ਨਾਲ-ਨਾਲ ਖਾਣ-ਪੀਣ ਵਾਲੀਆਂ ਵਸਤੂਆਂ ’ਤੇ ਬੈਠੀਆਂ ਦੇਖੀਆਂ ਜਾ ਸਕਦੀਆਂ ਹਨ। ਖਾਣ-ਪੀਣ ਵਾਲੀਆਂ ਵਸਤਾਂ ਨੂੰ ਗੰਦੇ ਤੇ ਖਰਾਬ ਤੇਲ ’ਚ ਫ੍ਰਾਈ ਕਰਨਾ ਵੀ ਗਲਤ ਹੈ। ਡਾ. ਈਸ਼ੂ ਸਿੰਘ ਨੇ ਦੱਸਿਆ ਕਿ ਬੀਮਾਰੀ ਦੀ ਹਾਲਤ ’ਚ ਲੋਕ ਤੁਰੰਤ ਇਲਾਜ ਲਈ ਸਿਵਲ ਹਸਪਤਾਲ ਆਉਂਦੇ ਹਨ, ਕਿਉਂਕਿ ਮਾਹਿਰ ਡਾਕਟਰਾਂ ਦੀ ਟੀਮ ਦੇ ਨਾਲ-ਨਾਲ ਹਸਪਤਾਲ ’ਚ ਮਰੀਜ਼ਾਂ ਦੇ ਹਰ ਤਰ੍ਹਾਂ ਦੇ ਟੈਸਟ ਵੀ ਕੀਤੇ ਜਾਂਦੇ ਹਨ। ਅੰਕੜਿਆਂ ਮੁਤਾਬਕ ਰੋਜ਼ਾਨਾ 40 ਫ਼ੀਸਦੀ ਅਜਿਹੇ ਮਰੀਜ਼ ਹਸਪਤਾਲ ’ਚ ਆ ਰਹੇ ਹਨ।

PunjabKesari

ਡੀ. ਸੀ. ਸਾਹਿਬ! ਕਿਰਪਾ ਕਰ ਕੇ ਇਸ ਪਾਸੇ ਵੀ ਦਿਓ ਧਿਆਨ
ਡੀ. ਸੀ. ਸਾਹਿਬ ਨੂੰ ਖਾਣਾ ਬਣਾਉਂਦੇ ਸਮੇਂ ਤੇ ਗਾਹਕਾਂ ਨੂੰ ਸਾਮਾਨ ਦੇਣ ਸਮੇਂ ਸਿਰ ’ਤੇ ਟੋਪੀ ਅਤੇ ਹੱਥਾਂ ’ਤੇ ਦਸਤਾਨੇ ਨਾ ਪਾਉਣ ਦੇ ਮੁੱਦੇ ਵੱਲ ਧਿਆਨ ਦੇਣ ਦੀ ਲੋੜ ਹੈ। ਥਾਣਾ ਸਦਰ ’ਚ ਤਾਇਨਾਤ ਇਕ ਪੁਲੀਸ ਜਵਾਨ ਨੇ ਦੱਸਿਆ ਕਿ ਡੀ.ਸੀ. ਸਾਹਿਬ ਦੇ ਹੁਕਮਾਂ ਤੋਂ ਬਾਅਦ ਹੀ ਪੁਲਸ ਨਿਯਮਾਂ ਦੀ ਪਾਲਣਾ ਨਾ ਕਰਨ ਵਾਲੇ ਰੇਹੜੀ ਵਾਲਿਆਂ ਖ਼ਿਲਾਫ਼ ਆਈ.ਪੀ.ਸੀ. ਦੀ ਧਾਰਾ 188 ਤਹਿਤ ਕੇਸ ਦਰਜ ਕੀਤਾ ਸੀ। ਇਸ ਤੋਂ ਇਲਾਵਾ ਮਹਾਨਗਰ ਦੇ ਜ਼ਿਆਦਾਤਰ ਰੇਹੜੀ-ਫੜ੍ਹੀ ਵਾਲਿਆਂ ਨੇ ਸਿਹਤ ਵਿਭਾਗ ਤੋਂ ਲਾਇਸੈਂਸ ਵੀ ਨਹੀਂ ਲਿਆ ਹੋਇਆ ਹੈ। ਨਿਯਮਾਂ ਅਨੁਸਾਰ ਉਕਤ ਲਾਇਸੈਂਸ ਜ਼ਿਲ੍ਹਾ ਸਿਹਤ ਅਫ਼ਸਰ ਦੀ ਅਗਵਾਈ ਹੇਠ ਕੰਮ ਕਰ ਰਹੇ ਫੂਡ ਸੇਫ਼ਟੀ ਅਫ਼ਸਰ ਤੋਂ ਬਹੁਤ ਘੱਟ ਦਰਾਂ ’ਤੇ ਪ੍ਰਾਪਤ ਕਰਨਾ ਹੁੰਦਾ ਹੈ। ਹੁਣ ਜਦੋਂ ਵਿਭਾਗ ਕੋਲ ਲਾਇਸੈਂਸ ਧਾਰਕਾਂ ਦੀ ਸੂਚੀ ਹੀ ਨਹੀਂ ਹੈ ਤਾਂ ਵਿਭਾਗ ਉਨ੍ਹਾਂ ਦੀ ਜਾਂਚ ਕਿਵੇਂ ਕਰੇਗਾ? ਰੇਹੜੀ-ਫੜ੍ਹੀ ਵਾਲਿਆਂ ਨੂੰ ਲਾਇਸੈਂਸ ਦੇਣ ਸਮੇਂ ਸਰਕਾਰੀ ਖ਼ਜ਼ਾਨੇ ’ਚ ਪੈਸੇ ਵੀ ਜਮ੍ਹਾ ਕਰਵਾਏ ਜਾਣਗੇ, ਜਿਸ ਨਾਲ ਸਰਕਾਰ ਦਾ ਖਜ਼ਾਨਾ ਹੋਰ ਭਰੇਗਾ। ਇਸ ਦੇ ਨਾਲ ਹੀ ਖਾਣ-ਪੀਣ ਦਾ ਸਮਾਨ ਬਣਾਉਣ ਵਾਲਿਆਂ ਨੂੰ ਵੀ ਹਰ 6 ਮਹੀਨੇ ਬਾਅਦ ਸਿਵਲ ਹਸਪਤਾਲ ਤੋਂ ਆਪਣਾ ਮੈਡੀਕਲ ਕਰਵਾਉਣਾ ਲਾਜ਼ਮੀ ਹੈ ਤਾਂ ਜੋ ਲੋਕਾਂ ਦੀ ਸਿਹਤ ਬਰਕਰਾਰ ਰਹੇ। ਉਦਾਹਰਣ ਵਜੋਂ ਜੇਕਰ ਕੋਈ ਦੁਕਾਨਦਾਰ ਜਾਂ ਰੇਹੜੀ ਵਾਲਾ ਖੁਦ ਬਿਮਾਰ ਹੁੰਦਾ ਹੈ ਤਾਂ ਉਸ ਵੱਲੋਂ ਤਿਆਰ ਕੀਤੇ ਭੋਜਨ ਵਿਚਲੇ ਬੈਕਟੀਰੀਆ ਭੋਜਨ ਖਾਣ ਵਾਲੇ ਵਿਅਕਤੀ ਦੇ ਮੂੰਹ ’ਚ ਚਲੇ ਜਾਂਦੇ ਹਨ। ਨਤੀਜੇ ਵਜੋਂ ਭੋਜਨ ਖਾਣ ਵਾਲਾ ਵਿਅਕਤੀ ਵੀ ਬੀਮਾਰ ਹੋ ਜਾਂਦਾ ਹੈ।

ਇਹ ਵੀ ਪੜ੍ਹੋ- ਦੋ ਭਰਾਵਾਂ ਵੱਲੋਂ ਬਿਆਸ ਦਰਿਆ 'ਚ ਛਾਲ ਮਾਰਨ ਦੇ ਮਾਮਲੇ 'ਚ ਘਿਰੇ SHO ਖ਼ਿਲਾਫ਼ ਪੁਲਸ ਦੀ ਵੱਡੀ ਕਾਰਵਾਈ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- 
 https://play.google.com/store/apps/details?id=com.jagbani&hl=en&pli=1

For IOS:- 
https://apps.apple.com/in/app/id538323711

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ


shivani attri

Content Editor

Related News